ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਾਂਗੇ: ਸਵੀ
ਹਰਦੇਵ ਚੌਹਾਨ
ਚੰਡੀਗੜ੍ਹ, 11 ਨਵੰਬਰ
ਕਲਾ ਭਵਨ ਚੰਡੀਗੜ੍ਹ ਵਿੱਚ ਚਲ ਰਹੇ ਪੰਜਾਬੀ ਮਾਹ ਦੌਰਾਨ ‘ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ। ਮੰਚ ਸੰਚਾਲਨ ਕਰਦੇ ਹੋਏ ਉਪ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਪੰਜਾਬੀ ਦੀ ਬਿਹਤਰੀ ਲਈ ਇਹ ਮਹੀਨਾ ‘ਪੰਜਾਬੀ ਮਾਹ’ ਵਜੋਂ ਮਨਾਇਆ ਜਾ ਰਿਹਾ ਹੈ। ਪ੍ਰਧਾਨਗੀ ਭਾਸ਼ਨ ਵਿਚ ਸਵਰਨਜੀਤ ਸਵੀ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਾਂਗੇ। ਚਿੰਤਕ ਅਮਰਜੀਤ ਗਰੇਵਾਲ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਬੁਲਾਰੇ ਸ਼ੁਭ ਪ੍ਰੇਮ ਬਰਾੜ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਧਰਤੀ ’ਤੇ ਅਸੀਂ ਰਹਿ ਰਹੇ ਹਾਂ ਉਸ ’ਤੇ ਮੂਵਮੈਂਟ ਨਜ਼ਰ ਆ ਰਹੀ ਹੈ। ਡਾ. ਆਤਮਜੀਤ, ਨਿਰਲੇਪ ਸਿੰਘ, ਮਨੀਸ਼, ਅਤੈ ਸਿੰਘ ਤੇ ਹੋਰਾਂ ਨੇ ਵੀ ਸੰਖੇਪ ਟਿੱਪਣੀਆਂ ਦਰਜ ਕੀਤੀਆਂ। ਮੁੱਖ ਮਹਿਮਾਨ ਅਸ਼ਵਨੀ ਚੈਟਲੇ ਨੇ ਅੱਜ ਦੇ ਭਾਸ਼ਨ ਨੂੰ ਆਪਣੇ ਲਈ ਨਵੀਂ ਦਿਸ਼ਾ ਦੱਸਿਆ। ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਅਰਵਿੰਦਰ ਸਿੰਘ ਢਿੱਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਸਮਾਗਮ ਵਿੱਚ ਪ੍ਰੀਤਮ ਰੁਪਾਲ, ਡਾ. ਸੁਰਿੰਦਰ ਗਿੱਲ, ਨਿੰਦਰ ਘੁਗਿਆਣਵੀ, ਅਵਤਾਰ ਸਿੰਘ ਪਤੰਗ, ਭੁਪਿੰਦਰ ਮਲਿਕ, ਜੈ ਸਿੰਘ ਛਿੱਬਰ, ਗੁਲ ਚੌਹਾਨ, ਬਲੀਜੀਤ ਦਵਿੰਦਰ ਦਮਨ, ਜਸ਼ਨਪ੍ਰੀਤ, ਏਕਤਾ, ਡਾ. ਸੁਖਦੇਵ ਸਿੰਘ ਸਿਰਸਾ, ਗੁਰਪ੍ਰੀਤ ਖੋਖਰ, ਨਾਟਕਕਾਰ ਰਾਜਵਿੰਦਰ ਸਮਰਾਲਾ, ਅਦਾਕਾਰਾ ਕਮਲਪ੍ਰੀਤ ਕੌਰ ਆਦਿ ਸ਼ਾਮਲ ਹੋਏ।