ਆਨੰਦਪੁਰ ਸਾਹਿਬ ਵਾਸੀਆਂ ਨੂੰ ਦੇਵਾਂਗੇ ਸੈਨਿਕ ਸਕੂਲ ਦੀ ਸੌਗਾਤ: ਚੰਦੂਮਾਜਰਾ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 17 ਮਈ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਇਲਾਕੇ ਦੇ ਕਾਂਗਰਸ ਪੱਖੀ ਦਰਜਨਾਂ ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਚੰਦੂਮਾਜਰਾ ਨੇ ਮੁਹਾਲੀ ਦੇ ਸੈਕਟਰ-54, ਸੈਕਟਰ-61, ਸੈਕਟਰ-80 ਸਣੇ ਪਿੰਡ ਮਟੌਰ, ਮੌਲੀ ਬੈਦਵਾਨ ਅਤੇ ਮੋਟੇਮਾਜਰਾ ਵਿੱਚ ਚੋਣਾਂ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਪਿਛਲੀ ਅਕਾਲੀ ਸਰਕਾਰ ਦੀ ਬਹੁਤ ਵੱਡੀ ਦੇਣ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਵਸਨੀਕਾਂ ਨੂੰ ਸੈਨਿਕ ਸਕੂਲ ਦੀ ਸੌਗਾਤ ਦਿੱਤੀ ਜਾਵੇਗੀ। ਦੇਸ਼ ਵਿੱਚ ਕੁੱਲ 33 ਸੈਨਿਕ ਸਕੂਲ ਹਨ, ਜਿਨ੍ਹਾਂ ਵਿੱਚ ਹੁਣ ਸ੍ਰੀ ਆਨੰਦਪੁਰ ਸਾਹਿਬ ਦਾ ਨਾਮ ਵੀ ਸ਼ੁਮਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਤੇ ਪੰਥਕ ਹਲਕੇ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਫੇਜ਼-7 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਅਤੇ ਸਰਬਜੀਤ ਸਿੰਘ ਪਾਰਸ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸ ਪੱਖੀ ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ’ਚ ਨਰਿੰਦਰ ਸਿੰਘ, ਲਕਸ਼ਮੀ, ਸ਼ੇਰ ਸਿੰਘ, ਬੌਬੀ, ਦਰਸ਼ਨ ਸਿੰਘ, ਅਜੀਤ ਸਿੰਘ, ਸੂਰਜ ਸ਼ਰਮਾ, ਗੁਰਜੀਤ ਸਿੰਘ, ਸਰਬਜੀਤ ਸਿੰਘ, ਬਾਵਾ, ਬਲਜੀਤ ਕੌਰ, ਕ੍ਰਿਸ਼ਨਪਾਲ, ਕਰਮ ਸਿੰਘ, ਜਸਵੀਰ ਸਿੰਘ ਸ਼ਾਮਲ ਹਨ।