ਗਹਿਰੀ ਪਿੰਡ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕਰਾਂਗੇ: ਈਟੀਓ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 16 ਫਰਵਰੀ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਐਲਾਨ ਕੀਤਾ ਕਿ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਗਹਿਰੀ ਮੰਡੀ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਪਿੰਡ ਵਿੱਚ ਪੰਚਾਇਤ, ਮੋਹਤਬਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਫੈਸਲਾ ਲਿਆ ਕੇ ਪਿੰਡ ਨੂੰ ਸਮੇਂ ਦਾ ਹਾਣੀ ਅਤੇ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਨਾਲ ਵਿਚਾਰ ਕਰਕੇ ਪਿੰਡ ਵਿੱਚ ਇੰਟਰਲਾਕ ਟਾਈਲਾਂ, ਪਾਰਕ, ਪਲੇਗਰਾਊਂਡ, ਡਰੇਨਜ ਸਿਸਟਮ ਅਤੇ ਸੁੰਦਰਤਾ ਦੇ ਹੋਰ ਕੰਮ ਕਰਵਾਉਣ ਦਾ ਫੈਸਲਾ ਲਿਆ ਹੈ। ਅਧਿਕਾਰੀਆਂ ਤੋਂ ਕਰਵਾਏ ਐਸਟੀਮੇਟ ਮੁਤਾਬਕ ਸਾਰੇ ਕੰਮਾਂ ਉੱਤੇ ਅੱਠ ਕਰੋੜ ਤੋਂ ਵੱਧ ਰੁਪਏ ਦੀ ਰਾਸ਼ੀ ਖਰਚ ਹੋਵੇਗੀ। ਕੈਬਨਿਟ ਮੰਤਰੀ ਈਟੀਓ ਨੇ ਮੌਕੇ ਉੱਤੇ ਹੀ ਇਨ੍ਹਾਂ ਕੰਮਾਂ ਨੂੰ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਹ ਕੰਮ ਵੀ ਛੇਤੀ ਸ਼ੁਰੂ ਕਰਵਾਏ ਜਾਣਗੇ ਅਤੇ ਜੇਕਰ ਲੋੜ ਅਨੁਸਾਰ ਕੋਈ ਹੋਰ ਕੰਮ ਵੀ ਨਾਲ ਕਰਵਾਉਣ ਦੀ ਲੋੜ ਪਈ ਤਾਂ ਉਹ ਵੀ ਕਰਵਾ ਕੇ ਪਿੰਡ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।