ਘੱਟਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ: ਯੂਨਸ
* ਹੱਕਾਂ ਦੀ ਰਾਖੀ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ
ਢਾਕਾ, 13 ਅਗਸਤ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਅੱਜ ਇਥੇ ਪ੍ਰਸਿੱਧ ਧਾਕੇਸ਼ਵਰੀ ਮੰਦਿਰ ਵਿਚ ਘੱਟਗਿਣਤੀ ਹਿੰਦੂ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਫ਼ਿਕਰਮੰਦ ਨਜ਼ਰ ਆਏ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਸਰਕਾਰ ਦੀ ਭੂਮਿਕਾ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ‘ਸੰਜਮ ਨਾਲ ਕੰਮ’ ਲੈਣ। ਪਿਛਲੇ ਹਫ਼ਤੇ ਮੁੱਖ ਸਲਾਹਕਾਰ ਵਜੋਂ ਅੰਤਰਿਮ ਸਰਕਾਰ ਦੀ ਕਮਾਨ ਸੰਭਾਲਣ ਵਾਲੇ ਯੂਨਸ ਨੇ ਕਿਹਾ ਕਿ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਅੱਜ ਜਿਸ ਧਰਮ ਸੰਕਟ ਵਿਚ ਘਿਰਿਆ ਹੈ, ਉਸ ਲਈ ‘ਸੰਸਥਾਗਤ ਪਤਨ’ ਜ਼ਿੰਮੇਵਾਰ ਹੈ। ਯੂਨਸ ਤੇ ਘੱਟਗਿਣਤੀ ਹਿੰਦੂ ਭਾਈਚਾਰੇ ਦਰਮਿਆਨ ਬੈਠਕ ਅਜਿਹੇ ਮੌਕੇ ਹੋਈ ਹੈ, ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ 5 ਅਗਸਤ ਨੂੰ ਦੇਸ਼ ਛੱਡਣ ਮਗਰੋਂ ਹਿੰਸਕ ਹਜੂਮ ਵੱਲੋਂ ਬੰਗਲਾਦੇਸ਼ ਵਿਚ ਰਹਿੰਦੇ ਹਿੰਦੂਆਂ ਦੇ ਘਰਾਂ, ਕਾਰੋਬਾਰਾਂ ਤੇ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਹਿੰਦੂ ਮੰਦਿਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਧਾਕੇਸ਼ਵਰੀ ਮੰਦਿਰ ਉੱਘੇ ਸ਼ਕਤੀ ਪੀਠਾਂ ਵਿਚੋਂ ਇਕ ਹੈ।
‘ਦਿ ਡੇਲੀ ਸਟਾਰ’ ਅਖ਼ਬਾਰ ਨੇ ਯੂਨਸ ਦੇ ਹਵਾਲੇ ਨਾਲ ਕਿਹਾ, ‘‘ ਸਾਡੇ ਸਾਰਿਆਂ ਦੇ ਬਰਾਬਰ ਦੇ ਅਧਿਕਾਰ ਹਨ। ਅਸੀਂ ਇਕ ਦੂਜੇ ਨਾਲੋਂ ਵੱਖਰੇਵਾਂ ਨਹੀਂ ਕਰਦੇ। ਕ੍ਰਿਪਾ ਕਰਕੇ ਸਾਡਾ ਸਾਥ ਦਿਓ। ਠਰ੍ਹੰਮੇ ਨਾਲ ਕੰਮ ਲਵੋ ਤੇ ਮਗਰੋਂ ਇਹ ਫੈਸਲਾ ਕਰਨਾ ਕਿ ਅਸੀਂ ਕੀ ਕਰ ਸਕਦੇ ਹਾਂ ਕੀ ਨਹੀਂ। ਜੇ ਅਸੀਂ ਨਾਕਾਮ ਰਹੇ, ਫਿਰ ਸਾਡੀ ਨੁਕਤਾਚੀਨੀ ਕਰਨਾ।’’ ਧਾਕੇਸ਼ਵਰੀ ਮੰਦਰ ਪੁੱਜਣ ’ਤੇ ਬੰਗਲਾਦੇਸ਼ ਪੂਜਾ ਉਦਿਆਪਨ ਪ੍ਰੀਸ਼ਦ ਦੇ ਆਗੂਆਂ ਤੇ ਮਹਾਨਗਰ ਸਰਬਜਨਨ ਪੂਜਾ ਕਮੇਟੀ ਨੇ ਯੂਨਸ ਦਾ ਫੁੱਲ-ਮਾਲਾਵਾਂ ਨਾਲ ਸਵਾਗਤ ਕੀਤਾ। ਯੂਨਸ ਨਾਲ ਇਸ ਮੌਕੇ ਕਾਨੂੰਨੀ ਸਲਾਹਕਾਰ ਆਸਿਫ਼ ਨਜ਼ਰੁਲ ਤੇ ਧਾਰਮਿਕ ਮਾਮਲਿਆਂ ਬਾਰੇ ਸਲਾਹਕਾਰ ਏਐੱਫਐੱਮ ਖਾਲਿਦ ਹੁਸੈਨ ਮੌਜੂਦ ਸਨ।
ਯੂਨਸ ਨੇ ਕਿਹਾ, ‘‘ਸਾਡੀਆਂ ਜਮਹੂਰੀ ਖਾਹਿਸ਼ਾਂ ਵਿਚ ਸਾਨੂੰ ਮੁਸਲਿਮ, ਹਿੰਦੂ ਜਾਂ ਬੋਧੀ ਵਜੋਂ ਨਹੀਂ ਬਲਕਿ ਮਨੁੱਖਾਂ ਵਜੋਂ ਦੇਖਿਆ ਜਾਵੇ। ਸਾਡੇ ਹੱਕ ਸੁਰੱਖਿਅਤ ਹੋਣੇ ਚਾਹੀਦੇ ਹਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਸੰਸਥਾਗਤ ਪ੍ਰਬੰਧਾਂ ਦਾ ਪਤਨ ਹੈ। ਇਹੀ ਵਜ੍ਹਾ ਹੈ ਕਿ ਅਜਿਹੇ ਮੁੱਦੇ ਉੱਭਰ ਰਹੇ ਹਨ। ਸੰਸਥਾਗਤ ਪ੍ਰਬੰਧਾਂ ਨੂੰ ਠੀਕ ਕਰਨ ਦੀ ਲੋੜ ਹੈ।’’ ਇਸ ਤੋਂ ਪਹਿਲਾਂ ਘੱਟਗਿਣਤੀ ਹਿੰਦੂ ਭਾਈਚਾਰੇ ਦੇ ਹਜ਼ਾਰਾਂ ਮੈਂਬਰਾਂ ਨੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਰਾਜਧਾਨੀ ਢਾਕਾ ਵਿਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਤੇ ਰੈਲੀਆਂ ਕਰਦਿਆਂ ਸੁਰੱਖਿਆ ਦੀ ਮੰਗ ਕੀਤੀ ਸੀ। ਹਿੰਦੂ ਮੁਜ਼ਾਹਰਾਕਾਰੀਆਂ ਨੇ ਢਾਕਾ ਦੇ ਕੇਂਦਰੀ ਹਿੱਸੇ ਸ਼ਾਹਬਾਗ ਵਿਚ ਤਿੰਨ ਘੰਟੇ ਤੋਂ ਵੱਧ ਸਮਾਂ ਟਰੈਫਿਕ ਵੀ ਜਾਮ ਕੀਤਾ। ਮੁਜ਼ਾਹਰਾਕਾਰੀਆਂ ਨੇ ਘੱਟਗਿਣਤੀਆਂ ਨੂੰ ਸੰਸਦ ਵਿਚ 10 ਸੀਟਾਂ ਦੇਣ ਤੇ ਘੱਟਗਿਣਤੀਆਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। -ਪੀਟੀਆਈ
ਸ਼ੇਖ ਹਸੀਨਾ ਤੇ ਛੇ ਹੋਰਨਾਂ ਖਿਲਾਫ਼ ਕਤਲ ਦਾ ਕੇਸ ਦਰਜ
ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਛੇ ਹੋਰਨਾਂ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਕਰਿਆਨੇ ਦੀ ਦੁਕਾਨ ਕਰਦੇ ਅਬੂ ਸੱਯਦ ਦੀ 19 ਜੁਲਾਈ ਨੂੰ ਮੁਜ਼ਾਹਰਾਕਾਰੀਆਂ ਤੇ ਪੁਲੀਸ ਦਰਮਿਆਨ ਹੋਈ ਝੜਪ ਵਿਚ ਪੁਲੀਸ ਫਾਇਰਿੰਗ ’ਚ ਮੌਤ ਹੋ ਗਈ ਸੀ। ਕੇਸ ਸੱਯਦ ਦੇ ਇਕ ਸ਼ੁਭਚਿੰਤਕ ਵੱਲੋਂ ਦਰਜ ਕਰਵਾਇਆ ਗਿਆ ਹੈ। ਹੋਰਨਾਂ ਮੁਲਜ਼ਮਾਂ ਵਿਚ ਅਵਾਮੀ ਲੀਗ ਦੇ ਜਨਰਲ ਸਕੱਤਰ ਉਬੈਦੁਲ ਕਾਦਰ, ਸਾਬਕਾ ਗ੍ਰਹਿ ਮੰਤਰੀ ਅਸਦੂਜ਼ਮਾਨ ਖ਼ਾਨ ਕਮਾਲ ਤੇ ਸਾਬਕਾ ਆਈਜੀਪੀ ਚੌਧਰੀ ਅਬਦੁੱਲ੍ਹਾ ਅਲ ਮਾਮੂਨ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਸਿਖਰਲੇ ਪੁਲੀਸ ਅਧਿਕਾਰੀਆਂ ਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਹੈ। -ਪੀਟੀਆਈ
ਹੱਤਿਆਵਾਂ ਤੇ ਤਬਾਹੀ ’ਚ ਸ਼ਾਮਲ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ: ਹਸੀਨਾ
ਢਾਕਾ:
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਤਖ਼ਤਾ ਪਲਟ ਮਗਰੋਂ ਆਪਣੇ ਪਹਿਲੇ ਬਿਆਨ ਵਿਚ ਕਿਹਾ ਕਿ ਜੁਲਾਈ ਮਹੀਨੇ ਹੋਈਆਂ ਹੱਤਿਆਵਾਂ ਤੇ ਤਬਾਹੀ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਹਸੀਨਾ ਨੇ ਆਪਣੇ ਪੁੱਤਰ ਸਾਜਿਬ ਵਾਜ਼ਿਦ ਜੋਏ ਰਾਹੀਂ ਭੇਜੇ ਸੁਨੇਹੇ ਵਿਚ ਇਹ ਮੰਗ ਕੀਤੀ ਹੈ। ਹਸੀਨਾ ਨੂੰ ਤਖ਼ਤਾ ਪਲਟ ਮਗਰੋਂ ਦੇਸ਼ ਛੱਡਣਾ ਪਿਆ ਸੀ। -ਰਾਇਟਰਜ਼
ਆਰਐੱਸਐੱਸ ਨਾਲ ਸਬੰਧਤ ਜਥੇਬੰਦੀ ਵੱਲੋਂ ਸੰਯੁਕਤ ਰਾਸ਼ਟਰ ਨੂੰ ਅਪੀਲ
ਨਵੀਂ ਦਿੱਲੀ/ਢਾਕਾ:
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨਾਲ ਸਬੰਧਤ ਜਥੇਬੰਦੀ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਹਕਾਂ ਬਾਰੇ ਕੌਂਸਲ ਨੂੰ ਅਪੀਲ ਕੀਤੀ ਹੈ ਕਿ ਉਹ ਹਿੰਸਾ ਦੇ ਝੰਬੇ ਬੰਗਲਾਦੇਸ਼ ਵਿਚ ਹਿੰਦੂਆਂ ਤੇ ਹੋਰਨਾਂ ਘੱਟਗਿਣਤੀਆਂ ਖਿਲਾਫ਼ ਕਥਿਤ ਹਮਲਿਆਂ ਦੀਆਂ ਘਟਨਾਵਾਂ ਦੀ ਜਾਂਚ ਲਈ ਤੱਥ ਇਕੱਤਰ ਕਰਨ ਵਾਸਤੇ ਉਥੇ ਮਿਸ਼ਨ ਤਾਇਨਾਤ ਕਰੇ। ‘ਪ੍ਰਜਨਾ ਪ੍ਰਵਾਹ’ ਨਾਂ ਦੀ ਹਿੰਦੂ ਸੱਜੇਪੱਖੀ ਜਥੇਬੰਦੀ ਨੇ ਲੋਕਾਂ ਦੀ ਹਮਾਇਤ ਲਈ ਆਪਣੀ ਅਪੀਲ ਦੇ ਖਰੜੇ ਦਾ ਆਨਲਾਈਨ ਲਿੰਕ ਵੀ ਜਾਰੀ ਕੀਤਾ ਹੈ। ਬੰਗਲਾਦੇਸ਼ ਨੈਸ਼ਨਲ ਹਿੰਦੂ ਗਰੈਂਡ ਅਲਾਇੰਸ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਸ਼ੇਖ਼ ਹਸੀਨਾ ਸਰਕਾਰ ਦੇ ਤਖ਼ਤਾ ਪਲਟ ਮਗਰੋਂ 48 ਜ਼ਿਲ੍ਹਿਆਂ ਵਿਚ 278 ਟਿਕਾਣਿਆਂ ’ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਹਮਲਿਆਂ ਤੇ ਹੋਰ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ