For the best experience, open
https://m.punjabitribuneonline.com
on your mobile browser.
Advertisement

ਅਸੀਂ ਅੱਧਾ ਗਲਾਸ ਭਰਿਆ ਨਹੀਂ ਵੇਖਦੇ...

06:35 AM Nov 04, 2023 IST
ਅਸੀਂ ਅੱਧਾ ਗਲਾਸ ਭਰਿਆ ਨਹੀਂ ਵੇਖਦੇ
Advertisement

ਬਲਦੇਵ ਸਿੰਘ (ਸੜਕਨਾਮਾ)

ਮੇਰਾ ਇਕ ਆਰਟੀਕਲ ਪੜ੍ਹ ਕੇ ਥੋੜ੍ਹੀ ਜਿਹੀ ਜਾਣ ਪਹਿਚਾਣ ਵਾਲਾ ਉਚੇਚਾ ਮਿਲਣ ਆਇਆ ਤੇ ਆਉਂਦਿਆਂ ਹੀ ਮਾਮੂਲੀ ਜਿਹੇ ਤਲਖ਼ ਲਹਜਿੇ ਵਿਚ ਕਿਹਾ- ਅੱਜਕੱਲ੍ਹ ਇਕ ਪਾਸੜ ਸੋਚ ਵਾਲੇ ਕੁਝ ਵਧੇਰੇ ਹੀ ਪੈਦਾ ਹੋ ਰਹੇ ਨੇ। ਤਸਵੀਰ ਦਾ ਦੂਜਾ ਪਾਸਾ ਨਹੀਂ ਵੇਖਦੇ।
‘‘ਕਹਿਣਾ ਕੀ ਚਾਹੁੰਦੇ ਹੋ?’’ ਮੈਂ ਪੁੱਛਿਆ।
‘‘ਪੰਜਾਬ ਖਾਲੀ ਹੋ ਰਿਹਾ ਹੈ, ਆਈਲੈਟਸ ਕਰਕੇ ਬਾਹਰ ਜਾਣ ਵਾਲਿਆਂ ਦੇ ਜਹਾਜ਼ ਭਰੇ ਜਾ ਰਹੇ ਨੇ, ਇਹੀ ਕੁਝ ਸੁਣਦੇ ਆਂ।’’ ਉਸ ਦਾ ਲਹਜਿਾ ਅਜੇ ਵੀ ਰੁੱਖਾ ਜਿਹਾ ਸੀ।
‘‘ਇਸ ਵਿਚ ਝੂਠ ਤਾਂ ਕੋਈ ਨਹੀਂ। ਤੇਰੀਆਂ ਗੱਲਾਂ ਸੱਚੀਆਂ ਹੋ ਸਕਦੀਐਂ, ਪਰ ਪੰਜਾਬ ਨੂੰ...।’’
‘‘ਕੀ ਹੋਇਆ ਪੰਜਾਬ ਨੂੰ?’’ ਉਸ ਨੇ ਟੋਕਿਆ।
‘‘ਦੇਖਦਾ ਨਹੀਂ ਜਾਂ ਤੈਨੂੰ ਦਿੱਸਦਾ ਨਹੀਂ, ਪੰਜਾਬ ਉੱਜੜੀ ਜਾਂਦਾ ਐ। ਨੌਜਵਾਨੀ ਨਸ਼ਿਆਂ ’ਚ ਗ੍ਰਸਤ ਹੋਈ ਜਾਂਦੀ ਐ, ਗੈਂਗ ਬਣੀ ਜਾਂਦੇ ਨੇ, ਅਖ਼ਬਾਰਾਂ ਨਹੀਂ ਪੜ੍ਹਦਾ?’’ ਮੈਂ ਵੀ ਕੁਝ ਰੁੱਖਾ ਬੋਲਿਆ।
‘‘ਪੜ੍ਹਦਾ ਕਿਉਂ ਨ੍ਹੀਂ? ਪੜ੍ਹਦਾ ਹਾਂ।’’
‘‘ਜੇ ਪੜ੍ਹਦਾ ਐਂ ਤਾਂ ਇਹ ਵੀ ਜਾਣ ਗਿਆ ਹੋਵੇਂਗਾ, ਨਸ਼ਾ ਤਾਂ ਹੁਣ ਡਰੋਨਾ ਨਾਲ ਸਪਲਾਈ ਹੋਣ ਲੱਗ ਪਿਆ। ਹਰ ਰੋਜ਼, ਦੋ ਤਿੰਨ ਜਣੇ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ। ਦੋ ਤਿੰਨ ਥਾਈਂ ਚੋਰੀਆਂ, ਡਕੈਤੀਆਂ ਹੁੰਦੀਐਂ, ਕਤਲ ਹੋ ਰਹੇ ਹਨ, ਖੁਦਕੁਸ਼ੀਆਂ ਹੋ ਰਹੀਆਂ ਨੇ, ਨੌਕਰੀਆਂ ਹੈ ਨਹੀਂ, ਬੇਰੁਜ਼ਗਾਰ ਨੌਜਵਾਨ ਡਿਗਰੀਆਂ ਚੁੱਕੀ ਫਿਰਦੇ ਨੇ। ਧਰਨੇ ਲੱਗ ਰਹੇ ਨੇ। ਤੈਨੂੰ ਦਿੱਸਦਾ ਨਹੀਂ?’’
‘‘ਦਿੱਸਦਾ ਹੈ, ਸਾਰਾ ਕੁਝ ਦਿੱਸਦਾ ਹੈ।’’ ਉਸ ਦੀ ਸੁਰ ਨਰਮ ਸੀ।
‘‘ਨਹੀਂ ਦਿੱਸਦਾ, ਨਗਰ ਵਿਚ ਗੇੜਾ ਦਿਆ ਕਰ। ਜਿੱਥੇ ਕੋਈ ਧਰਨਾ ਲੱਗਿਆ ਹੁੰਦੈ, ਉੱਥੇ ਜਾਇਆ ਕਰ। ਗਿਐਂ ਕਦੇ?’’
‘‘ਭਾਈ ਸਾਹਬ, ਮਹਾਨਗਰ ’ਚ ਰਹਿਣ ਕਰਕੇ ਹੀ ਤਾਂ ਇਹ ਸਾਰਾ ਕੁਝ ਜਾਣਿਐਂ ਮੈਂ। ਚੱਲ ਦੱਸ, ਤੇਰੇ ਸ਼ਹਿਰ ’ਚ ਕਦੇ ਆਪਣਾ ਪੰਜਾਬੀ ਰੇਹੜੀ ਉੱਪਰ ਜਲੇਬੀਆਂ ਕੱਢਦਾ ਵੇਖਿਆ? ਕਦੇ ਆਪਣਾ ਪੰਜਾਬੀ ਘਰ ਦੀ ਖ਼ਰਾਬ ਹੋਈ ਪਾਣੀ ਦੀ ਟੂਟੀ ਠੀਕ ਕਰਨ ਆਇਐ? ਕਦੇ ਆਪਣਾ ਪੰਜਾਬੀ ਗਲੀਆਂ ਵਿਚ ਰੇਹੜੀ ’ਤੇ ਸਬਜ਼ੀ ਵੇਚਦਾ ਵੇਖਿਐ? ਕਦੇ ਬਣ ਰਹੀਆਂ ਕੋਠੀਆਂ ਵਿਚ ਪੱਥਰ-ਟਾਇਲਾਂ ਲਾਉਂਦਾ ਜਾਂ ਕੋਠੀਆਂ ਨੂੰ ਰੰਗ ਰੋਗਨ ਕਰਦਾ ਪੰਜਾਬੀ ਮੁੰਡਾ ਜਾਂ ਬੰਦਾ ਵੇਖਿਆ? ਕੰਮ ਕਰਨ ਵਾਲੇ ਸਭ ਦੇ ਸਭ ਗ਼ੈਰ-ਪੰਜਾਬੀ ਨੇ। ਕੋਈ ਉੜੀਸਾ ਤੋਂ, ਕੋਈ ਬਿਹਾਰ ਤੋਂ, ਕੋਈ ਰਾਜਿਸਥਾਨ ਤੋਂ। ਚੁੱਪ ਕਿਉਂ ਹੈ, ਜਵਾਬ ਦੇ ਮੇਰੀਆਂ ਗੱਲਾਂ ਦਾ।’ ਉਸ ਨੇ ਵੰਗਾਰਿਆ।
ਮੈਨੂੰ ਚੁੱਪ ਵੇਖ ਕੇ ਉਹ ਫਿਰ ਬੋਲਿਆ।
‘‘ਅਸੀਂ ਸਿਰਫ਼ ਰੋਣ ਜਾਣਦੇ ਆਂ। ਮਰ ਗਏ, ਪੰਜਾਬ ਉੱਜੜਨ ਦੇ ਰਾਹ ਪੈ ਗਿਆ। ਭਈਏ ਆ ਗਏ, ਹਾਏ ਪਾਣੀ ਹੇਠਾਂ ਚਲਾ ਗਿਆ, ਹਾਏ! ਨਸ਼ੇ, ਹਾਏ ਮੁੰਡੇ ਗੈਂਗਸਟਰ ਬਣ ਗਏ। ਇਨ੍ਹਾਂ ਨੂੰ ਛੇਤੀ ਬਾਹਰ ਕੱਢੋ। ਆਈਲੈਟਸ ਦੀਆਂ ਪੌੜੀਆਂ ਬਣਾ ਕੇ ਜਹਾਜ਼ਾਂ ’ਚ ਚੜ੍ਹਾਓ...ਆਹੀ ਹੈ ਨਾ ਸਾਰਾ ਕੁਝ?’’ ਉਹ ਫਿਰ ਮੇਰੇ ਵੱਲ ਝਾਕਿਆ।
‘‘ਮੁੰਡੇ ਕਰਨ ਕੀ, ਕਿੱਧਰ ਜਾਣ, ਮਜਬੂਰੀ ਕਾਰਨ ਜਾਣਾ ਪੈਂਦਾ।’’ ਮੈਂ ਕਿਹਾ।
‘‘ਕਾਹਦੀ ਮਜਬੂਰੀ? ਘਰੇ ਦੋ ਕਾਰਾਂ ਖੜ੍ਹੀਐਂ, ਮੋਟਰ ਸਾਈਕਲ ਵੀ ਖੜ੍ਹੈ, ਜੀਪ ਖੜ੍ਹੀ ਐ, ਟਰੈਕਟਰ ਖੜ੍ਹਾ ਐ, 8-10 ਜਾਂ ਇਸ ਤੋਂ ਵੱਧ ਕਿੱਲੇ ਜ਼ਮੀਨ ਵੀ ਹੈਗੀ ਐ, ਪਰ ਕੰਮ ਨਹੀਂ ਕਰਨਾ। ਬ੍ਰਾਂਡੇਡ ਕੱਪੜੇ ਪਾ ਕੇ ਬਿਨਾਂ ਕੰਮ ਤੋਂ ਭਲਵਾਨੀ ਗੇੜੇ ਕੱਢਣੇ ਐ।... ਖੇਤ ਜਾਈਏ ਅਸੀਂ? ਖੇਤ ਵਾਹੀਏ ਅਸੀਂ? ਬੀਜੀਏ ਅਸੀਂ? ਸਬਜ਼ੀਆਂ ਬੀਜੀਏ ਵੀ ਅਸੀਂ ਤੇ ਵੇਚੀਏ ਵੀ ਅਸੀਂ? ਕੀ ਕਹਿੰਦੇ ਹੋ, ਰੇਹੜੀਆਂ ਲਾਈਏ? ਹੋਟਲਾਂ ਢਾਬਿਆਂ ’ਤੇ ਕੰਮ ਕਰੀਏ? ਪਲੰਬਰ ਬਣੀਏ? ਤੇ ਜਦ ਵਿਦੇਸ਼ੀ ਪੜ੍ਹਾਈ ਕਰਨ ਦੇ ਬਹਾਨੇ ਬਾਹਰ ਜਾਂਦੇ ਨੇ, ਕੀ ਕਰਦੇ ਨੇ ਉੱਥੇ? ਪਤਾ ਹੈ? ਮੈਨੂੰ ਪਤਾ ਹੈ ਕੀ ਕਰਦੇ ਨੇ ਉਹ। ਮੈਂ ਉੱਧਰੋਂ ਹੀ ਆਇਐਂ। ਨਾਮ ਬਦਲ ਗਏ ਨੇ, ਪਹਿਰੇਦਾਰਾਂ ਨੂੰ ਸਿਕਿਓਰਿਟੀ ਗਾਰਡ ਆਖਦੇ ਨੇ ਤੇ ਸਾਡੇ ਮੁੰਡੇ ਜਿਹੜੇ ਉੱਥੇ ਸਿਕਿਓਰਟੀ ਗਾਰਡ ਬਣਦੇ ਨੇ, ਆਪਣਾ ਧੰਨਭਾਗ ਸਮਝਦੇ ਨੇ। ਹੋਟਲਾਂ ’ਚ ਬਹਿਰਿਆਂ ਦਾ ਕੰਮ ਕਰਦੇ ਨੇ। ਉਸਾਰੀ ਦੇ ਕੰਮਾਂ ਵਿਚ ਉਹੀ ਮਜ਼ਦੂਰੀ, ਜਿਵੇਂ ਇੱਥੇ ਲੇਬਰ ਚੌਕ ਵਿਚ ਸਾਡੇ ਲੋਕ ਖੜ੍ਹੇ ਹੁੰਦੇ ਨੇ, ਉੱਥੇ ਵੀ ਇਵੇਂ ਖੜ੍ਹਦੇ ਨੇ। ਬਹੁਤੀ ਵਾਰ ਤਾਂ ਇਸ ਨਾਲੋਂ ਵੀ ਘਟੀਆ ਕੰਮ ਮਿਲਦੇ ਨੇ ਤੇ ਫਿਰ ਖੁਸ਼ ਹੋ ਕੇ ਆਪਣੇ ਮਾਂ-ਬਾਪ ਤੇ ਹੋਰ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਨੇ; ‘ਮੈਨੂੰ ਜੌਬ ਮਿਲ ਗਈ।’
ਮਾਂ-ਬਾਪ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ, ਜ਼ਮੀਨ ਗਹਿਣੇ ਕਰਕੇ, ਵੇਚ ਕੇ ਜਾਂ ਕਰਜ਼ਾ ਚੁੱਕ ਕੇ ਪੱਚੀ ਤੀਹ ਲੱਖ ਖਰਚ ਕੇ ਮੁੰਡੇ ਨੂੰ ਮਜ਼ਦੂਰੀ ਦਾ ਕੰਮ ਮਿਲ ਗਿਆ ਹੈ। ਇੰਨੇ ਪੈਸਿਆਂ ਨਾਲ ਤਾਂ ਕੋਈ ਆਪਣਾ ਰੁਜ਼ਗਾਰ ਸ਼ੁਰੂ ਕੀਤਾ ਜਾ ਸਕਦਾ ਸੀ। ਪਰ ਰੁਜ਼ਗਾਰ ਤਾਂ ਸ਼ੁਰੂ ਤਾਂ ਕਰਨ ਜੇ ਕੋਈ ਕਿੱਤਾ-ਮੁਖੀ ਕੋਰਸ ਕੀਤਾ ਹੋਵੇ।
‘‘ਕਾਕਾ ਜੀ ਨੂੰ ਬੇਗਾਨੀ ਧਰਤੀ ’ਤੇ ਜਾ ਕੇ ਕੱਪੜੇ ਵੀ ਆਪ ਧੋਣੇ ਪੈਂਦੇ ਹਨ, ਬਰਤਨ ਵੀ ਆਪ ਹੀ ਸਾਫ਼ ਕਰਨੇ ਪੈਂਦੇ ਹਨ ਤੇ ਜੇ ਢੰਗ ਦੀ ਬੇਸਮੈਂਟ ਮਿਲ ਜਾਵੇ ਤਾਂ ਹਨੇਰੀਆਂ ਵਰਗੀਆਂ ਕੋਠੀਆਂ ’ਚ ਰਹਿਣ ਵਾਲੇ ਵੀ ਆਪਣਾ ਧੰਨਭਾਗ ਸਮਝਦੇ ਹਨ।’’
‘‘ਮੁੰਡੇ-ਕੁੜੀਆਂ ਕਰਨ ਵੀ ਕੀ, ਇੱਥੇ ਦਿੱਸਦਾ ਕੁਝ ਨਹੀਂ।’’ ਮੈਂ ਕਿਹਾ।
‘‘ਤੁਹਾਨੂੰ ਅੱਧਾ ਗਲਾਸ ਖਾਲੀ ਵੇਖਣ ਦੀ ਆਦਤ ਪੈ ਗਈ ਹੈ। ਅੱਧਾ ਗਲਾਸ ਭਰਿਆ ਨਹੀਂ ਵੇਖਦੇ। ਜਿਨ੍ਹਾਂ ਵਿਚ ਜਨੂੰਨ ਹੈ, ਕਝ ਕਰਨ ਦੀ ਲਗਨ ਹੈ, ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਸੱਚ ਹੁੰਦੇ ਵੇਖਣਾ ਹੈ, ਉਨ੍ਹਾਂ ਲਈ ਇੱਥੇ ਵੀ ਬੜਾ ਕੁਝ ਹੈ। ਦੇਖ, ਇਸੇ ਪੰਜਾਬ ਦੀ ਆਟਾ ਚੱਕੀ ਵਾਲੇ ਦੀ ਧੀ ਆਪਣੀ ਮਿਹਨਤ ਨਾਲ ਜੱਜ ਬਣ ਗਈ। ਉਸ ਨੂੰ ਕਿੰਨੇ ਕੁ ਮੌਕੇ ਮਿਲੇ ਹੋਣਗੇ, ਸਹੂਲਤਾਂ ਮਿਲੀਆਂ ਹੋਣਗੀਆਂ, ਪਰ ਉਸ ਅੰਦਰ ਜਨੂੰਨ ਸੀ। ਏਸ਼ੀਅਨ ਗੇਮਜ਼ ਵਿਚ ਆਮ ਘਰਾਂ ਦੇ ਮੁੰਡੇ-ਕੁੜੀਆਂ ਗੋਲਡ ਮੈਡਲ ਲੈ ਆਏ। ਕੋਈ ਨਿਸ਼ਾਨੇਬਾਜ਼ੀ ਵਿਚ ਬਾਜ਼ੀ ਮਾਰ ਗਿਆ। ਇਕ ਰਿਕਸ਼ੇ ਵਾਲੇ ਦੀ ਧੀ ਜੱਜ ਬਣ ਗਈ। ਇਕ ਪੁਲੀਸ ਹੌਲਦਾਰ ਦੀ ਧੀ ਜੱਜ ਬਣ ਗਈ। ਇੰਡੀਅਨ ਹਾਕੀ ਟੀਮ ਵਿਚ 10 ਖਿਡਾਰੀ ਪੰਜਾਬ ਤੋਂ ਨੇ, ਇਹ ਕਿਧਰੋਂ ਬਾਹਰੋਂ ਨਹੀਂ ਆਏ। ਇਹ ਸਭ ਮੁੰਡੇ-ਕੁੜੀਆਂ ਪੰਜਾਬ ਦੇ ਜੰਮੇ ਜਾਏ ਨੇ।’’
‘‘ਪਰ ਜੇ ਸਾਰੇ ਇਸ ਤਰ੍ਹਾਂ...’’
ਉਸ ਨੇ ਮੈਨੂੰ ਟੋਕਿਆ- ‘‘ਮੈਂ ਸਮਝਦਾਂ ਤੇਰੀ ਗੱਲ, ਆਪਾਂ ਰੋਣ ਦੀ ਆਦਤ ਛੱਡੀਏ, ਅਸੀਂ ਖ਼ੁਦ ਹੱਥੀਂ ਕੰਮ ਕਰਨ ਤੋਂ ਭੱਜਦੇ ਆਂ। ਇੱਥੇ ਸਾਡੇ ਵਰਕ ਕਲਚਰ ਹੀ ਨਹੀਂ ਹੈ ਨਾ ਜਾਣਨ ਦੀ ਕੋਸ਼ਿਸ਼ ਕਰਦੇ ਆਂ। ਹਾਏ! ਜੇ ਆਹ ਕੰਮ ਕਰ ਲਿਆ ਤਾਂ ਫਲਾਨਾ ਕੀ ਕਹੂਗਾ, ਢਿਮਕਾ ਕੀ ਸੋਚੂਗਾ? ਬਾਹਰ ਜਾਣਾ ਜਾਂ ਬੱਚੇ ਬਾਹਰ ਭੇਜਣਾ ਸਟੇਟਸ ਬਣ ਗਿਐ। ਉੱਥੇ ਭਾਵੇਂ ਬੱਚਾ ਟਾਇਲਟਾਂ ਸਾਫ਼ ਕਰਦਾ ਹੋਵੇ। ਏਹੀ ਹੈ ਨਾ?’’ ਉਸ ਨੇ ਸਾਹ ਲਿਆ।
ਮੇਰੇ ਕੋਲ ਤਾਂ ਕੋਈ ਜਵਾਬ ਨਹੀਂ ਸੀ, ਤਲਖ਼ ਸਚਾਈ ਤੋਂ ਕਿਵੇਂ ਮੁਨਕਰ ਹੁੰਦਾ।
ਸੰਪਰਕ: 98147-83069

Advertisement

Advertisement
Advertisement
Author Image

joginder kumar

View all posts

Advertisement