ਕੇਜਰੀਵਾਲ ਮਾਮਲੇ ’ਚ ਨਿਰਪੱਖ ਤੇ ਪਾਰਦਰਸ਼ੀ ਪ੍ਰਕਿਰਿਆ ਚਾਹੁੰਦੇ ਹਾਂ: ਅਮਰੀਕਾ
ਵਾਸ਼ਿੰਗਟਨ, 28 ਮਾਰਚ
ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਕਥਿਤ ਮਨੀ ਲਾਂਡਰਿੰਗ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਅਮਰੀਕੀ ਕੂਟਨੀਤਕ ਦੀਆਂ ਟਿੱਪਣੀਆਂ ਦੇ ਸਬੰਧ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿੱਲਰ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਨਿਰਪੱਖ, ਪਾਰਦਰਸ਼ੀ ਤੇ ਬਗੈਰ ਦੇਰੀ ਦੇ ਕਾਨੂੰਨੀ ਕਾਰਵਾਈ ਦੀ ਹਮਾਇਤ ਕਰਦੇ ਹਨ।
ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਮਿੱਲਰ ਤੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਕਾਂਗਰਸ ਪਾਰਟੀ ਦੇ ਬੈਂਕ ਖਾਤੇ ਫਰੀਜ਼ ਕਰਨ ਸਬੰਧੀ ਟਿੱਪਣੀਆਂ ’ਤੇ ਭਾਰਤ ਵੱਲੋਂ ਅਮਰੀਕੀ ਕੂਟਨੀਤਕ ਨੂੰ ਤਲਬ ਕੀਤੇ ਜਾਣ ਬਾਰੇ ਪੁੱਛਿਆ ਗਿਆ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਇਨ੍ਹਾਂ ਕਾਰਵਾਈਆਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਮਿੱਲਰ ਨੇ ਕਿਹਾ, ‘ਅਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਸਮੇਤ ਇਨ੍ਹਾਂ ਕਾਰਵਾਈਆਂ ’ਤੇ ਨੇੜਿਓਂ ਨਜ਼ਰ ਰੱਖਣਾ ਜਾਰੀ ਰੱਖਾਂਗੇ। ਅਸੀਂ ਕਾਂਗਰਸ ਪਾਰਟੀ ਵੱਲੋਂ ਲਾਏ ਗਏ ਦੋਸ਼ਾਂ ਤੋਂ ਵੀ ਜਾਣੂ ਹਾਂ ਕਿ ਟੈਕਸ ਅਧਿਕਾਰੀਆਂ ਨੇ ਉਨ੍ਹਾਂ ਦੇ ਕੁਝ ਬੈਂਕ ਖਾਤੇ ਇਸ ਤਰ੍ਹਾਂ ਫਰੀਜ਼ ਕਰ ਦਿੱਤੇ ਹਨ ਕਿ ਆਉਂਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਲਈ ਅਸਰਦਾਰ ਢੰਗ ਨਾਲ ਚੋਣ ਪ੍ਰਚਾਰ ਕਰਨਾ ਔਖਾ ਹੋ ਜਾਵੇਗਾ।’ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮਸਲਿਆਂ ’ਤੇ ਨਿਰਪੱਖ, ਪਾਰਦਰਸ਼ੀ ਤੇ ਸਮੇਂ ਸਿਰ ਕਾਨੂੰਨੀ ਪ੍ਰਕਿਰਿਆ ’ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਹਾਲਾਂਕਿ ਕਿਸੇ ਵੀ ਨਿੱਜੀ ਕੂਟਨੀਤਕ ਗੱਲਬਾਤ ਬਾਰੇ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਤੇ ਕਿਹਾ, ‘ਜੋ ਮੈਂ ਇੱਥੋਂ ਕਿਹਾ ਹੈ, ਉਹੀ ਅਸੀਂ ਜਨਤਕ ਤੌਰ ’ਤੇ ਕਿਹਾ ਹੈ। ਸਾਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਇਸ ’ਤੇ ਇਤਰਾਜ਼ ਹੋਣਾ ਚਾਹੀਦਾ ਹੈ।’ ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤ ਵਿੱਚ ਅਮਰੀਕੀ ਮਿਸ਼ਨ ਦੀ ਕਾਰਜਕਾਰੀ ਡਿਪਟੀ ਮੁਖੀ ਗਲੋਰੀਆ ਬਰਬੈਨਾ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰ ’ਚੋਂ ਬਾਹਰ ਨਿਕਲਦੀ ਦਿਖਾਈ ਦਿੱਤੀ। ਇੱਥੇ ਉਨ੍ਹਾਂ ਵੱਲੋਂ ਘੱਟੋ-ਘੱਟ 40 ਮਿੰਟ ਮੀਟਿੰਗ ਕੀਤੀ ਗਈ। -ਏਐੱਨਆਈ
ਅਮਰੀਕਾ ਦੀਆਂ ਟਿੱਪਣੀਆਂ ਗ਼ੈਰਜ਼ਰੂਰੀ: ਭਾਰਤ
ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਾਮਲੇ ’ਚ ਕੀਤੀਆਂ ਗਈਆਂ ਟਿੱਪਣੀਆਂ ਗ਼ੈਰਜ਼ਰੂਰੀ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਦੇਸ਼ ਨੂੰ ਆਪਣੀਆਂ ਆਜ਼ਾਦ ਤੇ ਮਜ਼ਬੂਤ ਜਮਹੂਰੀ ਸੰਸਥਾਵਾਂ ’ਤੇ ਮਾਣ ਹੈ ਅਤੇ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਗ਼ੈਰਜ਼ਰੂਰੀ ਬਾਹਰੀ ਪ੍ਰਭਾਵ ਤੋਂ ਬਚਾਉਣ ਲਈ ਪ੍ਰਤੀਬੱਧ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਪ੍ਰੈੱਸ ਕਾਨਫਰੰਸ ਦੌਰਾਨ ਵਾਸ਼ਿੰਗਟਨ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਸਬੰਧ ਵਿੱਚ ਨਵੀਂ ਦਿੱਲੀ ਦੇ ਪੱਖ ਬਾਰੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘ਬੀਤੇ ਦਿਨ ਭਾਰਤ ਨੇ ਅਮਰੀਕੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਸਾਹਮਣੇ ਅਮਰੀਕੀ ਵਿਦੇਸ਼ ਵਿਭਾਗ ਦੀਆਂ ਟਿੱਪਣੀਆਂ ਦੇ ਸਬੰਧ ਵਿੱਚ ਆਪਣਾ ਸਖਤ ਇਤਰਾਜ਼ ਤੇ ਵਿਰੋਧ ਦਰਜ ਕਰਵਾਇਆ ਸੀ।’ ਉਨ੍ਹਾਂ ਕਿਹਾ ਕਿ ਵਿਦੇਸ਼ ਵਿਭਾਗ (ਅਮਰੀਕਾ) ਵੱਲੋਂ ਪਿੱਛੇ ਜਿਹੇ ਕੀਤੀਆਂ ਗਈਆਂ ਟਿੱਪਣੀਆਂ ਗ਼ੈਰਜ਼ਰੂਰੀ ਸਨ। ਉਨ੍ਹਾਂ ਕਿਹਾ, ‘ਸਾਡੀ ਚੋਣ ਤੇ ਕਾਨੂੰਨੀ ਪ੍ਰਕਿਰਿਆਵਾਂ ’ਚ ਅਜਿਹਾ ਕੋਈ ਵੀ ਬਾਹਰੀ ਦੋਸ਼ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਨੂੰ ਆਪਣੀਆਂ ਆਜ਼ਾਦ ਤੇ ਮਜ਼ਬੂਤ ਲੋਕਤੰਤਰੀ ਸੰਸਥਾਵਾਂ ’ਤੇ ਮਾਣ ਹੈ। ਅਸੀਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਗੈਰਜ਼ਰੂਰੀ ਬਾਰੀ ਪ੍ਰਭਾਵ ਤੋਂ ਬਚਾਉਣ ਲਈ ਪ੍ਰਤੀਬੱਧ ਹਾਂ।’ -ਪੀਟੀਆਈ