ਕਰੋਨਾ ਦਾ ਸਾਨੂੰ ਲੱਗੇ ਟੀਕਾ, ਵਬਾ ਨੂੰ ਭਾਗ ਲੱਗਣ ਜੀ
ਐੱਸ ਪੀ ਸਿੰਘ*
ਚੌਂਹਤਰਫ਼ੀ ਅਰਥਚਾਰਾ ਅਤੇ ਲਾਸ਼ਾਂ ਡਿੱਗ ਰਹੀਆਂ ਹਨ, ਵਬਾ ਨੇ ਆਮ ਜੀਵਨ ਦੀ ਘੇਰਾਬੰਦੀ ਕਰ ਰੱਖੀ ਹੈ ਅਤੇ ਸਰਕਾਰਾਂ, ਵਿਗਿਆਨੀਆਂ ਅਤੇ ਫਾਰਮਾ ਕੰਪਨੀਆਂ ਵਿਚਕਾਰ ਕਰੋਨਾ-ਰੋਕੂ ਟੀਕਾ ਬਣਾਉਣ ਦੀ ਦੌੜ ਲੱਗੀ ਹੈ। ਟੀਕਾ ਅਜੇ ਤਿਆਰ ਨਹੀਂ ਹੋਇਆ ਪਰ ਟੀਕਾ-ਰਾਸ਼ਟਰਵਾਦ ਸਿਖਰਾਂ ਛੂਹ ਰਿਹਾ ਹੈ। ਬਰਤਾਨੀਆ, ਫਰਾਂਸ, ਜਰਮਨੀ ਅਤੇ ਅਮਰੀਕਾ ਜਿਹੇ ਧਨਾਢ ਦੇਸ਼ਾਂ ਨੇ ਕਰੋਨਾ-ਰੋਕੂ ਟੀਕਾ ਤਾਮੀਰ ਕਰਨ ਵਾਲਿਆਂ ਨਾਲ ਅਗਾਊਂ-ਮੁਹਾਇਦੇ ਮੋਹਰਬੰਦ ਕਰ ਲਏ ਹਨ। ਟੀਕੇ ਦੀ ਖੋਜ ਵਿੱਚ ਅਰਬਾਂ ਡਾਲਰ ਝੋਕ ਦਿੱਤੇ ਗਏ ਹਨ। ਵਿਸ਼ਵ ਸਿਹਤ ਸੰਗਠਨ ਇਸ ਆਹਰ ਵਿੱਚ ਹੈ ਕਿ ਵੱਡੀ ਮਿਕਦਾਰ ਵਿੱਚ ਟੀਕੇ ਦਰਿਆਫ਼ਤ ਅਤੇ ਵਿਤਰਣ ਕਰਨ ਬਾਰੇ ਕੋਈ ਮੁਅੱਸਰ ਆਲਮੀ ਸਮਝ ਬਣ ਜਾਵੇ। ਨਿੱਤ ‘ਸਾਡਾ ਟੀਕਾ ਪਹਿਲੋਂ’ ਜਾਂ ‘ਸਾਡਾ ਟੀਕਾ ਸਭ ਤੋਂ ਟਿਕਾਊ’ ਵਾਲੀਆਂ ਸੁਰਖ਼ੀਆਂ ਆਸ ਜਗਾਉਂਦੀਆਂ ਹਨ ਕਿ ਛੇਤੀ ਹੀ ਵਬਾ ਤੋਂ ਪਿੱਛਾ ਛੁੱਟ ਜਾਵੇਗਾ।
ਟੀਕੇ ਦੀ ਕਿਸੇ ਸੰਭਾਵੀ ਆਮਦ ਦੇ ਨਾਲ ਹੀ ਇਹਦੀ ਦਸਤਯਾਬੀ, ਕੀਮਤ, ਅਸਰ ਅਤੇ ਕਾਰਆਮਦਗੀ ਬਾਰੇ ਸੁਰਖ਼ੀਆਂ ਦਾ ਜਿਹੜਾ ਵ੍ਹਾਵਰੋਲਾ ਆਉਣ ਵਾਲਾ ਹੈ, ਉਹਦੇ ਸ਼ੋਰਗੁੱਲ ਵਿੱਚ ਕਿਤੇ ਮਾਹਿਰਾਂ ਦੀਆਂ ਇਹ ਚਿਤਾਵਨੀਆਂ ਵਿਸਰ ਹੀ ਨਾ ਜਾਣ ਕਿ ਕੋਈ ਵੀ ਟੀਕਾ, ਭਾਵੇਂ ਉਹ ਕਿੰਨਾ ਹੀ ਅਸਰਦਾਰ ਕਿਉਂ ਨਾ ਹੋਵੇ, ਵਬਾ ਦਾ ਹਤਮੀ ਜਾਂ ਜਾਦੂਈ ਇਲਾਜ ਨਹੀਂ ਕਰ ਸਕਦਾ। ਡਬਲਿਊ.ਐੱਚ.ਓ. ਦੇ ਮੁਖੀ ਟੈਡਰੌਸ ਆਦਾਨੋਮ ਦਾ ਕਹਿਣਾ ਹੈ ਕਿ ਕੁਲ ਦੁਨੀਆ ਦੇ ਅਰਥਚਾਰੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਭਨਾਂ ਦੇ ਭਲੇ ਹਿੱਤ ਟੀਕਾ ਸਭਨਾਂ ਦੇਸ਼ਾਂ ਦੇ ਸਭਨਾਂ ਬਾਸ਼ਿੰਦਿਆਂ ਨੂੰ ਮੁਹੱਈਆ ਕੀਤਾ ਜਾਵੇ।
ਇਸ ਮਾਰੂ ਵਬਾ ਦੀ ਬੱਸ ਇਹੋ ਇੱਕੋ ਖ਼ੂਬਸੂਰਤੀ ਹੈ- ਸਾਡੀ ਜਾਨ ਛੱਡਣ ਦੀ ਕੀਮਤ ਵਜੋਂ ਇਹ ਸਾਡੇ ਤੋਂ ‘ਸਰਬੱਤ ਦੇ ਭਲੇ’ ਵਾਲੀ ਪ੍ਰਚੰਡ ਇਨਕਲਾਬੀ ਪਹੁੰਚ ਦੀ ਮੰਗ ਕਰਦੀ ਹੈ।
ਮੌਤ ਵੰਡਦੀ ਇਹ ਵਬਾ ਅਜਬ-ਗਜਬ ਤਰੀਕੇ ਨਾਲ ਲੋਕਤੰਤਰ ਦੇ ਵਡੇਰੇ ਆਸ਼ਿਆਂ ਨੂੰ ਪ੍ਰਣਾਈ ਹੈ- ਕਿਸੇ ਧਨਾਢ ਤੋਂ ਉਹਦੇ ਸੇਵਾਦਾਰ ਨੂੰ ਚਿੰਬੜ ਸਕਦੀ ਹੈ, ਸੇਵਾਦਾਰ ਵੀ ਧਨਾਢ ਨੂੰ ਵੰਡ ਸਕਦਾ ਹੈ। ਵਬਾ ਦੀ ਫ਼ਿਤਰਤ ਜਾਣ ਅਸ਼ਰਾਫੀਏ ਨੇ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਰੱਖਣ ਖਾਤਰ ਬੜੇ ਔਹਰ-ਪੌਹਰ ਕੀਤੇ- ਘਰ ਕੰਮ ਕਰਦੀਆਂ ਮਾਈਆਂ ਹਟਾਈਆਂ, ਅਖ਼ਬਾਰ ਵਾਲੇ ਨੂੰ ਗਲੀ ’ਚ ਵੜਨੋਂ ਰੋਕਿਆ, ਰੇਹੜੀ ਠੇਲ੍ਹੇ ’ਤੇ ਸਾਮਾਨ ਵੇਚਦਿਆਂ ਤੋਂ ਮੂੰਹ ਵੱਟ ਲਿਆ, ਨਿਆਣੇ ਅੰਦਰ ਡੱਕੇ, ਦਰਵਾਜ਼ਿਆਂ ਦੀਆਂ ਕੁੰਡੀਆਂ ਤੇ ਟੂਟੀਆਂ ਧੋ-ਧੋ ਕਮਲੇ ਹੋ ਗਏ, ਆਪਣੇ ਹੀ ਹੱਥਾਂ ਨੂੰ ਅਛੂਤ ਕਰ ਲਿਆ।
ਪਰ ਵਬਾ ਤੋਂ ਲੋਕਤੰਤਰ ਨਹੀਂ ਸਿੱਖਿਆ। ਹੁਣ ਟੀਕੇ ਦੀ ਆਮਦ ਦੀਆਂ ਖ਼ਬਰਾਂ ਦੇ ਨਾਲ-ਨਾਲ ਮਾਹਿਰ ਅਜੇ ਵੀ ਉਹੀ ਦੁਹਾਈ ਦੇ ਰਹੇ ਹਨ ਕਿ ਜੇ ਵਬਾ ਤੋਂ ਬਚਣਾ ਹੈ ਤਾਂ ਟੀਕਾ ਕੇਵਲ ਤਰਕਸ਼ ਦਾ ਇੱਕ ਤੀਰ ਹੈ, ਭੱਥੇ ਵਿੱਚ ਬਾਕੀ ਤੀਰ ਵੀ ਕਾਰਆਮਦ ਹੋਣੇ ਚਾਹੀਦੇ ਹਨ। ਮਨੁੱਖਾਂ ਦਾ ਸਿਹਤਯਾਬ ਹੋਣਾ, ਮੁੱਢਲੀਆਂ ਸਿਹਤ ਸਹੂਲਤਾਂ ਤੱਕ ਉਨ੍ਹਾਂ ਦੀ ਪਹੁੰਚ ਹੋਣੀ, ਸਾਰੀਆਂ ਇਹਤਿਆਤੀ ਤਦਬੀਰਾਂ ਦਾ ਪਾਲਣ ਕਰਨਾ ਅਤੇ ਸਰਕਾਰਾਂ ਦਾ ਸਿਹਤ-ਤੰਤਰ ਪ੍ਰਤੀ ਸੁਰਖ਼ੁਰੂ ਹੋ ਵਿਚਰਨਾ- ਇਨ੍ਹਾਂ ਸਭਨਾਂ ਦੀ ਮਹੱਤਤਾ ਟੀਕੇ ਤੋਂ ਘੱਟ ਨਹੀਂ।
ਹੁਣ ਸਵਾਲ ਹੈ ਕਿ ਅਸੀਂ ਵਬਾ ਤੋਂ ਬਚਣ ਲਈ ਵਬਾ ਤੋਂ ਕੀ ਸਿੱਖਿਆ ਹੈ? ਜੇ ਧਨਾਢ ਨੇ ਵਬਾ ਤੋਂ ਬਚਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਮਾਲੀ, ਮਾਲਸ਼ੀਆ, ਰਸੋਈ ’ਚ ਕੰਮ ਕਰਦੀ ਮਾਈ, ਖੇਤੀਂ ਹੱਡ ਭੰਨ੍ਹਵਾਉਂਦਾ ਮਜ਼ਦੂਰ, ਸਾਹਿਬ ਦਾ ਡਰਾਈਵਰ ਤੇ ਬਾਹਰ ਖੜ੍ਹਾ ਚੌਕੀਦਾਰ ਵੀ ਵਬਾ ਤੋਂ ਬਚੇ ਰਹਿਣ। ਬਚੇ ਰਹਿਣ ਲਈ ਉਨ੍ਹਾਂ ਦਾ ਸਿਹਤਮੰਦ ਹੋਣਾ ਅਤੇ ਰਹਿਣਾ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੈ ਜੇ ਉਨ੍ਹਾਂ ਦੀ ਗਜ਼ਾ ਪੌਸ਼ਟਿਕ ਹੋਵੇ; ਉਨ੍ਹਾਂ ਦੇ ਘਰ ਟਿਕਾਣੇ ਅਜਿਹੇ ਹੋਣ ਜਿੱਥੇ ‘ਦੋ ਗਜ਼ ਦੀ ਦੂਰੀ ਹੈ ਜ਼ਰੂਰੀ’ ਦਾ ਇਹਤਰਾਮ ਕੀਤਾ ਜਾ ਸਕੇ; ਜਿੱਥੇ ਵਾਰ-ਵਾਰ ਹੱਥ ਧੋਣ ਲਈ ਪਾਣੀ ਮੁਹੱਈਆ ਹੋਵੇ; ਜਿੱਥੇ ਉਨ੍ਹਾਂ ਦੇ ਬੱਚੇ ਅਜਿਹੇ ਸਕੂਲਾਂ ਵਿੱਚ ਜਾਣ ਜਿੱਥੇ ਸਾਰੀਆਂ ਇਹਤਿਆਤੀ ਤਦਬੀਰਾਂ ਦਾ ਪਾਲਣ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਅਜਿਹੀ ਸਿੱਖਿਆ ਮਿਲੇ ਕਿ ਉਹ ਕਿਸੇ ਵਬਾ ਤੋਂ ਬਚਣ ਲਈ ਸਾਰੇ ਢੰਗ, ਤਰੀਕਿਆਂ, ਨੁਸਖਿਆਂ ਅਤੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਦੀਆਂ ਤਕਰੀਰਾਂ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਸਭਨਾਂ ਦੀ ਗੱਲ ਸਮਝ ਸਕਣ ਅਤੇ ਆਪਣਾ ਬਚਾਅ ਕਰ ਸਕਣ ਤਾਂ ਜੋ ਧਨਾਢ ਜੀ ਬਚੇ ਰਹਿਣ।
ਅਸ਼ਕੇ ਜਾਈਏ ਵਬਾ ਦੀ ਇਸ ਖ਼ੂਬਸੂਰਤੀ ਦੇ- ਵਾਇਰਸ ਫੇਫੜੇ ਗਾਲ਼ ਦਿੰਦਾ ਹੈ, ਪਰ ਇਹਦੇ ਵਿਵਹਾਰ ਨੇ ਦਿਮਾਗ਼ ਦੇ ਜਾਲੇ ਵੀ ਸਾਫ਼ ਕਰ ਦਿੱਤੇ ਹਨ।
ਮੇਰੇ ਇਹ ਕਹਿਣ ਵਿੱਚ ਕਿਸੇ ਦੀ ਹੱਤਕ-ਇੱਜ਼ਤ ਹੋਣ ਦਾ ਖ਼ਤਰਾ ਨਹੀਂ ਕਿ ਕਿਸੇ ਹਾਰਲੇ-ਡੇਵਿਡਸਨ ’ਤੇ ਚੜ੍ਹੇ, ਸੱਤਾ ਨਾਲ ਭਿਆਲੀਆਂ ਦੀਆਂ ਖ਼ੁਮਾਰੀਆਂ ਵਿੱਚ ਝੂਮਦੇ ਨੇ ਜੇ ਆਪ ਮਾਰੂ ਵਾਇਰਸ ਤੋਂ ਬਚਣਾ ਹੈ ਤਾਂ ਉਹਨੂੰ ਸੈਂਕੜੇ ਮੀਲਾਂ ਦੇ ਪੈਦਲ ਸਫ਼ਰ ਕਰਦੇ ਮਜ਼ਦੂਰਾਂ ਕਾਮਿਆਂ ਦੇ ਹਾਲਾਤ ਨਾਲ ਇਮਾਨਦਾਰੀ ਨਾਲ ਦਸਤਪੰਜਾ ਲੈਣਾ ਪਵੇਗਾ। ਮਾਹਿਰ ਦੱਸ ਰਹੇ ਹਨ ਕਿ ਅੱਗੋਂ ਹੋਰ ਵੀ ਬੜੇ ਅਜਿਹੇ ਵਾਇਰਸ ਆਉਣੇ ਹਨ। ਹਰ ਵਾਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦਾ ਮੁਕਾਬਲਾ ਮਾਸਕ-ਸੈਨੀਟਾਈਜ਼ਰ-ਅਤੇ-ਦੋ-ਹੱਥ-ਦੀ-ਦੂਰੀ ਨਾਲ ਸੰਭਵ ਹੋਵੇ। ਅੰਤ ਉਹ ਸਭ ਕਰਨਾ ਹੀ ਪਵੇਗਾ ਜੋ ਡਾਕਟਰ ਕਰੋਨਾ ਚੀਕ-ਚੀਕ ਕੇ ਕਹਿ ਰਿਹਾ ਹੈ। ਮੇਰੇ ਮੁਲਕ ਦੇ ਬਾਸ਼ਿੰਦੇ ਕਿਵੇਂ ਰਹਿੰਦੇ ਹਨ, ਉਨ੍ਹਾਂ ਦੇ ਘਰ, ਖ਼ੁਰਾਕ, ਕੰਮ ਦੀ ਥਾਂ, ਬੱਚਿਆਂ ਦੇ ਖੇਡਣ ਦੇ ਗਰਾਊਂਡ, ਉਨ੍ਹਾਂ ਦੇ ਸਕੂਲ, ਉਨ੍ਹਾਂ ਦੀਆਂ ਮਾਵਾਂ ਦੀ ਸਿਹਤ, ਉਨ੍ਹਾਂ ਨੂੰ ਦਰਿਆਫ਼ਤ ਸਿਹਤ ਸਹੂਲਤਾਂ ਕਿਹੋ ਜਿਹੀਆਂ ਹਨ- ਇਸ ਸਭ ’ਤੇ ਨਿਰਭਰ ਕਰਦਾ ਹੈ ਕਿ ਮੈਂ ਜਾਂ ਮੇਰਾ ਕੋਈ ਮਿੱਤਰ ਪਿਆਰਾ ਵਬਾ ਤੋਂ ਬਚਿਆ ਰਹੇਗਾ ਜਾਂ ਉਹਨੂੰ ਡੇਢ ਮਨ ਲੱਕੜ ਉੱਤੇ ਰੱਖਣ ਲਈ ਵੀ ਕਿਸੇ ਨੂੰ ਪਲਾਸਟਿਕ ਦੇ ਕੱਪੜੇ ਪਾ ਕੇ ਜਾਣਾ ਪਵੇਗਾ?
ਵਬਾ ਦੀ ਜਾਤ ਹੁਣ ਕਿਸੇ ਤੋਂ ਲੁਕੀ ਨਹੀਂ। ਅਸ਼ੋਕਾ ਯੂਨੀਵਰਸਿਟੀ ਦੀ ਅਸ਼ਵਨੀ ਦੇਸ਼ਪਾਂਡੇ ਅਤੇ ਹਾਈਡਲਬਰਗ (Heidelberg) ਯੂਨੀਵਰਸਿਟੀ ਦੇ ਰਾਜੇਸ਼ ਰਾਮਾਚੰਦਰਨ ਦੇ ਮੁਤਾਲਿਆ ਵਿੱਚ ਇਹ ਜ਼ਾਹਿਰ ਹੋਇਆ ਹੈ ਕਿ ਕਰੋਨਾ ਕਾਰਨ ਬੇਰੁਜ਼ਗਾਰ ਹੋਇਆਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਵਾਲਿਆਂ ਦੀ ਗਿਣਤੀ ਸਵਰਨ ਜਾਤ ਵਾਲਿਆਂ ਨਾਲੋਂ ਕਿਤੇ ਵਧੇਰੇ ਹੈ ਅਤੇ ਬਹੁਤੇ ਪਾੜ੍ਹਿਆਂ ਦੀ ਬਨਿਸਪਤ 12 ਜਮਾਤਾਂ ਤੋਂ ਘੱਟ ਪੜ੍ਹੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਹੋਏ ਹਨ। ਵਬਾ ਨੇ ਸਿੱਖਿਆ ਦੀ ਵਿੱਥ ਹੋਰ ਵੀ ਵਧਾਉਣੀ ਹੈ। ਰਾਸ਼ਟਰੀ ਪੱਧਰ ਦੇ ਪ੍ਰਮਾਣਿਤ ਇੰਡੀਆ ਹਿਊਮਨ ਡਿਵੈਲਪਮੈਂਟ ਸਰਵੇ (IHDS-II) ਅਨੁਸਾਰ 51 ਫ਼ੀਸਦੀ ਅਨੁਸੂਚਿਤ ਜਾਤੀ ਘਰਾਂ ਵਿੱਚ ਔਰਤਾਂ ਅਤੇ 27 ਫ਼ੀਸਦੀ ਵਿੱਚ ਪੁਰਸ਼ ਅੱਖਰ-ਗਿਆਨ ਤੋਂ ਉੱਕਾ ਕੋਰੇ ਹਨ। ਇਹ ਦਰ ਉੱਚੀ ਜਾਤ ਵਾਲੇ ਘਰਾਂ ਤੋਂ ਬਹੁਤ ਵਧੀਕ ਹੈ। ਵਬਾ ਬਾਰੇ, ਇਹਦੇ ਤੋਂ ਬਚਾਅ ਬਾਰੇ ਅਤੇ ਕੱਲ੍ਹ ਨੂੰ ਜੇ ਦਵਾ-ਦਾਰੂ ਈਜਾਦ ਹੋ ਗਿਆ ਤਾਂ ਉਹਦੇ ਤੱਕ ਰਸਾਈ ਬਾਰੇ ਸਭ ਤੋਂ ਘੱਟ ਗਿਆਨ ਖ਼ਲਕਤ ਦੇ ਇਸੇ ਹਿੱਸੇ ਵਿੱਚ ਹੋਵੇਗਾ। ਹੁਣ ਜਦੋਂ ਕਰੋਨਾ ਨੇ ਸਿੱਖਿਆ ਨੂੰ ਔਨਲਾਈਨ ਵਾਲੇ ਪਾਸੇ ਧੱਕ ਦਿੱਤਾ ਹੈ ਤਾਂ ਇਸ ਵਿੱਥ ਦਾ ਖਾਈ ਬਣਨਾ ਤੈਅ ਹੈ। ਇਸ ਖਾਈ ’ਚ ਕੇਵਲ ਉਨ੍ਹਾਂ ਹੀ ਨਹੀਂ ਡਿੱਗਣਾ, ਲੋਕਤੰਤਰੀ ਵਾਇਰਸ ਨੇ ਸਾਡੀ ਕਬਰ ਵੀ ਇਸੇ ਖੱਡ ਵਿੱਚ ਬਣਾਉਣ ਦੀ ਤਿਆਰੀ ਕੀਤੀ ਹੋਈ ਹੈ।
ਵੈਸੇ ਅਸੀਂ ਸਿਰਫ਼ ਕਿਸੇ ਐਸੀ ਵਬਾ ਵੇਲੇ ਚੀਕਾਂ ਮਾਰਦੇ ਹਾਂ ਜਿਹੜੀ ਸਰਦਿਆਂ-ਪੁੱਜਦਿਆਂ ਨੂੰ ਜੱਫਾ ਮਾਰੇ। ਨਹੀਂ ਤਾਂ ਹਰ 10 ਸਕਿੰਟ ਬਾਅਦ ਇੱਕ ਵਿਅਕਤੀ ਨੂੰ ਟੀਬੀ ਦੀ ਬਿਮਾਰੀ (tuberculosis) ਹੱਥ ਪਾ ਲੈਂਦੀ ਹੈ। ਭਾਰਤ ਵਿੱਚ ਹਰ ਰੋਜ਼ ਔਸਤਨ 1,400 ਲੋਕ ਇਸ ਬਿਮਾਰੀ ਹੱਥੋਂ ਜਾਨ ਗਵਾ ਲੈਂਦੇ ਹਨ। ਕੋਵਿਡ-19 ਨਾਲੋਂ ਟੀਬੀ ਦਾ ਬੇਸਿਕ ਰੀਪ੍ਰੋਡਕਸ਼ਨ ਨੰਬਰ (R0 ਦਰ) ਕਿਤੇ ਵਧੀਕ ਹੈ ਪਰ ਤੁਸਾਂ ਕਦੀ ਨੇਤਾ ਨੂੰ ਕੌਮ ਦੇ ਨਾਮ ਸੰਦੇਸ਼ ਦਿੰਦੇ ਸੁਣਿਆ ਹੈ? ਇਹ ਹੁਣ ਗ਼ਰੀਬਾਂ ਦੀ ਵਬਾ ਹੈ। ਕਰੋਨਾ ਘੱਟ ਨਸਲਪ੍ਰਸਤ ਹੈ, ਵਧੇਰੇ ਲੋਕਤੰਤਰਿਕ ਤਰੀਕੇ ਨਾਲ ਨਸਲਕੁਸ਼ੀ ਕਰਦਾ ਹੈ।
ਹੋਰ ਉਚੇਰੇ ਆਦਰਸ਼ਾਂ ਨੂੰ ਲੈ ਕੇ ਹਕੂਮਤਾਂ ਨੇ ਕੋਈ ਇਨਕਲਾਬੀ ਬਦਲ ਕਦੋਂ ਲਿਆਉਣਾ ਸੀ, ਇਹਦੇ ਬਾਰੇ ਤਾਂ ਅਧੇੜ ਉਮਰ ਨੂੰ ਪੁੱਜਦਿਆਂ ਹੁਣ ਕੋਈ ਭੁਲੇਖਾ ਨਹੀਂ ਰਹਿ ਗਿਆ ਪਰ ਕਰੋਨਾ ਇੱਕ ਗੱਲੋਂ ਚੰਗਾ ਬਹੁੜਿਆ ਹੈ। ਹੁਣ ਤਾਂ ਕੇਵਲ ਜੀਊਂਦੇ ਰਹਿਣ ਲਈ ਹੀ ਸਰਦੇ-ਪੁੱਜਦਿਆਂ ਨੂੰ ਲੜਨਾ ਪਵੇਗਾ ਕਿ ਹਕੂਮਤੀ ਨਿਸ਼ਾਨਾ ‘ਸਰਬੱਤ ਦੇ ਭਲੇ’ ਤੋਂ ਛੋਟਾ ਨਾ ਹੋਵੇ। ਆਤਮ-ਨਿਰਭਰ ਵਾਲਾ ਕੋਈ ਛਲ ਤੁਹਾਨੂੰ ਵੈਂਟੀਲੇਟਰ ਜਾਂ ਡੇਢ ਮਣ ਲੱਕੜ ਤੱਕ ਲਿਜਾ ਸਕਦਾ ਹੈ। ‘ਸਰਬੱਤ ਦੇ ਭਲੇ’ ਵਾਲਾ ਕੋਈ ਨਾਅਰਾ ਹੀ ਤੁਹਾਡੇ ਮੁਸਤਕਬਿਲ ਦਾ ਹਿਫਾਜ਼ਤੀ ਟੀਕਾ ਹੋ ਨਬਿੜੇਗਾ।
ਜੇ ਸਾਡੇ ਘਰਾਂ, ਫੈਕਟਰੀਆਂ, ਖੇਤਾਂ ਵਿੱਚ ਕੰਮ ਕਰਨ ਵਾਲੇ ਇੱਕੋ ਕਮਰੇ ਵਿੱਚ ਅੱਠ-ਅੱਠ, ਦਸ-ਦਸ ਰਹਿੰਦੇ ਹਨ ਤੇ ਇਹਨੂੰ ਲੈ ਕੇ ਸਾਨੂੰ ਹੌਲ ਨਹੀਂ ਪੈਂਦੇ ਤਾਂ ਇਹ ਦਾਅਵਾ ਕਰਨਾ ਛੱਡ ਦੇਈਏ ਕਿ ਕਿਸੇ ਨੂੰ ਆਪਣੇ ਬਜ਼ੁਰਗ ਮਾਂ-ਬਾਪ ਜਾਂ ਛੋਟੇ ਬੱਚਿਆਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨਾਲ ਕੋਈ ਪਿਆਰ ਹੈ। ਵਬਾ ਸਾਨੂੰ ਧੁਰ ਅੰਦਰੋਂ ਇਨਕਲਾਬੀ ਬਣਾ ਰਹੀ ਹੈ, ਅਸੀਂ ਹੀ ਢੀਠ ਹਾਂ ਜਿਹੜੇ ਬੱਸ ਟੀਕਾ ਪਏ ਉਡੀਕਦੇ ਹਾਂ, ਬਾਕੀ ਕੁਝ ਵੀ ਬਦਲਣਾ ਨਹੀਂ ਚਾਹੁੰਦੇ।
(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਸ਼ਰਾਫ਼ੀਏ (Elite) ਦੀ ਕਤਾਰ ਵਿੱਚ ਆਪਣਾ ਨੰਬਰ ਬਹੁਤੀ ਪਿਛਾਂਹ ਵੇਖ ਹੁਣ ਕਿਸੇ ਇਨਕਲਾਬੀ ਪਹੁੰਚ ’ਚੋਂ ਸਲਾਮਤੀ ਭਾਲਦਾ ਜਾਪ ਰਿਹਾ ਹੈ।)