ਨਾਮਜ਼ਦਗੀਆਂ ਰੱਦ ਕਰਨ ਨੂੰ ਹਾਈ ਕੋਰਟ ਵਿੱਚ ਦੇਵਾਂਗੇ ਚੁਣੌਤੀ: ਚੰਦੂਮਾਜਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਅਕਤੂਬਰ
ਸਰਕਾਰ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਬਰਨ ਰੱਦ ਕਰਨ ਦੇ ਦੋਸ਼ ਲਾਉਂਦਿਆਂ ਸਨੌਰ ਦੇ ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਘਾਣ ਕਰਦਿਆਂ ਸਰਕਾਰ ਨੇ ਜਮਹੂਰੀਅਤ ਦਾ ਗਲ਼ਾ ਹੀ ਘੋਟ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਇਤਰਾਜ਼ ਵੀ ਅਜਿਹੇ ਲਗਾ ਦਿੱਤੇ ਗਏ, ਜਿਨ੍ਹਾਂ ਦਾ ਉਮੀਦਵਾਰਾਂ ਨਾਲ ਕੋਈ ਸਬੰਧ ਨਹੀਂ ਸੀ। ਬੇਜ਼ਮੀਨੇ ਉਮੀਦਵਾਰਾਂ ’ਤੇ ਵੀ ਪੰਚਾਇਤੀ ਜ਼ਮੀਨ ਨੱਪਣ ਦੇ ਦੋਸ਼ ਲਗਾ ਕੇ ਫਾਰਮ ਰੱਦ ਕਰ ਦਿੱਤੇ ਗਏ। ਜਿਨ੍ਹਾਂ ਕੋਲ਼ ਕੋਈ ਪਸ਼ੂ ਹੀ ਨਹੀਂ ਹੈ, ਉਨ੍ਹਾਂ ਦੇ ਗਲੀਆਂ ਵਿੱਚ ਕੀਲੇ/ਕਿੱਲੇ ਗੱਡ ਕੇ ਸਰਕਾਰੀ ਥਾਂ ’ਤੇ ਕਬਜ਼ੇ ਦਿਖਾਉਂਦਿਆਂ ਉਨ੍ਹਾਂ ਦੇ ਕਾਗਜ਼ ਰੱਦ ਕਰਕੇ ਚੋਣ ਪਿੜ ’ਚ ਲਾਂਭੇ ਕਰ ਦਿਤੇ। ਉਨ੍ਹਾਂ ਦੋਸ਼ ਲਾਇਆ ਕਿ ਕਈਆਂ ਉਮੀਦਵਾਰਾਂ ਦੀਆਂ ਫਾਈਲਾਂ ਪਾੜ ਦਿੱਤੀਆਂ ਤੇ ਕੁਝ ਨੂੰ ਡਰਾ ਧਮਕਾ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਹੀ ਰੋਕ ਦਿੱਤਾ ਗਿਆ। ਚੰਦੂਮਾਜਰਾ ਦਾ ਕਹਿਣਾ ਸੀ ਕਿ ਜਿਹੜੇ ਅੱਜ ਅਕਾਲੀ ਦਲ ਅਤੇ ਦੂਜੀਆਂ ਪਾਰਟੀਆਂ ’ਤੇ ਧੱਕੇਸ਼ਾਹੀ ਦੀ ਸ਼ੁਰੂੁਆਤ ਕਰਨ ਦੇ ਦੋਸ਼ ਲਗਾ ਰਹੇ ਹਨ, ਉਹ ਖੁਦ ਪਹਿਲਾਂ ਅਕਾਲੀ ਦਲ ਵਿੱਚ ਹੀ ਸਨ। ਉਨ੍ਹਾਂ ਅਧਿਕਾਰੀਆਂ ਨੂੰ ਵੀ ਰੱਦ ਨਾਮਜ਼ਦਗੀ ਪੱਤਰਾਂ ਨੂੰ ਮੁੜ ਵਿਚਾਰਨ ’ਤੇ ਜ਼ੋਰ ਦਿਤਾ ਨਹੀਂ ਤਾਂ ਫਿਰ ਉਹ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨ ਲਈ ਤਿਆਰ ਰਹਿਣ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਵੀ ਹਾਜ਼ਰ ਸਨ। ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਹਰਿੰਪਰਪਾਲ ਚੰਦੂਮਾਜਰਾ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਹਾਈ ਕੋਰਟ ਜ਼ਰੂਰ ਜਾਣ, ਤਾਂ ਜੋ ਅਸਲੀਅਤ ਲੋਕਾਂ ਦੇ ਸਾਹਮਣੇ ਆ ਸਕੇ।