For the best experience, open
https://m.punjabitribuneonline.com
on your mobile browser.
Advertisement

ਨਸ਼ਾ ਤਸਕਰੀ ਮਾਮਲੇ ’ਚ ਅਜੇ ਹੋਰ ਵੱਡੇ ਸਿਆਸਤਦਾਨਾਂ ਤੇ ਅਫ਼ਸਰਾਂ ਨੂੰ ਹੱਥ ਪਾਵਾਂਗੇ: ਮੁੱਖ ਮੰਤਰੀ

12:00 PM Jun 26, 2025 IST
ਨਸ਼ਾ ਤਸਕਰੀ ਮਾਮਲੇ ’ਚ ਅਜੇ ਹੋਰ ਵੱਡੇ ਸਿਆਸਤਦਾਨਾਂ ਤੇ ਅਫ਼ਸਰਾਂ ਨੂੰ ਹੱਥ ਪਾਵਾਂਗੇ  ਮੁੱਖ ਮੰਤਰੀ
Advertisement

ਚਰਨਜੀਤ ਭੁੱਲਰ/ਆਤਿਸ਼ ਗੁਪਤਾ
ਚੰਡੀਗੜ੍ਹ, 26 ਜੂਨ

Advertisement

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਸਹੀ ਦੱਸਦਿਆਂ ਇਸ਼ਾਰਾ ਕੀਤਾ ਹੈ ਕਿ ਆਉਂਦੇ ਦਿਨਾਂ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ’ਚ ਹੋਰ ਵੱਡੇ ਸਿਆਸਤਦਾਨਾਂ ਅਤੇ ਅਫ਼ਸਰਾਂ ਨੂੰ ਹੱਥ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਰਾਜਸੀ ਆਗੂ ਜਾ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ।

Advertisement
Advertisement

ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਆਗੂ ਪਹਿਲਾਂ ਆਖਦੇ ਸਨ ਕਿ ‘ਵੱਡੇ ਮਗਰਮੱਛ’ ਨਸ਼ਾ ਤਸਕਰੀ ਕੇਸਾਂ ਵਿੱਚ ਫੜੇ ਨਹੀਂ ਜਾ ਰਹੇ ਹਨ ਅਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਹੱਥ ਪਾਇਆ ਹੈ ਤਾਂ ਵਿਰੋਧੀ ਪਲਟੀ ਖਾ ਗਏ ਹਨ ਕਿ ਇਹ ਐਕਸ਼ਨ ਸਰਕਾਰ ਨੇ ਗ਼ਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂ ਵੀ ਇਸ ਮਾਮਲੇ ਵਿੱਚ ਬੇਪਰਦ ਹੋ ਗਏ ਹਨ। ਇਸ ਤੋਂ ਸਪਸ਼ਟ ਹੈ ਕਿ ਸਾਰੇ ਹੀ ਸਿਆਸੀ ਆਗੂ ਆਪਸ ਵਿੱਚ ਮਿਲੇ ਹੋਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸ਼ੁਰੂਆਤ ਇਲਾਕਾਈ ਤਸਕਰਾਂ ਨੂੰ ਫੜ੍ਹ ਕੇ ਕੀਤੀ ਸੀ ਅਤੇ ਹੁਣ ਜਰਨੈਲਾਂ ਨੂੰ ਹੱਥ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਫੜੇ ਗਏ 80 ਤੋਂ 90 ਫ਼ੀਸਦੀ ਤਸਕਰਾਂ ਦੀ ਜ਼ਮਾਨਤ ਨਹੀਂ ਹੋ ਸਕੀ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ’ਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਸਿਫ਼ਾਰਸ਼ ਦੀ ਪ੍ਰਵਾਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਜਵਾਬਦੇਹ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਪੱਕੇ ਪੈਰੀਂ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਹਵਾਲਾ ਰਾਹੀ ਕਰੋੜਾਂ ਰੁਪਏ ਦਾ ਕੈਸ਼ ਟਰਾਂਸਫਰ ਹੋਣ ਦੇ ਸਬੂਤ ਵੀ ਮਿਲੇ ਹਨ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਬਨਾਮ ਸਾਰੀਆਂ ਰਾਜਸੀ ਪਾਰਟੀਆਂ ਵਰਗੇ ਹਾਲਾਤ ਬਣੇ ਹੋਏ ਹਨ।

ਉਂਜ ਅੱਜ ਪਹਿਲੀ ਵਾਰ ਸੀ ਜਦੋਂ ਮੁੱਖ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਗੈਰ ਉਸ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਵੱਡੇ ਮਗਰਮੱਛ ਫੜੇ ਜਾਣ ਕਰਕੇ ਪੰਜਾਬ ’ਚੋਂ ਲੋਕਾਂ ਦੇ ਫ਼ੋਨ ਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਵੱਲੋਂ ਵੀ ਹੁਣ ਮਤੇ ਪਾਏ ਜਾ ਰਹੇ ਹਨ ਕਿ ਉਹ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਦੇਣਗੇ।

Advertisement
Author Image

Advertisement