ਦੋਸਤ ਹੋਣ ਦਾ ਦਿਖਾਵਾ ਕਰਨ ਵਾਲੇ ਦੁਸ਼ਮਣਾਂ ਨੂੰ ਹਰਾਵਾਂਗੇ: ਪਾਕਿ ਸੈਨਾ ਮੁਖੀ
ਇਸਲਾਮਾਬਾਦ, 2 ਫਰਵਰੀ
ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਕਿਹਾ ਕਿ ਦੇਸ਼ ਨੂੰ ਨਿਸ਼ਾਨਾ ਬਣਾਉਣ ਵਾਲੇ ਤੇ ਵਿਦੇਸ਼ੀ ਆਕਾਵਾਂ ਦੇ ਇਸ਼ਾਰੇ ’ਤੇ ਅਤਿਵਾਦੀ ਗਤੀਵਿਧੀਆਂ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਖਤਮ ਕੀਤਾ ਜਾਵੇਗਾ ਜੋ ‘ਦੋਸਤ ਦੇ ਭੇਸ ’ਚ ਦੁਸ਼ਮਣ’ ਹਨ। ਮੁਨੀਰ ਨੇ ਬਲੋਚਿਸਤਾਨ ਦੇ ਕਲਾਤ ਜ਼ਿਲ੍ਹੇ ’ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ 18 ਸੈਨਿਕਾਂ ਦੇ ਮਾਰੇ ਜਾਣ ਮਗਰੋਂ ਬੀਤੇ ਦਿਨ ਕੋਇਟਾ ਦਾ ਦੌਰਾ ਕੀਤਾ। ਇਸ ਮੁਕਾਬਲੇ ’ਚ 23 ਅਤਿਵਾਦੀ ਵੀ ਮਾਰੇ ਗਏ ਸਨ। ਸੈਨਾ ਨੇ ਇੱਕ ਬਿਆਨ ’ਚ ਕਿਹਾ ਕਿ ਇਸ ਦੌਰੇ ’ਚ ਮੁਨੀਰ ਨੂੰ ਬਲੋਚਿਸਤਾਨ ’ਚ ਸੁਰੱਖਿਆ ਸਬੰਧੀ ਮੌਜੂਦਾ ਸਥਿਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਮੁਨੀਰ ਨੇ ਕਿਹਾ, ‘ਜੋ ਲੋਕ ਆਪਣੇ ਵਿਦੇਸ਼ੀ ਆਕਾਵਾਂ ਦੇ ਇਸ਼ਾਰਿਆਂ ’ਤੇ ਅਤਿਵਾਦੀ ਪ੍ਰਤੀਨਿਧੀ ਵਜੋਂ ਕੰਮ ਕਰ ਰਹੇ ਹਨ, ਜਿਨ੍ਹਾਂ ਸ਼ਿਕਾਰੀ ਕੁੱਤੇ ਨਾਲ ਸ਼ਿਕਾਰ ਕਰਨ ਅਤੇ ਖਰਗੋਸ਼ ਨਾਲ ਦੌੜਨ ਦਾ ਦੋਗਲਾਪਣ ਦਿਖਾਉਣ ’ਚ ਮੁਹਾਰਤ ਹਾਸਲ ਕਰ ਲਈ ਹੈ, ਉਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ।’ ਉਨ੍ਹਾਂ ਕਿਹਾ, ‘ਦੋਸਤ ਹੋਣ ਦਾ ਦਿਖਾਵਾ ਕਰਨ ਵਾਲੇ ਦੁਸ਼ਮਣ ਭਾਵੇਂ ਕੁਝ ਵੀ ਕਰ ਲੈਣ, ਸਾਡਾ ਸ਼ਾਨਾਮੱਤਾ ਮੁਲਕ ਤੇ ਇਸ ਦੇ ਹਥਿਆਰਬੰਦ ਬਲ ਤੁਹਾਨੂੰ ਯਕੀਨੀ ਤੌਰ ’ਤੇ ਹਰਾਉਣਗੇ। ਜਦੋਂ ਵੀ ਲੋੜ ਹੋਵੇਗੀ ਅਸੀਂ ਆਪਣੀ ਮਾਤ-ਭੂਮੀ ਤੇ ਇਸ ਦੇ ਲੋਕਾਂ ਦੀ ਰਾਖੀ ਲਈ ਯਕੀਨੀ ਤੌਰ ’ਤੇ ਜਵਾਬੀ ਕਾਰਵਾਈ ਕਰਾਂਗੇ ਅਤੇ ਤੁਸੀਂ ਕਿਤੇ ਵੀ ਹੋਵੇਗੇ, ਤੁਹਾਨੂੰ ਲੱਭ ਲਵਾਂਗੇ।’ ਪਾਕਿਸਤਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੇ ਬਲੋਚ ਰਾਸ਼ਟਰਵਾਦੀਆਂ ਦੀ ਅਗਵਾਈ ਹੇਠਲੇ ਦੋਹਰੇ ਅਤਿਵਾਦ ਨਾਲ ਜੂਝ ਰਿਹਾ ਹੈ। -ਪੀਟੀਆਈ