ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਵਾਂਗੇ: ਹੁੱਡਾ
ਜਗਤਾਰ ਸਮਾਲਸਰ
ਏਲਨਾਬਾਦ, 3 ਅਕਤੂਬਰ
ਇੱਥੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਅੱਜ ਆਖਰੀ ਦਿਨ ਇੱਥੋਂ ਦੀ ਅਨਾਜ ਮੰਡੀ ਵਿੱਚ ਕਾਂਗਰਸ ਉਮੀਦਵਾਰ ਭਰਤ ਸਿੰਘ ਬੈਨੀਵਾਲ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਰੋਹਤਕ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਵਿੱਚ ਜਨਤਾ ਨੇ ਪੂਰੀ ਤਰ੍ਹਾਂ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਰ ਬਣਨ ’ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਹਰਿਆਣਾ ਦੇ ਕਿਸਾਨ ਪਰਿਵਾਰਾਂ ਨੂੰ ਇੱਕ-ਇੱਕ ਨੌਕਰੀ ਦਿੱਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ 6 ਹਜ਼ਾਰ ਰੁਪਏ, 300 ਯੂਨਿਟ ਬਿਜਲੀ ਮੁਫ਼ਤ, ਚਿਰੰਜੀਵੀ ਯੋਜਨਾ ਤਹਿਤ 25 ਲੱਖ ਤੱਕ ਦੇ ਇਲਾਜ ਦੀ ਸਹੂਲਤ, ਇੰਦਰਾ ਗਾਂਧੀ ਆਵਾਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ 100-100 ਗਜ਼ ਦੇ ਪਲਾਟ ਅਤੇ ਮਕਾਨ ਬਣਾਉਣ ਲਈ 3.50 ਲੱਖ ਰੁਪਏ ਦੀ ਆਰਥਿਕ ਸਹਾਇਤਾ, ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ 2 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਲੋਕ ਇਨੈਲੋ, ਜਜਪਾ ਅਤੇ ਹਲੋਪਾ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਪਾਰਟੀਆਂ ਭਾਜਪਾ ਦੀਆਂ ਬੀ ਟੀਮਾਂ ਹਨ, ਜੋ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਰੋਕਣ ਲਈ ਅੰਦਰੂਨੀ ਤੌਰ ’ਤੇ ਇੱਕਜੁਟ ਹਨ। ਹੁੱਡਾ ਨੇ ਕਿਹਾ ਕਿ ਭਾਜਪਾ ਦੇ ਇੱਕ ਮੰਤਰੀ ਨੇ ਅੱਜ ਦੇ ਦਿਨ ਹੀ ਲਖੀਮਪੁਰ ਖੀਰੀ ਵਿੱਚ ਆਪਣੀ ਗੱਡੀ ਹੇਠ ਕਿਸਾਨਾਂ ਨੂੰ ਦਰੜਿਆ ਸੀ। ਉਸ ਕਾਂਡ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੀਪੇੇਂਦਰ ਹੁੱਡਾ ਨੇ ਕਿਹਾ ਕਿ ਭਾਜਪਾ ਨੇ ਹਰਿਆਣਾ ਨੂੰ ਵਿਕਾਸ ਦੀ ਪਟੜੀ ਤੋਂ ਥੱਲੇ ਲਾਹ ਦਿੱਤਾ ਹੈ, ਜਿਸ ਕਾਰਨ ਅੱਜ ਹਰਿਆਣਾ ਬੇਰੁਜ਼ਗਾਰੀ, ਨਸ਼ੇ ਅਤੇ ਡਕੈਤੀ ਵਰਗੀਆਂ ਘਟਨਾਵਾਂ ਪੱਖੋਂ ਦੇਸ਼ ਦਾ ਇੱਕ ਨੰਬਰ ਸੂਬਾ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਅੰਬੇਡਕਰ ਦੇ ਸੰਵਿਧਾਨ ਨੂੰ ਕੁਚਲਣ ਦਾ ਕੰਮ ਕੀਤਾ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਬੈਠੇ 750 ਕਿਸਾਨਾਂ ਦੀ ਸ਼ਹਾਦਤ ਲੈ ਲਈ ਹੈ। ਇਸ ਮੌਕੇ ਨੌਹਰ ਦੇ ਵਿਧਾਇਕ ਅਮਿਤ ਚਾਚਾਨ, ਸੰਗਰੀਆ ਦੇ ਵਿਧਾਇਕ ਅਭਿਮੰਨਿਊ ਪੂਨੀਆ, ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ, ਹਰਿਆਣਾ ਮਹਿਲਾ ਕਾਂਗਰਸ ਦੀ ਮਹਾਂ-ਸਕੱਤਰ ਸੰਤੋਸ਼ ਬੈਨੀਵਾਲ, ਸੁਮਿਤ ਬੈਨੀਵਾਲ, ਵਿਕਰਮ ਸਿੰਘ ਮੋਫ਼ਰ ਹਾਜ਼ਰ ਸਨ।