ਕਿਸਾਨਾਂ ਦਾ ਪਹਿਲਾਂ ਵੀ ਸਾਥ ਦਿੱਤਾ, ਹੁਣ ਵੀ ਦੇਵਾਂਗੇ: ਖੜਗੇ
ਗਗਨਦੀਪ ਅਰੋੜਾ/ ਡੀਪੀਐਸ ਬੱਤਰਾ
ਲੁਧਿਆਣਾ/ਸਮਰਾਲਾ, 11 ਫਰਵਰੀ
ਸਮਰਾਲਾ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਪਹਿਲੀ ਵਰਕਰ ਕਨਵੈਨਸ਼ਨ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਕਿਸਾਨਾਂ ਦਾ ਡੱਟ ਕੇ ਸਾਥ ਦਿੱਤਾ ਸੀ ਤੇ ਹੁਣ ਵੀ ਸਮੁੱਚੀ ਕਾਂਗਰਸ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੇ ਦਿੱਤੇ ਸੱਦੇ ਦੀ ਹਮਾਇਤ ਕੀਤੀ। ਖੜਗੇ ਨੇ ਕਿਹਾ ਕਿ ਦੇਸ਼ ਵਿੱਚ ਕਈ ਰਾਜ ਅਜਿਹੇ ਹਨ ਜਿੱਥੇ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਅਗਾਮੀ ਲੋਕ ਸਭਾ ਚੋਣਾਂ ਮਿਲ ਕੇ ਨਹੀਂ ਲੜ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਜਿੱਥੇ ‘ਇੰਡੀਆ’ ਗੱਠਜੋੜ ਨਹੀਂ ਹੋ ਰਿਹਾ, ਉਥੇ ਵੀ ਕਾਂਗਰਸ ਪੂਰੀ ਮਜ਼ਬੂਤੀ ਨਾਲ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਇੰਡੀਆ’ ਗੱਠਜੋੜ ਤੇ ਕਾਂਗਰਸ ਮੋਦੀ ਸਰਕਾਰ ਖ਼ਿਲਾਫ਼ ਡੱਟ ਕੇ ਚੋਣ ਲੜੇਗੀ।
ਸ੍ਰੀ ਖੜਗੇ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਸੁਰੱਖਿਆ ਛਤਰੀ ਦਿੱਤੀ ਹੈ। ਪੰਜਾਬ ਨੇ ਦੇਸ਼ ਨੂੰ ਸਿਪਾਹੀ ਅਤੇ ਕਿਸਾਨ ਦਿੱਤੇ ਹਨ, ਪਰ ਮੋਦੀ ਸਰਕਾਰ ਨੇ 10 ਸਾਲਾਂ ਵਿੱਚ ਇਨ੍ਹਾਂ ਦੋਵਾਂ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੁੜ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੂੰ ਮੁੜ ਹਰਿਆਣਾ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਅਤਿਵਾਦੀ ਤੱਕ ਕਹਿ ਦਿੱਤਾ ਸੀ। ਹੁਣ ਤੱਕ ਮੋਦੀ ਸਰਕਾਰ ਨੇ ਤਿੰਨ ਖੇਤੀ ਬਿੱਲ ਰੱਦ ਨਹੀਂ ਕੀਤੇ ਹਨ, ਬਲਕਿ ਕੁਝ ਸਮੇਂ ਲਈ ਮੁਅੱਤਲ ਕੀਤੇ ਹਨ। ਖੜਗੇ ਨੇ ਕਿਹਾ ਕਿ ਜੇਕਰ 2024 ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਕੇ ਸਭ ਕੁਝ ਕਾਰਪੋਰੇਟਰ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਲੋਕ ਜੇਕਰ ਫੌਜ ਵਿੱਚ ਪੱਕੀ ਭਰਤੀ ਚਾਹੁੰਦੇ ਤਾਂ ਕੇਂਦਰ ਦੀ ਭਾਜਪਾ ਸਰਕਾਰ ਦਾ ਤਖਤਾ ਪਲਟਣਾ ਜ਼ਰੂਰੀ ਹੈ। ਕਾਂਗਰਸ ਪ੍ਰਧਾਨ ਨੇ ਭਾਜਪਾ ਤੇ ਆਰਐੱਸਐੱਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕਿ ਭਾਜਪਾ ਵਾਲੇ ਹਰ ਰੋਜ਼ ਪੰਡਿਤ ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੂੰ ਗਾਲ੍ਹਾਂ ਕੱਢਦੇ ਹਨ। ਆਰਐੱਸਐੱਸ ਅਤੇ ਭਾਜਪਾ ਦੇ ਲੋਕ ਬ੍ਰਿਟਿਸ਼ ਸਾਮਰਾਜ ਲਈ ਕੰਮ ਕਰਦੇ ਰਹੇ ਹਨ। ਜਦੋਂ ਮਹਾਤਮਾ ਗਾਂਧੀ ਨੇ ‘ਭਾਰਤ ਛੱਡੋ’ ਅੰਦੋਲਨ ਸ਼ੁਰੂ ਕੀਤਾ ਤਾਂ ਭਾਜਪਾ ਵਾਲਿਆਂ ਨੇ ਉਨ੍ਹਾਂ ਦੀ ਵੀ ਮਦਦ ਨਹੀਂ ਕੀਤੀ। ਇਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਕੀ ਅਜਿਹੇ ਲੋਕ ਦੇਸ਼ ਭਗਤ ਹੋ ਸਕਦੇ ਹਨ? ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ (2004 ਤੋਂ 2014) ਦਰਮਿਆਨ ਐੱਮਐੱਸਪੀ ਵਿੱਚ 135 ਫੀਸਦੀ ਦਾ ਵਾਧਾ ਕੀਤਾ ਗਿਆ ਸੀ। 2014 ਤੋਂ 2023 ਤੱਕ ਝੋਨੇ ’ਤੇ ਹੁਣ ਤੱਕ ਸਿਰਫ਼ 50 ਫੀਸਦੀ ਵਾਧਾ ਹੋਇਆ ਹੈ। ਇਹ ਉਹ ਅੰਕੜੇ ਹਨ, ਜੋ ਸੱਚ ਹਨ।
ਖੜਗੇ ਨੇ ਵਰਕਰਾਂ ਨੂੰ ‘ਜਿੱਤ ਦਾ ਮੰਤਰ’ ਦਿੰਦਿਆਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣਾ ਲਈ ‘ਡੋਰ-ਟੂ-ਡੋਰ’ ਪ੍ਰਚਾਰ ਹੁਣ ਤੋਂ ਸ਼ੁਰੂ ਕਰ ਲਓ। ਪਾਰਟੀ ਵਰਕਰ ਲੋਕਾਂ ਦੀਆਂ ਗਲਤਫਹਿਮੀਆਂ ਨੂੰ ਜ਼ਮੀਨੀ ਪੱਧਰ ’ਤੇ ਦੂਰ ਕਰ ਸਕਦੇ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹੁਣ ਤੋਂ ਚੋਣ ਪ੍ਰਚਾਰ ਵਿਚ ਜੁਟ ਜਾਣ ਦੀ ਅਪੀਲ ਕੀਤੀ।
ਬਾਜਵਾ ਨੇ ਖੜਗੇ ਅੱਗੇ ਤਿੰਨ ਮੰਗਾਂ ਰੱਖੀਆਂ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਲੋਕਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਨ ਕਿ ਜੇਕਰ ਹੁਣ ਕੇਂਦਰ ਵਿੱਚ ਮੋਦੀ ਸਰਕਾਰ ਆਉਂਦੀ ਹੈ ਤਾਂ ਦੇਸ਼ ਵਿੱਚ ਮੁੜ ਚੋਣਾਂ ਨਹੀਂ ਹੋਣਗੀਆਂ। ਇਹ ਚੋਣ ਆਖਰੀ ਚੋਣ ਹੋਵੇਗੀ। ਬਾਜਵਾ ਨੇ ਕਾਂਗਰਸ ਪ੍ਰਧਾਨ ਖੜਗੇ ਅੱਗੇ ਤਿੰਨ ਮੰਗਾਂ ਰੱਖੀਆਂ। ਬਾਜਵਾ ਨੇ ਪਾਰਟੀ ਪ੍ਰਧਾਨ ਨੂੰ ਕਿਹਾ ਕਿ ਉਹ ਲੋਕਾਂ ਨਾਲ ਵਾਅਦਾ ਕਰਨ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਅਟਾਰੀ ਬਾਰਡਰ ਖੋਲ੍ਹਿਆ ਜਾਵੇਗਾ, ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇਗੀ ਅਤੇ ਪੰਜਾਬ ਤੋਂ ਪਹਿਲਾਂ ਵਾਂਗ ਫੌਜ ਦੀ ਭਰਤੀ ਕੀਤੀ ਜਾਵੇ।
ਪੰਜਾਬ ’ਚ ਸਾਰੀਆਂ 13 ਸੀਟਾਂ ਜਿੱਤਾਂਗੇ: ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਜਦੋਂ ਉਨ੍ਹਾਂ ਨੂੰ ਸੂਬੇ ਵਿੱਚ ਪਾਰਟੀ ਦੀ ਕਮਾਨ ਸੌਂਪੀ ਗਈ ਸੀ ਤਾਂ ਕਾਂਗਰਸ 80 ਸੀਟਾਂ ਤੋਂ ਘੱਟ ਕੇ 18 ਸੀਟਾਂ ’ਤੇ ਆ ਗਈ ਸੀ। ਪੰਜਾਬ ਵਿਚ ਮਿਲੀ ਹਾਰ ਕਰਕੇ ਉਨ੍ਹਾਂ ਨੂੰ ਚਿੰਤਾ ਸੀ ਕਿ ਕਾਂਗਰਸ ਦਾ ਕੀ ਬਣੇਗਾ? ਉਨ੍ਹਾਂ ਕਿਹਾ ਕਿ ਮੰਚ ’ਤੇ ਮੌਜੂਦ ਆਗੂਆਂ ਨੇ ਕਾਂਗਰਸ ਨੂੰ ਮੁੜ ਖੜ੍ਹਾ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਕਾਂਗਰਸੀ ਹਾਰ ਚੁੱਕੇ ਹੈ, ਪਰ ਅੱਜ ਇਨ੍ਹਾਂ ਆਗੂਆਂ ਦੇ ਨਾਲ-ਨਾਲ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਹੈ ਕਿ ਕਾਂਗਰਸ ਖਤਮ ਨਹੀਂ ਹੋਈ, ਕਾਂਗਰਸ ਅਜੇ ਜ਼ਿੰਦਾ ਹੈ। ਵੜਿੰਗ ਨੇ ਦਾਅਵਾ ਕੀਤਾ ਕਿ ਕਾਂਗਰਸ ਪੰਜਾਬ ਦੀਆਂ 13 ਲੋਕਾ ਸਭਾ ਸੀਟਾਂ ਵਿਚੋਂ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰੇਗੀ।
ਨਵਜੋਤ ਸਿੱਧੂ ਰਹੇ ਗੈਰ-ਹਾਜ਼ਰ
ਖੜਗੇ ਆਪਣੇ ਸੰਬੋਧਨ ਵਿੱਚ ਜਿੱਥੇ ਸਾਰੇ ਵਰਕਰਾਂ ਨੂੰ ਇਕਜੁੱਟ ਹੋ ਕੇ ਅਗਾਮੀ ਲੋਕ ਸਭਾ ਚੋਣਾਂ ਲੜਨ ਦਾ ਸੱਦਾ ਦਿੰਦੇ ਰਹੇ, ਉਥੇ ਪਾਰਟੀ ਨਾਲੋਂ ਵੱਖਰੀ ਡਫਲੀ ਵਜਾਉਣ ਵਾਲੇ ਨਵਜੋਤ ਸਿੱਧੂ ਸੰਮੇਲਨ ਦੌਰਾਨ ਗੈਰਹਾਜ਼ਰ ਰਹੇ। ਹਾਲਾਂਕਿ ਰੈਲੀ ਤੋਂ ਕੁਝ ਦੇਰ ਪਹਿਲਾਂ ਸਿੱਧੂ ਵੱਲੋਂ ਕੀਤੇ ਗਏ ਟਵੀਟ ਵਿਚ ਉਨ੍ਹਾਂ ਦੇ ਸੁਰ ਕੁਝ ਨਰਮ ਵਿਖਾਈ ਦਿੱਤੇ। ਅਜਿਹੀ ਆਸ ਸੀ ਕਿ ਕਿ ਉਹ ਖੜਗੇ ਦੀ ਅਗਵਾਈ ਵਾਲੀ ਇਸ ਰੈਲੀ ਵਿਚ ਜ਼ਰੂਰ ਪਹੁੰਚਣਗੇ, ਪਰ ਉਨ੍ਹਾਂ ਦੀ ਗੈਰ-ਹਾਜ਼ਰੀ ਨਾਲ ਪਾਰਟੀ ਲੀਡਰਸ਼ਿਪ ਸਮੇਤ ਆਮ ਕਾਂਗਰਸੀ ਵਰਕਰ ਹੈਰਾਨ ਸਨ।