ਪਾਣੀ ਲਾਉਣ ਨੂੰ ਲੈ ਕੇ ਚੱਲੀਆਂ ਗੋਲੀਆਂ
ਪੱਤਰ ਪ੍ਰੇਰਕ
ਘਨੌਲੀ, 24 ਜੁਲਾਈ
ਅੱਜ ਦੇਰ ਸ਼ਾਮ ਇੱਥੋਂ ਨਜ਼ਦੀਕੀ ਪਿੰਡ ਲੋਹਗੜ੍ਹ ਫਿੱਡੇ ਵਿੱਚ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਤਕਰਾਰਬਾਜ਼ੀ ਦੀ ਨੌਬਤ ਗੋਲੀਬਾਰੀ ਤੱਕ ਪੁੱਜ ਗਈ, ਜਿਸ ਦੌਰਾਨ ਦੋਵੇਂ ਧਿਰਾਂ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ। ਚੌਕੀ ਇੰਚਾਰਜ ਸਮਰਜੀਤ ਸਿੰਘ ਨੇ ਦੱਸਿਆ ਕਿ ਬਿੰਦਰ ਅਤੇ ਸੱਤੂ ਪੁੱਤਰ ਬਹਾਦਰ ਸਿੰਘ ਵਾਸੀ ਰਾਵਲਮਾਜਰਾ ਨੇ ਪਿੰਡ ਲੋਹਗੜ੍ਹ ਫਿੱਡੇ ਵਿੱਚ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਇਸੇ ਥਾਂ ’ਤੇ ਹਰਮੀਤ ਸਿੰਘ ਅਤੇ ਪਰਦੀਪ ਸਿੰਘ ਵਾਸੀ ਲੋਹਗੜ੍ਹ ਫਿੱਡੇ ਦੀ ਆਪਣੀ ਜ਼ਮੀਨ ਹੈ। ਹਰਮੀਤ ਸਿੰਘ ਦੀ ਜ਼ਮੀਨ ਨੂੰ ਨਹਿਰੀ ਪਾਣੀ ਲੱਗਦਾ ਹੈ, ਜਦੋਂ ਕਿ ਸੱਤੂ ਮੋਟਰ ਨਾਲ ਪਾਣੀ ਲਾਉਂਦੇ ਹਨ, ਪਰ ਇੱਕ ਥਾਂ ’ਤੇ ਮੋਟਰ ਅਤੇ ਨਹਿਰ ਦਾ ਪਾਣੀ ਇੱਕੋ ਹੀ ਪਾਈਪ ਵਿੱਚੋਂ ਦੀ ਲੰਘਦਾ ਹੈ। ਅੱਜ ਦੇਰ ਸ਼ਾਮ ਦੋਵੇਂ ਧਿਰਾਂ ਇੱਕ ਦੂਜੇ ਤੋਂ ਪਹਿਲਾਂ ਪਾਈਪ ਵਿੱਚੋਂ ਪਾਣੀ ਲੰਘਾਉਣ ਦੀ ਜ਼ਿੱਦ ਕਰਨ ਲੱਗ ਪਈਆਂ, ਜਿਸ ਦੌਰਾਨ ਪਹਿਲਾਂ ਦੋਵਾਂ ਧਿਰਾਂ ਵਿੱਚ ਹੱਥੋਪਾਈ ਹੋਈ ਤੇ ਥੋੜ੍ਹੀ ਦੇਰ ਬਾਅਦ ਸੱਤੂ ਵਾਸੀ ਰਾਵਲਮਾਜਰਾ ਘਰੋਂ ਬੰਦੂਕ ਚੁੱਕ ਲਿਆਇਆ ਤੇ ਉਸ ਨੇ ਗੋਲੀ ਚਲਾ ਦਿੱਤੀ, ਜਿਹੜੀ ਕਿ ਹਰਮੀਤ ਸਿੰਘ ਦੀ ਲੱਤ ਵਿੱਚ ਜਾ ਲੱਗੀ।
ਇਸੇ ਦੌਰਾਨ ਸੱਤੂ ਦੇ ਭਰਾ ਬਿੰਦਰ ਦੇ ਵੀ ਗੋਲੀ ਲੱਗੀ, ਪਰ ਉਸ ਦੇ ਗੋਲੀ ਲੱਗਣ ਸਬੰਧੀ ਕਾਰਨ ਦਾ ਨਹੀਂ ਪਤਾ ਲੱਗ ਸਕਿਆ। ਦੋਵਾਂ ਧਿਰਾਂ ਨੂੰ ਪਹਿਲਾਂ ਸਿਵਲ ਹਸਪਤਾਲ ਰੂਪਨਗਰ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਚੰਡੀਗੜ੍ਹ 32 ਸੈਕਟਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਕਲਮਬੱਧ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।