ਮਹੁਆ ਮੋਇਤਰਾ ਦੀ ਲੋਕ ਸਭਾ ’ਚੋੋਂ ਬਰਖਾਸਤਗੀ ਸਬੰਧੀ ਪਟੀਸ਼ਨ ਨੂੰ ਛੇਤੀ ਸੂਚੀਬੱਧ ਕਰਨ ’ਤੇ ਵਿਚਾਰ ਕਰਾਂਗੇ: ਸੀਜੇਆਈ
ਨਵੀਂ ਦਿੱਲੀ, 13 ਦਸੰਬਰ
ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਆਗੂ ਮਹੁੂਆ ਮੋਇਤਰਾ ਦੇ ਵਕੀਲ ਨੂੰ ਵਿਸ਼ਵਾਸ ਦੁਆਇਆ ਕਿ ਉਹ ਲੋਕ ਸਭਾ ਤੋਂ ਉਨ੍ਹਾਂ ਦੇ ਮੁਵੱਕਿਲ (ਮੋਇਤਰਾ) ਦੀ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਛੇਤੀ ਸੂਚੀਬੱਧ ਕਰਨ ’ਤੇ ਵਿਚਾਰ ਕਰਨਗੇ। ਲੋਕ ਸਭਾ ’ਚ ਮਰਿਆਦਾ ਕਮੇਟੀ ਦੀ ਰਿਪੋਰਟ ਨੂੰ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਤਿ੍ਣਮੂਲ ਆਗੂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਦੇ ਵਿਰੋਧ ’ਚ ਮੋਇਤਰਾ ਨੇ ਸਰਵਉੱਚ ਅਦਾਲਤ ਦਾ ਰੁਖ ਕੀਤਾ ਹੈ। ਇਸ ਰਿਪੋਰਟ ’ਚ ਤਿ੍ਣਮੂਲ ਕਾਂਗਰਸ ਦੀ ਆਗੂ ਮਹੂਆ ਮੋਇਤਰਾ ਨੂੰ ‘ਪੈਸੇ ਲੈ ਕੇ ਸਵਾਲ ਪੁੱਛਣ’ ਦੇ ਮਾਮਲੇ ’ਚ ਮਾੜੇ ਵਿਹਾਰ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਚੀਫ ਜਸਟਿਸ ਦੀ ਅਗਵਾਈ ਹੇਠਲੇ ਇਕ ਬੈਂਚ ਨੇ ਬੁੱਧਵਾਰ ਨੂੰ ਮੋਇਤਰਾ ਵੱਲੋਂ ਪੈਰਵੀ ਕਰ ਰਹੇ ਸੀਨੀਅਰ ਵਕੀਲ ਅਭਿਸ਼ੇਕ ਮਨੁੂ ਸਿੰਘਵੀ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਚੰਦਰਚੂੜ ਨੇ ਕਿਹਾ ਕਿ ਦੁਪਹਿਰ ਦੇ ਭੋਜਨ ਵੇਲੇ ਉਹ ਪਟੀਸ਼ਨ ਨੂੰ ਸੂਚੀਬੱਧ ਕਰਨ ਸਬੰਧੀ ਪਹਿਲੂ ’ਤੇ ਗੌਰ ਕਰਨਗੇ। ਸਿੰਘਵੀ ਨੇ ਦਲੀਲ ਦਿੱਤੀ ਕਿ ਇਹ ਉਹ ਮੈਂਬਰ ਹਨ ਜਿਨ੍ਹਾਂ ਨੂੰ ਲੋਕ ਸਭਾ ਤੋਂ ਬਰਖਾਸਤ ਕੀਤਾ ਗਿਆ ਹੈ। ਸੀਜੇਆਈ ਨੇ ਕਿਹਾ, ‘‘ਹੋ ਸਕਦਾ ਹੈ ਕਿ ਇਹ ਮਾਮਲਾ ਸੂਚੀਬੱਧ ਨਾ ਕੀਤਾ ਗਿਆ ਹੋਵੇ, ਜੇ ਕੋਈ ਈਮੇਲ ਭੇਜੀ ਜਾਂਦੀ ਤਾਂ ਮੈਂ ਤੁਰੰਤ ਇਸ ’ਤੇ ਗੌਰ ਕਰਦਾ ਹਾਂ। ਕਿ੍ਪਾ ਕਰ ਕੇ ਈਮੇਲ ਭੇਜੋ।’’ ਇਸ ਤੋਂ ਪਹਿਲੇ ਦਿਨ ਸਿੰਘਵੀ ਨੇ ਸੀਨੀਅਰ ਜੱਜ ਜਸਟਿਸ ਐਸਕੇ ਕੌਲ ਦੀ ਅਗਵਾਈ ਹੇਠਲੀ ਬੈਂਚ ਅੱਗੇ ਇਹ ਮਾਮਲਾ ਰੱਖਿਆ ਸੀ ਕਿਉਂਕਿ ਚੀਫ ਜਸਟਿਸ ਸੰਵਿਧਾਨਕ ਬੈਂਚ ਦੇ ਮੁਖੀ ਹਨ। ਜਸਟਿਸ ਕੌਲ ਨੇ ਉਦੋਂ ਸਿੰਘਵੀ ਨੂੰ ਕਿਹਾ, ‘‘ਇਸ ਮਾਮਲੇ ’ਤੇ ਚੀਫ ਜਸਟਿਸ ਫੈਸਲਾ ਕਰਨਗੇ।’’ -ਪੀਟੀਆਈ