ਅਸੀਂ ਜੋਗੀ ਹੋਵਣ ਚੱਲੇ
ਬਲਵਿੰਦਰ ਬਾਘਾ
ਮਹਿਰਮ ਸਾਡੇ ਛੱਡਕੇ ਤੁਰ ਗਏ,
ਅਸੀਂ ਰਹਿ ਗਏ ’ਕੱਲ-ਮੁਕੱਲੇ।
ਮਾਏ ਨੀਂ! ਅਸੀਂ ਜੋਗੀ ਹੋਵਣ ਚੱਲੇ।
ਮਾਏ ਨੀਂ! ਇਹ ਦੁਨੀਆਂ ਕੇਹੀ,
ਡਾਹਢਾ ਜ਼ੁਲਮ ਕਮਾਵੇ।
ਕੂੜ ਕਬਾੜਾ ਸਿਰ ’ਤੇ ਚੁੱਕਦੀ,
ਸੱਚ ਨੂੰ ਪਈ ਡਰਾਵੇ।
ਕੰਮ ਕਰਦੀ ਝੱਲ ਵਲੱਲੇ...
ਮਾਏ ਨੀਂ! ਅਸੀਂ ਜੋਗੀ ਹੋਵਣ ਚੱਲੇ।
ਮਾਏ ਨੀਂ! ਇਹ ਪਿਆਰ ਦਾ ਸੋਕਾ,
ਜ਼ਿੰਦਗੀ ਸੁੱਕਦੀ ਜਾਪੇ।
ਮਨ ਦੇ ਵਿਹੜੇ ਘੋਰ ਉਦਾਸੀ,
ਗ਼ਮ ਦਾ ਰਾਗ ਅਲਾਪੇ।
ਦਰ ਪੀੜਾਂ ਆਣ ਕੇ ਮੱਲੇ...
ਮਾਏ ਨੀਂ! ਅਸੀਂ ਜੋਗੀ ਹੋਵਣ ਚੱਲੇ।
ਮਾਏ ਨੀਂ! ਲੋਕੀਂ ਝੱਲਾ ਸੱਦਣ,
ਦਿੰਦੇ ਮਿਹਣੇ ਤਾਅਨੇ।
ਹੁਣ ਆਪਣੇ ਹਮਸਾਏ ਵੀ ਤਾਂ,
ਹੋ ਗਏ ਸੱਤ ਬਿਗਾਨੇ।
ਜਿੰਦ ਪੀੜ ਹਿਜਰ ਦੀ ਝੱਲੇ...
ਮਾਏ ਨੀਂ! ਅਸੀਂ ਜੋਗੀ ਹੋਵਣ ਚੱਲੇ।
ਮਾਏ ਨੀਂ! ਸਾਥੋਂ ਹਾਸੇ ਰੁੱਸ ਗਏ,
ਖ਼ੁਸ਼ੀਆਂ ਕਰੇ ਕਿਨਾਰੇ।
ਬਿਨਾ ਫ਼ਕੀਰੀ ਸਾਡੇ ਕੋਲੇ,
ਹੋਰ ਨਾ ਕੋਈ ਚਾਰੇ।
ਬਸ ਗ਼ਮ ਦਾ ਕਾਸਾ ਪੱਲੇ...
ਮਾਏ ਨੀਂ! ਅਸੀਂ ਜੋਗੀ ਹੋਵਣ ਚੱਲੇ।
ਮਾਏ ਨੀਂ! ਉਹ ਮੁੜ ਨਾ ਆਇਆ,
ਸੁਪਨਿਆਂ ਦਾ ਸ਼ਹਿਜ਼ਾਦਾ।
ਗੱਲ ਗੱਲ ’ਤੇ ਕਰਦਾ ਸੀ ਜੋ,
ਜਿਊਣ ਮਰਨ ਦਾ ਵਾਅਦਾ।
‘ਬਾਘੇ’ ਲੱਖ ਸੁਨੇਹੇ ਘੱਲੇ ....
ਮਾਏ ਨੀਂ! ਅਸੀਂ ਜੋਗੀ ਹੋਵਣ ਚੱਲੇ।
ਸੰਪਰਕ: 94636-26920
* * *
ਗ਼ਜ਼ਲ
ਜਸਵਿੰਦਰ ਸਿੰਘ ਰੁਪਾਲ
ਕਿ ਸਾਂਝਾਂ ਬਣਦੀਆਂ ਰਹਿਣਾ, ਤੇ ਬਣ ਕੇ ਟੁੱਟਦੀਆਂ ਰਹਿਣਾ।
ਤੇ ਫੁੱਲਾਂ ਝੜਦਿਆਂ ਰਹਿਣਾ, ਕਰੂੰਬਲਾਂ ਫੁੱਟਦਿਆਂ ਰਹਿਣਾ।
ਸਮਾਂ ਉਹ ਆਵਣਾ ਇੱਕ ਦਿਨ, ਇਕੱਠੇ ਹੋਣਗੇ ਕਿਰਤੀ,
ਉਹ ਜਦ ਤੱਕ ਨੀਂਦ ਅੰਦਰ ਨੇ, ਉਦੋਂ ਤੱਕ ਲੁੱਟਦਿਆਂ ਰਹਿਣਾ।
ਨਾ ਜਿੱਤ ਜਾਵੇ ਸਚਾਈ ਹੀ, ਇਹ ਬਾਜ਼ੀ ਹੱਕ ਦੀ ਕਿਧਰੇ,
ਕਿ ਸ਼ਕੁਨੀ ਚਾਲ ਹੈ ਚੱਲਣੀ, ਤੇ ਪਾਸਾ ਸੁੱਟਦਿਆਂ ਰਹਿਣਾ।
ਪਛਾਣੋ ਸਾਜ਼ਿਸ਼ਾਂ ਯਾਰੋ, ਨਫ਼ਰਤਾਂ ਬੀਜਦੈ ਹਾਕਮ,
ਨਾ ਵੱਡੇ ਰੁੱਖ ਬਣ ਜਾਵਣ, ਜੜ੍ਹੋਂ ਹੀ ਪੁੱਟਦਿਆਂ ਰਹਿਣਾ।
ਕਿਉਂ ਫੁੱਲ ਬਣਨ ਤੋਂ ਪਹਿਲਾਂ, ਕਲੀਆਂ ਕੁਚਲੀਆਂ ਜਾਵਣ,
ਇਨ੍ਹਾਂ ਚਾਵਾਂ ਨੂੰ ਕਦ ਤੀਕਰ, ਹੈ ਅੰਦਰ ਘੁੱਟਦਿਆਂ ਰਹਿਣਾ।
ਉਬਾਲੇ ਖ਼ੂਨ ਦੇ ਲਿਖਣੇ, ‘ਰੁਪਾਲ’ ਐਸਾ ਤੂਫ਼ਾਨ ਆਵੇ,
ਜਿਸਮ ਜ਼ਾਲਮ ਦੇ ਤੋਂ ਤਦ ਤਾਂ, ਪਸੀਨੇ ਛੁੱਟਦਿਆਂ ਰਹਿਣਾ।
ਸੰਪਰਕ: 98147-15796
* * *
ਗ਼ਜ਼ਲ
ਭੁਪਿੰਦਰ ਸਿੰਘ ਪੰਛੀ
ਛੱਡ ਤੂੰ ਲੋੜਾਂ ਗਰਜ਼ਾਂ ਨੂੰ
ਪਛਾਣ ਆਪਣੇ ਫ਼ਰਜ਼ਾਂ ਨੂੰ
ਨਾ ਸੁਣਾਉਣ ਜੋ ਲੋਕ ਗੀਤ
ਛੱਡ ਦੇ ਐਸੀਆਂ ਤਰਜ਼ਾਂ ਨੂੰ
ਕੌੜਤੁੰਮਾ ਰੱਖ ਨਾ ਜੀਭ ’ਤੇ
ਵਗਾਹ ਕੇ ਮਾਰ ਹਰਜ਼ਾਂ ਨੂੰ
ਜ਼ਬਾਨ ’ਤੇ ਰੱਖ ਪੰਜਾਬੀ ਬੋਲੀ
ਲਾਹ ਦੇ ਮਾਂ ਦਿਆਂ ਕਰਜ਼ਾਂ ਨੂੰ
ਮੌਲ਼ਾ ਕਿਸੇ ਦੀ ਛੱਤ ਨਾ ਚੋਵੇ
ਪੂਰਿਆਂ ਕਰਦੇ ਗਰਜ਼ਾਂ ਨੂੰ
ਕਿਸੇ ਵੈਦ ਨਾ ਪਛਾਣਿਆ
ਦਿੱਤੀਆਂ ਤੇਰੀਆਂ ਮਰਜ਼ਾਂ ਨੂੰ
ਯਾਰਾ ਗੇੜਾ ਮਾਰ ਜਾ ਆ ਕੇ
ਸੁਣ ਪੰਛੀ ਦੀਆਂ ਅਰਜ਼ਾਂ ਨੂੰ
* * *
ਪ੍ਰਣ ਹੈ
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਗੁਰੂਆਂ ਪੀਰਾਂ ਜਾਈ ਦਾ ਸਤਿਕਾਰ ਕਰਾਂਗੇ ਸਾਰੇ।
ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਾਂਗੇ ਸਾਰੇ।
ਪ੍ਰਣ ਹੈ ਮਾੜਾ ਨਹੀਂਓਂ ਕਰਨਾ ਭਾਵੇਂ ਗ਼ੈਰ ਹੋਵੇ,
ਬੰਦਿਆਂ ਵਿੱਚ ਰੱਬ ਦਾ ਬਸ ਦੀਦਾਰ ਕਰਾਂਗੇ ਸਾਰੇ।
ਰੱਖਣਾ ਦਿਲ ਦੇ ਵਿੱਚ ਵਸਾ ਕੇ ਇਸ਼ਕ ਪੰਜਾਬੀ ਦਾ,
ਦੂਰ ਦਿਲਾਂ ’ਚੋਂ ਹਉਮੈ ਤੇ ਹੰਕਾਰ ਕਰਾਂਗੇ ਸਾਰੇ।
ਮਿੱਤਰਤਾ ਕਰ ਪਸ਼ੂ ਪੰਛੀਆਂ ਤੇ ਪ੍ਰਕਿਰਤੀ ਨਾਲ,
ਨਜ਼ਰ ਇਹ ਧਰਤੀ ਪਾਣੀ ਵੱਲ ਵੀ ਯਾਰ ਕਰਾਂਗੇ ਸਾਰੇ।
ਛੱਡ ਕੇ ‘ਲੱਖਿਆ’ ਉਲਟੇ ਖੋਟੇ ਧੰਦੇ ਦੁਨੀਆ ਦੇ,
ਆਪਣੀ ਬੋਲੀ ਦਾ ਵੀ ਕੁਝ ਪ੍ਰਚਾਰ ਕਰਾਂਗੇ ਸਾਰੇ।
ਸੰਪਰਕ: 98552-27530
* * *
ਰਹਿੰਦਾ ਹੱਸਦਾ...
ਗਗਨਪ੍ਰੀਤ ਸੱਪਲ
ਕੁਦਰਤ ਦੀ ਬੁੱਕਲ ’ਚ ਬਹਿਣਾ ਅਸੀਂ ਭੁੱਲ ਗਏ ਹਾਂ,
ਫੇਸਬੁੱਕ, ਇੰਸਟਾਗ੍ਰਾਮ ਤੇ ਵੱਟਸਐਪ ’ਤੇ ਡੁੱਲ੍ਹ ਗਏ ਹਾਂ।
ਲੱਭਦੇ ਫਿਰਦੇ ਹਾਂ ਅਸੀਂ ਹੁਣ ਜ਼ਿੰਦਗੀ,
ਸਾਹ ਲੈਣੇ ਵੀ ਹੋ ਗਏ ਹੁਣ ਮੁੱਲ ਦੇ ਆ।
ਆਲਾ ਦੁਆਲਾ ਭੁੱਲ ਕੇ ਖੂੰਜੇ ਲੱਗ ਬਹਿ ਗਏ ਹਾਂ,
ਮਾਪਿਆਂ ਤੇ ਭੈਣ ਭਰਾਵਾਂ ਤੋਂ ਦੂਰ ਹੋ ਰਹਿ ਗਏ ਹਾਂ।
ਸਿਹਤ ਵੱਲ ਨਾ ਧਿਆਨ ਕਿਸੇ ਦਾ,
ਫਾਸਟ ਫੂਡ ਦੇ ਸ਼ੌਕੀਨ ਬਣ ਬਹਿ ਗਏ ਹਾਂ।
ਪੈਸੇ ਕਮਾਉਣ ਦੇ ਲੱਭਣ ਤਰੀਕੇ ਹੱਥੀਂ ਕਿਰਤ ਨਾ ਕਰਦੇ,
ਵਿਹਲੇ ਬੈਠਦੇ ਜਾਂ ਰਹਿਣ ਸੌਂਦੇ ਰਤਾ ਕਿਸੇ ਤੋਂ ਨਾ ਡਰਦੇ।
ਗਗਨ ਜ਼ਿੰਦਗੀ ਦਾ ਤਜ਼ਰਬਾ ਬੱਸ ਇਹੋ ਦੱਸਦਾ,
ਇਨਸਾਨ ਹੁਣ ਇਨਸਾਨ ’ਤੇ ਰਹਿੰਦਾ ਹੱਸਦਾ।
ਸੰਪਰਕ: 62801-57535
* * *
ਹੱਲ
ਜਗਜੀਤ ਗੁਰਮ
ਮੌਲਾ ਕੋਈ ਹੱਲ ਕਰ ਦੇ ਵਧ ਚੁੱਕੀਆਂ ਤੂੰ ਭੁੱਖਾਂ ਦਾ
ਮੈਂ ਦੁੱਖ ਵੰਡਾ ਕੇ ਆਇਆ ਹਾਂ ਛਾਂਗੇ ਹੋਏ ਰੁੱਖਾਂ ਦਾ।
ਕੁਝ ਦੇਸ਼ਾਂ ਨੇ ਚੌਧਰ ਖ਼ਾਤਰ ਲੱਖਾਂ ਲੋਕੀਂ ਕਤਲ ਕਰੇ
ਜਾਨਵਰਾਂ ਤੋਂ ਭੈੜਾ ਹੈ ਅੱਜਕੱਲ੍ਹ ਵਿਹਾਰ ਮਨੁੱਖਾਂ ਦਾ।
ਔਖਾ ਵੇਲ਼ਾ ਆਇਆ ਤਾਂ ਆਪਣੇ ਤੇ ਬੇਗਾਨੇ ਪਰਖੇ ਗਏ
ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ ਆਏ ਹੋਏ ਦੁੱਖਾਂ ਦਾ।
ਠੋਕਰ ਖਾ ਕੇ ਨਹੁੰਆਂ ਨਾਲੋਂ ਮਾਸ ਮੇਰਾ ਸੀ ਅੱਡ ਹੋਇਆ
ਕਰਿਓ ਨਾ ਵਿਸ਼ਵਾਸ ਕਦੇ ਵੀ ਸੋਹਣੇ ਸੋਹਣੇ ਮੁੱਖਾਂ ਦਾ।
ਜਿਹੜੇ ਨੇ ਵਿਦੇਸ਼ੀਂ ਤੁਰ ਗਏ ਉਨ੍ਹਾਂ ਦਾ ਮੁੜਨਾ ਮੁਸ਼ਕਿਲ
ਕੀ ਨਿਕਲੇਗਾ ਦੱਸ ਨਤੀਜਾ ਮਾਵਾਂ ਦੀਆਂ ਸੁੱਖਾਂ ਦਾ।
ਯੁੱਗ ਮਸ਼ੀਨੀ ਹੈ ਤਾਂ ਹੀ ਤਾਂ ਹੋ ਗਏ ਲੋਕ ਮਸ਼ੀਨੀ ਸਭ
ਲੋਕ ਭਰੋਸਾ ਕਰਦੇ ਨਾ ਹੁਣ ਆਪਣੀਆਂ ਹੀ ਕੁੱਖਾਂ ਦਾ।
ਸੰਪਰਕ: 99152-64836
* * *
ਗ਼ਜ਼ਲ
ਰਾਕੇਸ਼ ਕੁਮਾਰ
ਬਨਾਵਟੀ ਫੁੱਲਾਂ ਦੇ ਨਾਲ ਘਰ ਸਜਾਏ ਨੇ।
ਨਾ ਦਿਲ ਦੇ ਬਾਗ਼ੀਂ ਸੂਹੇ ਫੁੱਲ ਲਗਾਏ ਨੇ।
ਹੱਦਾਂ ਵੰਡਣਾ ਬੰਦੇ ਦੀ ਆਦਤ ਬਣ ਗਈ,
ਖਿੱਚ ਦੀਵਾਰਾਂ ਘਰ ਤੋਂ ਮਕਾਨ ਬਣਾਏ ਨੇ।
ਕਰ ਰਿਹਾ ਹੈ ਚਲਾਕੀਆਂ ਤੇ ਬੇਹੂਦਗੀਆਂ,
ਆਪਣੇ ਵੱਲ ਕਰਦਾ ਜਿਹੜੇ ਹੱਕ ਪਰਾਏ ਨੇ।
ਵੇਖੀਂ ਜਾ ਕੇ ਉੱਜੜ ਗਈ ਕਸ਼ਮੀਰ ਦੀ ਕਲ਼ੀ,
ਪੱਥਰਬਾਜ਼ਾਂ ਨੇ ਕਿੰਨਿਆਂ ਦੇ ਲਹੂ ਵਹਾਏ ਨੇ।
ਮੱਚਦੇ ਸਿਵੇ ਨਾ ਜਾਣ ਦੇਖੇ ਜਵਾਨੀਆਂ ਦੇ ‘ਰਾਕੇਸ਼’,
ਨਸ਼ਿਆਂ ਦੇ ਵਿੱਚ ਮਾਵਾਂ ਨੇ ਪੁੱਤ ਗੁਆਏੇ ਨੇ।
ਸੰਪਰਕ: 94630-24455
* * *
ਗ਼ਜ਼ਲ
ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਮੁਸ਼ਕਿਲ ਕੀ, ਸਰ ਕਰਨੀ ਮੰਜ਼ਿਲ, ਕਰ ਅਰਦਾਸ ਚੜ੍ਹਾਂਗਾ ਜਿੱਥੇ
ਕਰਨ ਸਲਾਮਾਂ ਪਰਬਤ ਖੜ੍ਹਨੇ, ਇੱਕ ਇੱਕ ਕਦਮ ਧਰਾਂਗਾ ਜਿੱਥੇ।
ਮੇਰੀ ਨਸ ਨਸ ਵਗਦੈ ਲਾਵਾ, ਪਰਬਤ ਰੋਹ ਦਾ ਛੂਹਾਂ ਅੰਬਰ
ਖ਼ੁਦ ਠੱਲ੍ਹ ਜਾਣੈ ਤੂਫ਼ਾਨਾਂ ਨੇ, ਹਿੱਕ ਤਾਣ ਮੈਂ ਖੜ੍ਹਾਂਗਾ ਜਿੱਥੇ।
ਨਾਲ ਅਦਬ ਦੇ ਇੱਕ ਦਿਨ ਝੁਕ ਕੇ, ਦੁਨੀਆ ਦੇਣ ਸਲਾਮੀ ਆਊ
ਆਪਣੀ ਧਰਤੀ, ਬੋਲੀ ਖ਼ਾਤਰ, ਬਣ ਕੇ ਗੀਤ ਮਰਾਂਗਾ ਜਿੱਥੇ।
ਅੱਖਰ ਅੱਖਰ ਪੰਜਾਬੀ ਦਾ, ਰਾਗ਼ ਇਬਾਦਤ ਬਣਨੈ ਉਸ ਦਿਨ
ਨਾਲ ਰਬਾਬੀ ਮਰਦਾਨੇ ਦੀ, ਨਾਨਕ, ਗੱਲ ਕਰਾਂਗਾ ਜਿੱਥੇ।
ਪੰਜ ਦਰਿਆ ਮੇਰੇ, ਮੈਂ ਪੰਜਾਂ ਦਾਂ, ਠੇਠ ਜ਼ੁਬਾਂ ਹਾਂ ਮੈਂ ਇਸ ਦੀ
ਚੱਪਾ ਚੱਪਾ ਮਹਿਕਾ ਦੇਵਾਂਗਾ, ਲਿਖ ਪੰਜਾਬੀ, ਪੜ੍ਹਾਂਗਾ ਜਿੱਥੇ।
ਕਤਲ ਹਕੂਮਤ ਕਰਦੀ ਆਈ, ਹੱਕ ਸੱਚ ਦੇ ਪਰਵਾਨਿਆਂ ਨੂੰ
ਇਹ ਗੁੜ੍ਹਤੀ ਤਾਂ ਮਿੱਟੀ ਦੀ ਹੈ, ਮਹਿਕੂ ਮਿੱਟੀ ਮਲਾਂਗਾ ਜਿੱਥੇ।
ਝੂਲ ਨਿਸ਼ਾਨ ਗਵਾਹੀ ਦੇਵਣ, ਜਿੱਥੋਂ ਦੇਣ ਸ਼ਹਾਦਤ ਚੱਲੇ
ਦੇ ਇਤਿਹਾਸ ਗਵਾਹੀ ਬੋਲੂ, ‘ਬਾਲੀ’ ਮੌਤ ਵਰਾਂਗਾ ਜਿੱਥੇ।
ਗੋਬਿੰਦ ਜੰਮਣ ਮਾਵਾਂ ਇੱਥੇ, ਨਲੂਏ ਤੇ ਰਣਜੀਤ ਬਹਾਦਰ
ਅੰਤ ਜਬਰ ਦਾ ਹੋ ਜਾਣੈ ਤਦ, ਕਲਮ ਕਮਾਨ ਫੜਾਂਗਾ ਜਿੱਥੇ।
ਹੋਸ਼ ਗੁਆ ਕੇ ਕਿਰਦਾਰ ਗੁਆ ਨਾ, ਔਕਾਤ ਪਛਾਣੀਂ ਖ਼ੁਦ ਦੀ
ਦੁਰਕਾਰ ਦੇਵੇਗੀ ਕਬਰੋਂ ਮਿੱਟੀ, ਨਾਲ ਗੁਨਾਹ ਦੜੇਂਗਾ ਜਿੱਥੇ।
ਸੰਪਰਕ: 94651-29168
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਨੈਣਾਂ ਨਾਲ ਮਿਲ ਜਾਣ ਨੈਣ, ਗੱਲ ਤਾਂ ਬਣਦੀ ਏ
ਬਿਨ ਬੋਲਿਆਂ ਹੀ ਲਬ ਕਹਿਣ, ਗੱਲ ਤਾਂ ਬਣਦੀ ਏ।
ਇਹ ਦੁਨੀਆਂ ਚਾਹੇ, ਛੱਜ ਪਾ ਪਾ ਕੇ ਛੱਟ ਦੇਵੇ
ਜਦ ਆਸ਼ਕ ਸਭ ਕੁਝ ਸਹਿਣ, ਗੱਲ ਤਾਂ ਬਣਦੀ ਏ।
ਜਦ ਯਾਰ ਦੀ ਕੁੱਲੀ, ਮਹਿਲੋਂ ਚੰਗੀ ਹੋ ਜਾਵੇ
ਫਿਰ ਤਖ਼ਤ-ਮੁਨਾਰੇ ਢਹਿਣ, ਗੱਲ ਤਾਂ ਬਣਦੀ ਏ।
ਹੈ ਜਿਸ ਦੇ ਅੰਦਰ ਜਿਗਰਾ, ਔਖੀ ਟਾਲਣ ਦਾ
ਨਾ ਥੱਕ ਹਾਰ ਕੇ ਬਹਿਣ, ਗੱਲ ਤਾਂ ਬਣਦੀ ਏ।
ਦਿਲ ਯਾਰ ਦੀ ਦੀਦ ਨੂੰ ਤਰਸੇ, ਰੂਹ ਕੁਰਲਾਵੇ ਵੇ
ਇਹ ਅੱਖੀਆਂ ਛਮ ਛਮ ਵਹਿਣ, ਗੱਲ ਤਾਂ ਬਣਦੀ ਏ।
ਸਭ ਲੋਕੀਂ ਪੂਜਣ ਰੱਬ, ਤੇ ਲੱਖ ਵਾਰੀ ਪੂਜਣ
ਇਹ ਯਾਰ ਨੂੰ ਹੀ ਰੱਬ ਕਹਿਣ, ਗੱਲ ਤਾਂ ਬਣਦੀ ਏ।
ਸੰਪਰਕ: 97816-46008
* * *
ਗੀਤ
ਗੋਗੀ ਜ਼ੀਰਾ
ਰੁਕ ਨਾ ਤੁਰਿਆ ਚੱਲ ਵੇ ਵਣਜਾਰਿਆ,
ਆਫ਼ਤਾਂ ਨੇ ਤੈਨੂੰ ਹੈ ਵੰਗਾਰਿਆ,
ਰੁਕ ਨਾ ਤੁਰਿਆ ਚੱਲ ਵੇ ਵਣਜਾਰਿਆ।
ਔਖੇ ਪੈਂਡੇ ਜਾਣ ਨਾ ਜਾਈਂ ਡੋਲ ਤੂੰ,
ਹਿੰਮਤ ਵਾਲੀ ਲੈ ਪਟਾਰੀ ਖੋਲ੍ਹ ਤੂੰ,
ਪੈਣੀ ਲਾਹਣਤ ਮਿੱਤਰਾ ਜੇਕਰ ਹਾਰਿਆ,
ਰੁਕ ਨਾ ਤੁਰਿਆ ਚੱਲ ਵੇ ਵਣਜਾਰਿਆ।
ਜਿੱਤਣਾ ਹੁੰਦਾ ਜਿਨ੍ਹਾਂ ਉਹ ਕਦੇ ਥੱਕਦੇ ਨਾ,
ਰਾਹ ਬਣਾਉਂਦੇ ਖ਼ੁਦ ਲਈ ਉਹ ਅੱਕਦੇ ਨਾ,
ਨਾਂ ਚਮਕਦਾ ਜਿਨ੍ਹਾਂ ਸਭ ਕੁਝ ਵਾਰਿਆ,
ਰੁਕ ਨਾ ਤੁਰਿਆ ਚੱਲ ਵੇ ਵਣਜਾਰਿਆ।
ਮਿਲੂ ਸਫਲਤਾ ਕਿੱਥੇ ਭੱਜ ਕੇ ਜਾਵੇਗੀ,
‘ਗੋਗੀ’ ਤੇਰੀ ਮਿਹਨਤ ਰੰਗ ਲਿਆਵੇਗੀ,
ਲੱਗੂ ਤੀਰ ਨਿਸ਼ਾਨੇ ਤੇਰਾ ਮਾਰਿਆ,
ਰੁਕ ਨਾ ਤੁਰਿਆ ਚੱਲ ਵੇ ਵਣਜਾਰਿਆ।
ਸੰਪਰਕ: 97811-36240
* * *
ਵਿੱਚ ਵਿਦੇਸ਼ਾਂ...
ਸੁਰਿੰਦਰ ਮਾਣੂੰਕੇ ਗਿੱਲ
ਵਿੱਚ ਵਿਦੇਸ਼ਾਂ ਤੁਰ ਗਏ ਯਾਰੋ,
ਪੁੱਤ ਪੰਜਾਬ ਦੇ,
ਪੱਤੀ-ਪੱਤੀ ਹੋ ਗਏ ਯਾਰੋ,
ਫੁੱਲ ਗੁਲਾਬ ਦੇ।
ਕੋਈ ਹਾਕ ਮਾਰ ਕੇ ਰੋਕੇ,
ਇਨ੍ਹਾਂ ਜਾਂਦੇ ਰਾਹੀਆਂ ਨੂੰ,
ਕੌਣ ਦਿਲਾਸਾ ਦੇਵੇ,
ਪਿੱਛੇ ਰੋਂਦੀਆਂ ਮਾਈਆਂ ਨੂੰ,
ਬਾਪ ਵਿਚਾਰੇ ਵਿਲਕਣ,
ਕਾਹਦੇ ਜਿਊਣੇ ਬਾਅਦ ਦੇ,
ਵਿੱਚ ਵਿਦੇਸ਼ਾਂ ਤੁਰ ਗਏ ਯਾਰੋ,
ਪੁੱਤ ਪੰਜਾਬ ਦੇ,
ਪੱਤੀ-ਪੱਤੀ ਹੋ ਗਏ ਯਾਰੋ,
ਫੁੱਲ ਗੁਲਾਬ ਦੇ।
ਕਿਵੇਂ ‘ਸੁਰਿੰਦਰ’ ਰੋਕੇ,
ਹੁਣ ਇਹ ਰੋਕਿਆਂ ਰੁਕਣੇ ਨਹੀਂ,
ਸਰਕਾਰਾਂ ਦੇ ਬੀਜੇ ਕੰਡੇ,
ਇਹ ਕਿਸੇ ਵੀ ਚੁਗਣੇ ਨਹੀਂ,
ਜੇ ਲੀਡਰ ਹੁੰਦੇ ਚੰਗੇ,
ਮੋਤੀ ਹੁੰਦੇ ਤਾਜ ਦੇ,
ਵਿੱਚ ਵਿਦੇਸ਼ਾਂ ਤੁਰ ਗਏ ਯਾਰੋ,
ਪੁੱਤ ਪੰਜਾਬ ਦੇ,
ਪੱਤੀ-ਪੱਤੀ ਹੋ ਗਏ ਯਾਰੋ,
ਫੁੱਲ ਗੁਲਾਬ ਦੇ।
ਸੰਪਰਕ: 88723-21000
* * *
ਰਾਹ ਦਸੇਰਾ
ਵਰਿੰਦਰ ਸ਼ਰਮਾ
ਫੁੱਲਾਂ ਜੇਹਿਆਂ ਲਈ ਹੈ ਜਾਨ ਵੀ ਹਾਜ਼ਰ
ਸਾਡੀ ਨਾ ਨਿਭਦੀ ਜ਼ਰਾ ਵੀ ਖ਼ਾਰਾਂ ਨਾਲ
ਸੱਚੀ ਤੇ ਸੁੱਚੀ ਨੀਅਤ ਦੇ ਹਾਂ ਮਾਲਕ
ਨਾ ਪੁੱਗੀ ਸਾਂਝ ਬੇਈਮਾਨ ਕਿਰਦਾਰਾਂ ਨਾਲ
ਰੂਹਦਾਰੀ ਦਾ ਕਰਾਂ ਸਿਜਦਾ ਵਫ਼ਾਵਾਂ ਨੂੰ
ਲੱਖਾਂ ਕੋਹਾਂ ਦੀ ਹੈ ਦੂਰੀ ਰੱਖੀ ਮੱਕਾਰਾਂ ਨਾਲ
ਹਾਰ ਜਿੱਤ ਦਾ ਕੋਈ ਮਤਲਬ ਨਹੀਂ ਇੱਥੇ
ਤੁਰ ਜਾਣਾ ਹੈ ਆਪਣੀ ਮੰਜ਼ਿਲ ਵੱਲ ਨੂੰ
ਯਾਰੀ ਲਾਈ ਹੈ ਹਮੇਸ਼ਾ ਦਿਲਦਾਰਾਂ ਨਾਲ
ਝੂਠੀ ਪ੍ਰਸੰਸ਼ਾ ਦਾ ਨਹੀਂ ਹਾਂ ਮਾਲਕ
ਸੱਚ ’ਤੇ ਪਹਿਰਾ ਦਿੰਦਾ ਰਹਾਂਗਾ ਜ਼ਮੀਰ ਨਾਲ
ਕੱਲ੍ਹ ਦੀ ਛੱਡ ਚਿੰਤਾ ਕਰਾਂਗਾ ਅੱਜ ’ਤੇ ਵਿਚਾਰ
ਅੱਧ ਵਿਚਕਾਰ ਨਾ ਰੁਕਣਾ ਟੱਕਰ ਲੈਣੀ ਤੂਫ਼ਾਨਾਂ ਨਾਲ
ਸ਼ਾਂਤੀ ਦਾ ਹਾਮੀ ਹਾਂ ਲੜਾਈ ਝਗੜੇ ਤੋਂ ਕੋਹਾਂ ਦੂਰ
ਚੁੱਕ ਝੰਡਾ ਰਹਬਿਰ ਦਾ ਵੀ ਬਣਾਂਗਾ ਰਾਹ ਦਸੇਰਾ
ਫੇਰ ਦੂਰ ਕਰਾਂਗਾ ਇੱਥੋਂ ਹਰ ਹਾਲ ਹਨੇਰਾ।
ਸੰਪਰਕ: 94172-80333
* * *
ਉਹਦੀ ਸੂਰਤ
ਬੂਟਾ ਗੁਲਾਮੀਵਾਲਾ
ਤੇਰੇ ਬੁੱਲ੍ਹਾਂ ਵਾਲੀ ਚੁੱਪ, ਕੁਝ ਕਹਿ ਜਾਂਦੀ ਏ
ਸੱਚੀਂ ਮੁੱਚੀਂ ਧੁਰ ਅੰਦਰ ਤੱਕ ਲਹਿ ਜਾਂਦੀ ਏ
ਅਧਖਿੜੇ ਜੇ ਫੁੱਲ ਵੀ ਖਿੜ ਜਾਂਦੇ ਨੇ,
ਤੇਰੀ ਇੱਕ ਨਜ਼ਰ ਜਦ ਉਨ੍ਹਾਂ ’ਤੇ ਪੈ ਜਾਂਦੀ ਏ
ਚੁੱਪ ਬੋਲਦੀ ਭਾਵੇਂ ਤੂੰ ਖ਼ਾਮੋਸ਼ ਖੜ੍ਹੀ,
ਜਿਹੜੀ ਗੱਲ ਨਹੀਂ ਕਹਿਣੀ ਉਹ ਵੀ ਕਹਿ ਜਾਂਦੀ ਏ
ਧਰਤੀ ਦੀ ਪਿਆਸ ਬੁਝਾਏ ਮੀਂਹ ਜਦ ਪੈਂਦਾ ਏ
ਰੂਹ ਟਿੱਬਿਆਂ ਦੀ ਫੇਰ ਪਿਆਸੀ ਰਹਿ ਜਾਂਦੀ ਏ
ਸ਼ਹਿਰ ਆ ਗਿਆ ਆਪਣਾ ਜਦ ਕੋਈ ਪਿੰਡ ਛੱਡ ਕੇ,
ਯਾਦ ਤਾਂ ਉਸ ਨੂੰ ਆਪਣੇ ਪਿੰਡ ਦੀ ਰਹਿ ਜਾਂਦੀ ਏ
ਗੁਲਾਮੀ ਵਾਲਿਆ ਕੁਝ ਤਾਂ ਹੈ ਉਹਦੀ ਸੂਰਤ ਵਿੱਚ,
ਤਾਂ ਹੀ ਤੇਰੀ ਕਲਮ ਲਿਖਣ ਕੁਝ ਬਹਿ ਜਾਂਦੀ ਏ।
* * *
ਮੌਤ ਦਾ ਤਾਂਡਵ
ਹਰਪ੍ਰੀਤ ਪੱਤੋ
ਕੱਲ੍ਹ ਸੀ ਉੱਥੇ ਰੌਣਕਾਂ ਲੱਗੀਆਂ,
ਅੱਜ ਸੁੰਨੇ ਪਏ ਬਾਜ਼ਾਰ ਕੁੜੇ।
ਐਸੀ ਤਬਾਹੀ ਹੁੰਦੀ ਦੋਵਾਂ ਦੀ,
ਸ਼ਹਿਰ ਬਣੇ ਮਜ਼ਾਰ ਕੁੜੇ।
ਦੋਵੇਂ ਪਾਸਿਓਂ ਫ਼ੌਜਾਂ ਚੜ੍ਹੀਆਂ,
ਹੁੰਦੀਆਂ ਮੌਤਾਂ ਬੇਸ਼ੁਮਾਰ ਕੁੜੇ।
ਮੌਤ ਦਾ ਤਾਂਡਵ ਉੱਥੇ ਹੁੰਦਾ,
ਇਜ਼ਰਾਈਲ, ਗਾਜ਼ਾ ਵਿਚਕਾਰ ਕੁੜੇ।
ਮਾਰੇ ਜਾਂਦੇ ਨੇ ਨਿਹੱਥੇ ਲੋਕੀਂ,
ਕੀ ਬੱਚੇ ਬੁੱਢੇ ਬਿਮਾਰ ਕੁੜੇ।
ਕੋਈ ਕਿਸੇ ਦੀ ਵਾਤ ਨਾ ਪੁੱਛੇ,
ਹਰ ਕੋਈ ਦਿਸੇ ਲਾਚਾਰ ਕੁੜੇ।
ਸਾਨੂੰ ਵੀ ਕੀ ਪਤਾ ਸੀ ਲੱਗਣਾ,
ਜੇ ਨਾ ਦੱਸਦੇ ਪੱਤਰਕਾਰ ਕੁੜੇ।
ਉਨ੍ਹਾਂ ਦੀ ਵੀ ਜਾਨ ਤਲੀ ’ਤੇ,
ਉਹ ਵੀ ਜਾਂਦੇ ਹਾਰ ਕੁੜੇ।
ਘਰ ਛੱਡਣੇ ਕਿਹੜਾ ਸੌਖੇ ਹੁੰਦੇ,
ਪੁੱਛ ਵਿਛੜੇ ਜੋ ਪਰਿਵਾਰ ਕੁੜੇ।
ਪੱਤੋ, ਰੱਬ ਕਰੇ ਕੋਈ ਬੁੱਲਾ ਆਵੇ,
ਸਭ ਕੁਝ ਦੇਵੇ ਠਾਰ ਕੁੜੇ।
ਸੰਪਰਕ: 94658-21417