For the best experience, open
https://m.punjabitribuneonline.com
on your mobile browser.
Advertisement

ਸੱਤਾ ’ਚ ਆਉਣ ’ਤੇ ਅਗਨੀਪਥ ਯੋਜਨਾ ਖਤਮ ਕਰਾਂਗੇ: ਖੜਗੇ

07:14 AM Feb 27, 2024 IST
ਸੱਤਾ ’ਚ ਆਉਣ ’ਤੇ ਅਗਨੀਪਥ ਯੋਜਨਾ ਖਤਮ ਕਰਾਂਗੇ  ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਨੰਤਪੁਰ ’ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਏਐਨਆਈ
Advertisement

ਨਵੀਂ ਦਿੱਲੀ/ਅਨੰਤਪੁਰ (ਆਂਧਰਾ), 26 ਫਰਵਰੀ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਅਗਨੀਪਥ’ ਫ਼ੌਜੀ ਭਰਤੀ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਨੌਜਵਾਨਾਂ ਨਾਲ ਬੇਇਨਸਾਫ਼ੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਪਾਰਟੀ ਕੇਂਦਰ ’ਚ ਸਰਕਾਰ ਬਣਾਉਂਦੀ ਹੈ ਤਾਂ ਪੁਰਾਣੀ ਭਰਤੀ ਪ੍ਰਣਾਲੀ ਵਾਪਸ ਲਿਆਂਦੀ ਜਾਵੇਗੀ। ਵਿਰੋਧੀ ਧਿਰ ਨੇ ਮੰਗ ਕੀਤੀ ਕਿ ਲਗਭਗ ਦੋ ਲੱਖ ਨੌਜਵਾਨਾਂ ਨੂੰ ਨਿਯੁਕਤ ਕੀਤਾ ਜਾਵੇ, ਜਿਨ੍ਹਾਂ ਨੇ ਭਰਤੀ ਪ੍ਰਕਿਰਿਆ ਪਾਸ ਕਰ ਲਈ ਸੀ ਪਰ ਉਨ੍ਹਾਂ ਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ ਕਿਉਂਕਿ ‘ਅਗਨੀਪਥ’ ਯੋਜਨਾ 2022 ਵਿੱਚ ਸ਼ੁਰੂ ਕੀਤੀ ਗਈ ਸੀ। ਖੜਗੇ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਨੌਜਵਾਨਾਂ ਲਈ ਨਿਆਂ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ, ‘‘ਅਗਨੀਪਥ ਯੋਜਨਾ ਨਾਲ ਕਈ ਜਾਣੇ-ਪਛਾਣੇ ਮੁੱਦੇ ਜੁੜੇ ਹੋਏ ਹਨ। ਸਾਬਕਾ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਲਿਖਿਆ ਹੈ ਕਿ ‘ਅਗਨੀਪਥ’ ਨੇ ਥਲ ਸੈਨਾ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਇਹੀ ਝਟਕਾ ਜਲ ਅਤੇ ਹਵਾਈ ਸੈਨਾ ਨੂੰ ਲੱਗਿਆ ਸੀ। ਇਸ ਤੋਂ ਇਲਾਵਾ ਇਹ ਸਕੀਮ ਸਿਪਾਹੀਆਂ ਦੇ ਸਮਾਨਾਂਤਰ ਕਾਡਰ ਬਣਾ ਕੇ ਸਾਡੇ ਜਵਾਨਾਂ ਵਿਚਕਾਰ ਵਿਤਕਰੇ ਵਾਲੀ ਭਾਵਨਾ ਪੈਦਾ ਕਰਦੀ ਹੈ ਜਿਨ੍ਹਾਂ ਤੋਂ ਵੱਖਰੀਆਂ ਤਨਖ਼ਾਹਾਂ, ਲਾਭਾਂ ਅਤੇ ਸੰਭਾਵਨਾਵਾਂ ਨਾਲ ਸਮਾਨ ਕਾਰਜਾਂ ’ਤੇ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਚਾਰ ਸਾਲਾਂ ਦੀ ਸੇਵਾ ਮਗਰੋਂ ਜ਼ਿਆਦਾਤਰ ਅਗਨੀਵੀਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਕੁਝ ਦਾ ਮੰਨਣਾ ਹੈ ਕਿ ਅਗਨੀਪਥ ਯੋਜਨਾ ਸਮਾਜਿਕ ਅਸਥਿਰਤਾ ਪੈਦਾ ਕਰ ਸਕਦੀ ਹੈ।’’ ਕਾਂਗਰਸ ਆਗੂਆਂ ਨੇ ਪਾਰਟੀ ਹੈੱਡਕੁਆਰਟਰ ’ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਖੜਗੇ ਵੱਲੋਂ ਰਾਸ਼ਟਰਪਤੀ ਮੁਰਮੂ ਨੂੰ ਲਿਖਿਆ ਪੱਤਰ ਮੀਡੀਆ ਨਾਲ ਸਾਂਝਾ ਕੀਤਾ। ਖੜਗੇ ਦੇ ਪੱਤਰ ਨੂੰ ਸਾਂਝਾ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਕਸ ’ਤੇ ਲਿਖਿਆ, ‘‘ਦੇਸ਼ ਭਗਤੀ ਅਤੇ ਬਹਾਦਰੀ ਨਾਲ ਲਬਰੇਜ਼ ਫ਼ੌਜੀ ਉਮੀਦਵਾਰਾਂ ਲਈ ਨਿਆਂ ਦੀ ਲੜਾਈ ’ਚ ਅਸੀਂ ਉਨ੍ਹਾਂ ਦੇ ਨਾਲ ਹਾਂ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਅਗਨੀਪਥ ਯੋਜਨਾ ਥੋਪ ਕੇ ਮੋਦੀ ਸਰਕਾਰ ਨੇ ਕਰੀਬ ਦੋ ਲੱਖ ਨੌਜਵਾਨਾਂ ਨੂੰ ਫ਼ੌਜ ’ਚ ਸ਼ਾਮਲ ਕਰਨ ਦੀ ਥਾਂ ਬੇਰੁਜ਼ਗਾਰ ਕਰ ਦਿੱਤਾ ਹੈ। ਨੌਜਵਾਨਾਂ ਦੇ ਨਾਲ ਹੋਏ ਇਸ ਅਨਿਆਂ ਖ਼ਿਲਾਫ਼ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤਿੰਨਾਂ ਸੈਨਾਵਾਂ ਦੀ ਮੁਖੀ ਰਾਸ਼ਟਰਪਤੀ ਦਰੋਪਦੀ ਮੁਰਮੂ ਜੀ ਨੂੰ ਪੱਤਰ ਲਿਖਿਆ ਹੈ।’’ ਉਨ੍ਹਾਂ ਕਿਹਾ, ‘‘ਨੌਜਵਾਨਾਂ ਦੀ ਇਸ ਲੜਾਈ ਵਿੱਚ ਕਾਂਗਰਸ ਉਨ੍ਹਾਂ ਦੇ ਨਾਲ ਹੈ। ਅਸਂੀ ਮੰਗ ਕਰਦੇ ਹਾਂ ਕਿ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣ ਤੇ ਅਗਨੀਪਥ ਯੋਜਨਾ ਨੂੰ ਬੰਦ ਕੀਤਾ ਜਾਵੇ।’’ ਇਸ ਦੌਰਾਨ ਖੜਗੇ ਨੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਤੋਂ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਯੋਗ ਗਰੀਬ ਪਰਿਵਾਰਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਚੋਣ ਵਾਅਦੇ ਨੂੰ ਕਾਂਗਰਸ ਦੀ ਗਾਰੰਟੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਵੀ ਕਰਨਾਟਕ ਵਿੱਚ ਦਿੱਤੀਆਂ ਚੋਣ ਗਾਰੰਟੀਆਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਹੈ। -ਪੀਟੀਆਈ

Advertisement

ਭਾਜਪਾ ਨੇ ਲੱਖਾਂ ਨੌਜਵਾਨਾਂ ਦੇ ਸੁਫ਼ਨੇ ਤੋੜੇ: ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘‘ਮਨ ਵਿੱਚ ਦੇਸ਼ ਭਗਤੀ ਅਤੇ ਸੇਵਾ ਦੀ ਭਾਵਨਾ ਲਈ ਦੇਸ਼ ਭਰ ਦੇ ਲੱਖਾਂ ਨੌਜਵਾਨ ਦਿਨ-ਰਾਤ ਮਿਹਨਤ ਕਰਦੇ ਹਨ। ਠੰਢ-ਗਰਮੀ ਹੋਵੇ ਜਾਂ ਮੀਂਹ, ਸਵੇਰੇ ਤੜਕੇ ਉੱਠ ਕੇ ਦੌੜਨ ਦਾ ਅਭਿਆਸ ਕਰਦੇ ਹਨ। ਉਹ ਸੋਚਦੇ ਹਨ ਕਿ ਫ਼ੌਜ ਵਿੱਜ ਜਾਣਗੇ, ਦੇਸ਼ ਦੀ ਸੇਵਾ ਵੀ ਕਰਨਗੇ ਅਤੇ ਰੁਜ਼ਗਾਰ ਵੀ ਮਿਲੇਗਾ। ਭਾਜਪਾ ਸਰਕਾਰ ਨੇ ਅਗਨੀਵੀਰ ਯੋਜਨਾ ਲਿਆ ਕੇ ਦੇਸ਼ ਦੇ ਲੱਖਾਂ ਹੋਣਹਾਰ ਨੌਜਵਾਨਾਂ ਦੇ ਸੁਫ਼ਨੇ ਤੋੜ ਦਿੱਤੇ ਹਨ। ਲੱਖਾਂ ਅਸਾਮੀਆਂ ਖ਼ਾਲੀ, ਕਰੋੜਾਂ ਨੌਜਵਾਨ ਬੇਰੁਜ਼ਗਾਰ, ਇਹੀ ਮੋਦੀ ਦੀ ਗਾਰੰਟੀ ਹੈ।’’

Advertisement
Author Image

joginder kumar

View all posts

Advertisement
Advertisement
×