ਲੁਧਿਆਣਾ ਬਹਿਸ ਲਈ ਸਾਨੂੰ ਕੋਈ ਸੱਦਾ ਨਹੀਂ ਮਿਲਿਆ: ਮਾਨ ਦਲ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਅਕਤੂਬਰ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਵਾ ਵਿਚ ਤੀਰ ਮਾਰ ਰਹੀ ਹੈ, ਉਂਜ ਤਾਂ ਉਹ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਲੁਧਿਆਣਾ ਵਿਚ ਇਕ ਨਵੰਬਰ ਨੂੰ ਹੋਣ ਵਾਲੀ ਡਬਿੇਟ ਵਿਚ ਹਾਜ਼ਰ ਚਾਹੁੰਦੀ ਹੈ ਪਰ ਉਸ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਸੱਦਾ ਪੱਤਰ ਨਹੀਂ ਭੇਜਿਆ। ਇਹ ਜਾਣਕਾਰੀ ਇੱਥੇ ਅੱਜ ਦਲ ਦੇ ਬੁਲਾਰੇ ਇਕਬਾਲ ਸਿੰਘ ਟਿਵਾਣਾ ਨੇ ਦਿੱਤੀ, ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਸਰਕਾਰ ਤਹਿਜ਼ੀਬ ਪੂਰਵਕ ਸੱਦਾ ਭੇਜਦੀ ਹੈ ਤਾਂ ਉਹ ਇਸ ਡਬਿੇਟ ਵਿਚ ਜ਼ਰੂਰ ਸ਼ਾਮਲ ਹੋਣਗੇ। ਟਿਵਾਣਾ ਨੇ ਕਿਹਾ ਕਿ ਸਾਡੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਸ ਗੱਲ ਤੇ ਇਤਰਾਜ਼ ਕੀਤਾ ਹੈ ਕਿ ਬਿਨਾ ਸੱਦੇ ਤੋਂ ਕਿਤੇ ਵੀ ਪੰਜਾਬੀ ਨਹੀਂ ਜਾਂਦੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਦੀ ਆਪ ਸਰਕਾਰ ਨੇ ਸਾਡੇ ਕੋਲ ਸੱਦਾ ਪੱਤਰ ਹੀ ਨਹੀਂ ਭੇਜਿਆ, ਜੇਕਰ ਮਾਨ ਸਰਕਾਰ ਇਕ ਸੰਸਦ ਮੈਂਬਰ ਤੇ ਇਕ ਪਾਰਟੀ ਨੂੰ ਸੱਦਾ ਨਹੀਂ ਭੇਜ ਰਹੇ ਇਸ ਦਾ ਭਾਵ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਮੁੱਦਿਆਂ ਤੇ ਗੰਭੀਰ ਨਹੀਂ ਹੈ।
ਸੱਦੇ ਤੋਂ ਬਿਨਾ ਅਸੀਂ ਨਹੀਂ ਜਾਵਾਂਗੇ: ਸੇਖੋਂ
ਪਟਿਆਲਾ (ਪੱਤਰ ਪ੍ਰੇਰਕ): ਸੀਪੀਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਵੀ ਇੱਥੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਲੁਧਿਆਣਾ ਵਿਚ ਇਕ ਨਵੰਬਰ ਨੂੰ ਹੋਣ ਵਾਲੀ ਡਬਿੇਟ ਵਿਚ ਪੁੱਜਣ ਲਈ ਸੱਦਾ ਨਹੀਂ ਦਿੱਤਾ, ਜਿਸ ਕਰਕੇ ਅਸੀਂ ਇਸ ਡਬਿੇਟ ਵਿਚ ਸ਼ਾਮਲ ਨਹੀਂ ਹੋਵਾਂਗੇ, ਜੇਕਰ ਸਾਡੇ ਕੋਲ ਸੱਦਾ ਆਉਂਦਾ ਤਾਂ ਅਸੀਂ ਪੰਜਾਬ ਦੇ ਮੁੱਦਿਆਂ ਤੇ ਜ਼ਰੂਰ ਬਹਿਸ ਕਰਨ ਲਈ ਜਾਂਦੇ। ਉਨ੍ਹਾਂ ਇੱਥੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦਾ ਪੰਜਾਬੀ ਪ੍ਰਤੀ ਕੋਈ ਸਪਸ਼ਟ ਵਿਜ਼ਨ ਨਹੀਂ ਹੈ।