ਦਿੱਲੀ ’ਚ ਵਿਸ਼ਵ ਪੱਧਰੀ ਸੜਕਾਂ ਬਣਾਵਾਂਗੇ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਦੱਖਣੀ ਦਿੱਲੀ ਦੇ ਸਾਕੇਤ ਵਿੱਚ ਪ੍ਰੈੱਸ ਇਨਕਲੇਵ ਰੋਡ, ਮੰਦਰ ਮਾਰਗ ਸਣੇ 4 ਮੁੱਖ ਸੜਕਾਂ ਦਾ ਨਾਲ ਮੁਆਇਨਾ ਕੀਤਾ ਅਤੇ ਸੜਕਾਂ ਨੂੰ ਨਵੇਂ ਸਿਰੇ ਤੋਂ ਡਿਜ਼ਾਈਨ ਕਰਨ ਅਤੇ ਉਨ੍ਹਾਂ ਨੂੰ ਸਾਫ-ਸੁਥਰਾ, ਸੁੰਦਰ ਅਤੇ ਉਪਭੋਗਤਾ ਅਨੁਕੂਲ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੰਤਰੀ ਆਤਿਸ਼ੀ ਨੇ ਕਿਹਾ ਕਿ ਦਿੱਲੀ ਨੂੰ ਸੁੰਦਰ ਬਣਾਉਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ’ਤੇ ਪੂਰਾ ਲੋਕ ਨਿਰਮਾਣ ਵਿਭਾਗ ਜ਼ਮੀਨੀ ਪੱਧਰ ’ਤੇ ਕੰਮ ਕਰ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੀ-20 ਦੀ ਤਰਜ਼ ’ਤੇ ਪੂਰੀ ਦਿੱਲੀ ਨੂੰ ਸੁੰਦਰ ਬਣਾਉਣ ਦਾ ਕੰਮ ਕੀਤਾ ਜਾਵੇਗਾ। ਨਰੇਲਾ ਤੋਂ ਤੁਗਲਕਾਬਾਦ ਹੋਵੇ ਜਾਂ ਨਜਫਗੜ੍ਹ ਤੋਂ ਸ਼ਾਹਦਰਾ, ਕੇਜਰੀਵਾਲ ਸਰਕਾਰ ਦਿੱਲੀ ਦੇ ਹਰ ਕੋਨੇ ਵਿਚ ਵਿਸ਼ਵ ਪੱਧਰੀ ਸੜਕਾਂ ਬਣਾਏਗੀ। ਵਿਸ਼ਵ ਪੱਧਰੀ ਮਿਆਰ ਸੜਕਾਂ ਦੀ ਨਿਸ਼ਾਨਦੇਹੀ ਹੋਵੇਗੀ ਅਤੇ ਸੁੰਦਰ ਬਾਗਬਾਨੀ ਦੇ ਨਾਲ-ਨਾਲ ਸੁੰਦਰ ਫੁੱਟਪਾਥ ਸੜਕਾਂ ਨੂੰ ਨਵੀਂ ਦਿੱਖ ਦੇਣਗੇ। ਸੜਕਾਂ ਨੂੰ ਲੋੜ ਅਨੁਸਾਰ ਡਿਜ਼ਾਇਨ ਕੀਤਾ ਜਾਵੇਗਾ, ਸਫਾਈ ਅਤੇ ਰੱਖ-ਰਖਾਅ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਪੀਡਬਲਯੂਡੀ ਮੰਤਰੀ ਨੇ ਕਿਹਾ, ‘‘ਹੁਣ ਅਸੀਂ ਦਿੱਲੀ ਦੀ ਖੂਬਸੂਰਤੀ ਨੂੰ ਪੂਰੀ ਦੁਨੀਆਂ ’ਚ ਲੈ ਕੇ ਜਾਵਾਂਗੇ, ਜਿਸ ਨੂੰ ਜੀ-20 ਸੰਮੇਲਨ ਦੌਰਾਨ ਹਰ ਕਿਸੇ ਨੇ ਦੇਖਿਆ। ਨਰੇਲਾ ਤੋਂ ਤੁਗਲਕਾਬਾਦ ਹੋਵੇ ਜਾਂ ਨਜਫਗੜ੍ਹ ਤੋਂ ਸ਼ਾਹਦਰਾ, ਅਸੀਂ ਦਿੱਲੀ ਦੇ ਹਰ ਕੋਨੇ ਵਿਚ ਸੜਕਾਂ ਨੂੰ ਵਿਸ਼ਵ ਪੱਧਰੀ ਬਣਾਵਾਂਗੇ।’’