ਨਗਰ ਨਿਗਮ ਨੂੰ ਵੀ ਦਲਬਦਲੀ ਵਿਰੋਧੀ ਕਾਨੂੰਨ ਦੇ ਘੇਰੇ ’ਚ ਲਿਆਵਾਂਗੇ: ਤਿਵਾੜੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਈ
ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਆਪਣੀ ਚੋਣ ਮੁਹਿੰਮ ਤਹਿਤ ਵਾਰਡ ਨੰਬਰ 30 ਵਿੱਚ ‘ਆਪ’ ਆਗੂ ਹਰਦੀਪ ਸਿੰਘ ਬੁਟੇਰਲਾ ਅਤੇ ਸੈਕਟਰ-41 ਡੀ ਦੀ ਮਾਰਕੀਟ ਐਸੋਸੀਏਸ਼ਨ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਤਿਵਾੜੀ ਨੇ ਕਿਹਾ ਕਿ ਮੌਕਾਪ੍ਰਸਤ ਆਗੂਆਂ ਜਾਂ ਕੌਂਸਲਰਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਦਲਬਦਲੀ ਕਰਨ ਤੋਂ ਰੋਕਣ ਲਈ ਨਗਰ ਨਿਗਮ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਦਲਬਦਲੀ ਵਿਰੋਧੀ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਸ੍ਰੀ ਤਿਵਾੜੀ ਨੇ ਕਿਹਾ ਕਿ ਸਥਾਨਕ ਸੰਸਥਾਵਾਂ ਨੂੰ ਇਸ ਕਾਨੂੰਨ ਦੀ ਸਭ ਤੋਂ ਵੱਧ ਲੋੜ ਹੈ, ਕਿਉਂਕਿ ਕਈ ਮੌਕਿਆਂ ’ਤੇ ਚੁਣੇ ਹੋਏ ਨੁਮਾਇੰਦੇ ਮੌਕਾਪ੍ਰਸਤੀ ਦਾ ਪ੍ਰਦਰਸ਼ਨ ਕਰਦੇ ਹੋਏ ਪੱਖ ਬਦਲ ਲੈਂਦੇ ਹਨ।
ਸ੍ਰੀ ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਦੌਰਾਨ ਲੋਕ ਫ਼ਤਵੇ ਨੂੰ ਦਿਨ-ਦਿਹਾੜੇ ਨਾਮਨਜ਼ੂਰ ਕੀਤਾ ਗਿਆ ਹੈ। ਇਨ੍ਹਾਂ ਹਾਲਾਤ ਵਿੱਚ ਸੁਪਰੀਮ ਕੋਰਟ ਦਾ ਦਖ਼ਲ ਨਾ ਹੁੰਦਾ ਤਾਂ ਚੰਡੀਗੜ੍ਹ ਨਗਰ ਨਿਗਮ ਮੌਕਾਪ੍ਰਸਤ ਲੋਕਾਂ ਦੇ ਕਬਜ਼ੇ ਵਿੱਚ ਆ ਜਾਣਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਨੂੰ ਵੋਟ ਦੇਣ ਦਾ ਮਤਲਬ ਚੰਡੀਗੜ੍ਹ ਵਿੱਚ ‘ਲੋਕਤੰਤਰ ਦੇ ਕਾਤਲ’ ਅਨਿਲ ਮਸੀਹ ਨੂੰ ਵੋਟ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਅਨੁਸੂਚੀ 10 ਨਾਲ ਸਬੰਧਤ ਵਿਵਸਥਾਵਾਂ ਵਿੱਚ ਸੋਧ ਕਰ ਕੇ ਦਲਬਦਲੀ ਵਿਰੋਧੀ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਨਗਰ ਨਿਗਮ ’ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹੇਠਲੇ ਪੱਧਰ ’ਤੇ ਸ਼ਾਸਨ ਦਾ ਸਭ ਤੋਂ ਮਹੱਤਵਪੂਰਨ ਅਦਾਰਾ ਹੈ, ਇਸ ਵਾਸਤੇ ਇੱਥੇ ਵੀ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਲੋੜ ਹੈ।
ਸੀਪੀਆਈ-ਐਮਐਲ (ਲਿਬਰੇਸ਼ਨ) ਨੇ ਤਿਵਾੜੀ ਦਾ ਸਮਰਥਨ ਕੀਤਾ
ਚੰਡੀਗੜ੍ਹ ਵਿੱਚ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਲੈਨਿਨਵਾਦੀ (ਲਿਬਰੇਸ਼ਨ) ਦੇ ਇੱਕ ਵਫ਼ਦ ਨੇ ਅੱਜ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਂਦਰੀ ਕਮੇਟੀ ਮੈਂਬਰ ਕੰਵਲਜੀਤ ਸਿੰਘ, ਸਕੱਤਰ ਲਾਲ ਬਹਾਦਰ ਤੇ ਹੋਰਨਾਂ ਮੈਂਬਰਾਂ ਨੇ ਤਿਵਾੜੀ ਨਾਲ ਗੱਲਬਾਤ ਕੀਤੀ ਅਤੇ ਲੋਕ ਸਭਾ ਚੋਣਾਂ ਵਿੱਚ ਤਿਵਾੜੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ।