For the best experience, open
https://m.punjabitribuneonline.com
on your mobile browser.
Advertisement

ਅਸੀਂ ਸ਼ਬਦ ਵਣਜ ਲਈ ਆਏ

08:49 AM Jan 04, 2024 IST
ਅਸੀਂ ਸ਼ਬਦ ਵਣਜ ਲਈ ਆਏ
Advertisement

ਪ੍ਰੋ. ਕੁਲਵੰਤ ਔਜਲਾ

Advertisement

ਲੋਕਾ ਵੇ
ਅਸੀਂ ਸ਼ਬਦ ਵਣਜ ਲਈ ਆਏ
ਮੌਲਿਕ ਮਿੱਠੜੇ ਸ਼ਬਦ ਅਸਾਡੇ
ਗੁਰੂਆਂ ਦੇ ਵਰੋਸਾਏ
ਅਸੀਂ ਸ਼ਬਦ ਵਣਜ ਲਈ ਆਏ

Advertisement

ਵੰਡੀਏ ਵੇਚੀਏ ਦੇ ਦੇ ਹੋਕੇ
ਸ਼ਬਦ ਮਿਟਾਵਣ ਮਨ ਦੇ ਸੋਕੇ
ਕੰਮ ਆਵਣ ਦਰਗਾਹੇ
ਅਸੀਂ ਸ਼ਬਦ ਵਣਜ ਲਈ ਆਏ

ਮਾਂ ਦੀ ਮਮਤਾ ਰਸੀ ਇਨ੍ਹਾਂ ਵਿੱਚ
ਕਿਰਤ ਬਾਪ ਦੀ ਵਸੀ ਇਨ੍ਹਾਂ ਵਿੱਚ
ਹੂ-ਬ-ਹੂ ਅੰਮਾਂ ਜਾਏ
ਅਸੀਂ ਸ਼ਬਦ ਵਣਜ ਲਈ ਆਏ

ਚੰਦ ਸੂਰਜ ਰਾਤਾਂ ਪ੍ਰਭਾਤਾਂ
ਇਲਮ ਔਸ਼ਧੀ ਵਰਗੀਆਂ ਦਾਤਾਂ
ਬਨਸਪਤ ਵਾਂਗ ਹਰਿਆਏ
ਅਸੀਂ ਸ਼ਬਦ ਵਣਜ ਲਈ ਆਏ

ਅਹਿਸਾਸਾਂ ਦੇ ਡੂੰਘੇ ਸਰਵਰ
ਨਾੜ ਨਾੜ ਨੂੰ ਕਰਦੇ ਤਰਵਰ
ਅਨਹਦ ਨਾਦ ਵਾਜਾਏ
ਅਸੀਂ ਸ਼ਬਦ ਵਣਜ ਲਈ ਆਏ

ਸੁਪਨੇ ਬੀਜਣ ਭਰਨ ਉਡਾਣਾਂ
ਬਹੁਰੰਗਾ ਸ਼ਬਦਾਂ ਦਾ ਲਾਣਾ
ਸ਼ਾਇਰਾਂ ਸੁਖ਼ਨ ਆਲਾਏ
ਅਸੀਂ ਸ਼ਬਦ ਵਣਜ ਲਈ ਆਏ

ਮੁੰਦਰਾਂ ਠੂਠੇ ਚਿੱਪੀਆਂ ਵਰਗੇ
ਘੋਗੇ, ਸੰਖ ਤੇ ਸਿੱਪੀਆਂ ਵਰਗੇ
ਸਾਗਰ ਜੇਡ ਗਹਿਰਾਏ
ਅਸੀਂ ਸ਼ਬਦ ਵਣਜ ਲਈ ਆਏ

ਔਲੀਏ ਪੀਰ ਫ਼ਕੀਰ ਪੈਗੰਬਰ
ਗਏ ਉਗਾ ਸ਼ਬਦਾਂ ਵਿੱਚ ਅੰਬਰ
ਮੁੱਕਦੇ ਨਹੀਂ ਮੁਕਾਏ
ਲੋਕਾ ਵੇ
ਅਸੀਂ ਸ਼ਬਦ ਵਣਜ ਲਈ ਆਏ।
ਸੰਪਰਕ: 84377-88856
* * *

ਯਾਰ ਕੇਹਾ

ਰਣਜੀਤ ਆਜ਼ਾਦ ਕਾਂਝਲਾ
ਯਾਰ ਕੇਹਾ ਅੱਖੀਆਂ ਨੂੰ ਜਾਗ ਲਾ ਗਿਆ!
ਉਮਰ ਦਾ ਰੋਣਾ ਮੇਰੇ ਝੋਲੀ ’ਚ ਪਾ ਗਿਆ!

ਘੁਟੇ ਘੁਟੇ ਦਿਲ ’ਚੋਂ ਆਵਾਜ਼ ਕੋਈ ਆਏ ਨਾ,
ਵੇਖ! ਚੰਨ ਜਿਹੇ ਮੁਖ ’ਤੇ ਹਨੇਰ ਛਾ ਗਿਆ!

ਪੱਤਝੜ ਵਿੱਚ ਵੀ ਜੋ ਰਹਿੰਦਾ ਸੀ ਟਹਿਕਦਾ,
ਅੱਜ ਖਿੜਣ ਤੋਂ ਉਹ ਵੀ ਸ਼ਰਮ ਖਾ ਗਿਆ!

ਨੈਣਾਂ ਦੀ ਜੋਤ ਦਾ ਚਿਰਾਗ ਮੱਠਾ ਪੈ ਗਿਆ,
ਦਿਲ ਦੇ ਵਿਹੜੇ ਵੇਖ ਲੈ ਹਨੇਰਾ ਛਾ ਗਿਆ!

ਮਿੱਤਰ, ਬੇਲੀ, ਪਿਆਰੇ ਸਭ ਕੰਨੀ ਕਤਰਾ ਗਏ,
ਕਹਿੰਦੇ ਇਸ਼ਕ ’ਚ ਏਹ ਤਾਂ ਖ਼ਤਾ ਖਾ ਗਿਆ!

ਡੋਰ ਸੀ ਬਿਗਾਨੇ ਹੱਥ, ਗੁੱਡੀ ਆਸਮਾਨ ਚੜ੍ਹੀ,
ਟੁੱਟ ਗਈ ਸੀ ਡੋਰ ਤੇ ਸਿਖਰ ਸੀ ਆ ਗਿਆ!

ਲੈ ਗਈ ਧਕੇਲ ਦੂਰ ਚੰਦਰੀ ਨਿਮਾਣੀ ’ਵਾ,
ਸੋਹਣੀ ਦੇਹ ਉੱਤੇ ਓਸ ਕਾਬੂ ਸੀ ਪਾ ਲਿਆ!

ਜਾਣਿਆ ‘ਆਜ਼ਾਦ’ ਨੇ ਕਿ ਯਾਦ ਭਾਰੂ ਹੋ ਗਈ,
ਅੱਖੀਆਂ ਨੇ ਝੜੀ ਲਾ ਬਿਰਹੋਂ ਗੀਤ ਗਾ ਲਿਆ!
ਸੰਪਰਕ: 94646-97781
* * *

ਮੈਥੋਂ ਭੋਲ਼ੇ ਭਾਅ...

ਬਲਰਾਜ ਸਿੰਘ ਨੰਗਲ
ਅੰਬਰ ਚ ਰਲ ਗਡ ਹੋ ਗਿਆ, ਮੈਥੋਂ ਭੋਲ਼ੇ ਭਾਅ ਹੀ।
ਪਿੰਜਰਿਓਂ ਪੰਛੀ ਛਡ ਹੋ ਗਿਆ, ਮੈਥੋਂ ਭੋਲ਼ੇ ਭਾਅ ਹੀ।

ਨੀਲੇ ਭੂਰੇ ਮਸਤ ਨੈਣਾਂ ਦੀ ਤਿੱਖੀ-ਤੱਕਣੀ ਸਾਹਵੇਂ
ਅੰਦਰ ਆਪਾ ਵੱਢ ਹੋ ਗਿਆ, ਮੈਥੋਂ ਭੋਲ਼ੇ ਭਾਅ ਹੀ।

ਮਾਰੂਥਲਾਂ ਦੀ ਭੱਠ ਚ ਭੁਜਦੀ ਕਿਸਮਤ ਦੇ ਗਈ ਹਾਰਾਂ
ਨੀਂਦਰਾਂ ਵਿੱਚ ਤਾਂ ਅੱਡ ਹੋ ਗਿਆ, ਮੈਥੋਂ ਭੋਲ਼ੇ ਭਾਅ ਹੀ।

ਰੁਮਕਦੀਆਂ ਪੌਣਾਂ ਦੇ ਵਿੱਚ ਵਸਦਾ, ਸਾਹਾਂ ਵਿੱਚ ਸੀ ਘੁਲ਼ਿਆ
ਵਸਦਾ ਰਸਦਾ ਛੱਡ ਹੋ ਗਿਆ, ਮੈਥੋਂ ਭੋਲ਼ੇ ਭਾਅ ਹੀ।

ਹਰਿਆ ਭਰਿਆ ਹੱਥੀਂ ਲਾਇਆ, ਵੰਡਦਾ ਸੀ ਖੁਸ਼ਬੋਈਆਂ
ਛਾਂਗਣ ਲੱਗਿਆਂ ਵੱਢ ਹੋ ਗਿਆ, ਮੈਥੋਂ ਭੋਲ਼ੇ ਭਾਅ ਹੀ।

ਉੱਚੇ ਚੜ੍ਹ ਫੈਲਾਅ ਕੇ ਬਾਹਾਂ ਜਿੱਤ ਦੇ ਜਸ਼ਨ ਮਨਾਉਂਦਾ
ਡੂੰਘੀ ਨ੍ਹੇਰੀ ਖੱਡ ਹੋ ਗਿਆ, ਮੈਥੋਂ ਭੋਲ਼ੇ ਭਾਅ ਹੀ।

ਗਹਿਰੀਆਂ ਵੇਖ ਘਟਾਵਾਂ ਨੰਗਲ, ਨੱਚਦਾ ਦਿਲ ਦਾ ਮੋਰ
ਰਾਜਨੀਤੀ ਵਿੱਚ ਗੱਡ ਹੋ ਗਿਆ, ਮੈਥੋਂ ਭੋਲ਼ੇ ਭਾਅ ਹੀ।
ਸੰਪਰਕ: 98157-18619
* * *

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸੰਤੋਸ਼ ਕੌਰ ਨਈਅਰ
ਵਾਹ ਵਾਹ ਗੁਰੂ, ਵਾਹ ਵਾਹ ਗੁਰੂ,
ਇਸ ਦੁਨੀਆ ਦਾ ਪਾਤਸ਼ਾਹ ਗੁਰੂ,
ਮੇਰਾ ਸੱਚਾ ਸ਼ਹਿਨਸ਼ਾਹ ਗੁਰੂ।
ਪਿਤਾ ਗੁਰੂ ਤੇਗ ਬਹਾਦਰ ਤੇ ਮਾਂ ਗੁਜਰੀ ਦਾ ਜਾਇਆ,
ਪਟਨਾ ਸ਼ਹਿਰ ’ਚ ਜਨਮ ਲੈ ਕੇ ਦੁਨੀਆ ਤਾਰਨ ਆਇਆ।
ਬਚਪਨ ’ਚ ਕਰ ਚੋਜ ਨਿਰਾਲੇ,
ਭੀਖਣ ਸ਼ਾਹ ਦੇ ਭਰ ਪ੍ਰੇਮ ਪਿਆਲੇ।
ਰਾਣੀ ਮੈਣੀ ਦੀ ਗੋਦ ’ਚ ਬਹਿ ਕੇ,
ਪੁੱਤਰ ਮੋਹ ਨਾਲ ਉਹਦਾ ਮਨ ਤ੍ਰਿਪਤਾਇਆ।
ਦੇਸ਼ ਧਰਮ ਲਈ ਪਿਤਾ ਵਾਰ ਕੇ,
ਧਰਮ ਸੀ ਉਨ੍ਹਾਂ ਬਚਾਇਆ।
ਨਾ ਕੋ ਬੈਰੀ ਨਹੀ ਬਿਗਾਨਾ,
ਸਾਂਝੀਵਾਲਤਾ ਸਬਕ ਸਿਖਾਇਆ।
ਆਨੰਦਪੁਰ ਵਿਚ ਇਕੱਠ ਕਰ ਕੇ ਭਾਰੀ,
ਸਭ ਨੂੰ ਆਉਣ ਦਾ ਸੰਦੇਸ਼ ਪੁਚਾਇਆ।
ਕਮਜ਼ੋਰ ਦਿਲਾਂ ’ਚ ਤਾਣ ਭਰ ਕੇ,
ਉਨ੍ਹਾਂ ਖ਼ਾਲਸਾ ਪੰਥ ਸਜਾਇਆ।
ਦੀਨ ਦੁਖੀ ਦੀ ਰਾਖੀ ਕਰਨਾ,
ਸਭ ਨੂੰ ਇਹ ਸਬਕ ਪੜ੍ਹਾਇਆ।
ਚਿੜੀਆਂ ਤੋਂ ਉਨ੍ਹਾਂ ਬਾਜ ਤੁੜਾ ਕੇ,
ਗੋਬਿੰਦ ਸਿੰਘ ਨਾਮ ਕਹਾਇਆ।
ਗੁਰੂ ਜੀ ਦਾ ਸ਼ਾਹੀ ਠਾਠ ਵੇਖ ਕੇ,
ਮੁਗਲਾਂ ਦੇ ਸੀ ਹੋਸ਼ ਉੱਡ ਗਏ।
ਚੋਟ ਨਗਾਰੇ ਦੀ ਸੁਣ ਕੇ,
ਪਹਾੜੀ ਰਾਜੇ ਕੰਬ ਗਏ।
ਮੁਗ਼ਲਾਂ ਨੇ ਖਾ ਕੇ ਝੂਠੀਆਂ ਸਹੁੰਆਂ,
ਆਨੰਦਪੁਰ ਖਾਲੀ ਕਰਵਾਇਆ।
ਜਦੋਂ ਸਿੰਘ ਕਿਲ੍ਹੇ ’ਚੋਂ ਨਿਕਲੇ,
ਪਿੱਛੋਂ ਜਾ ਕੇ ਘੇਰਾ ਪਾਇਆ।
ਪੋਹ ਦੀਆਂ ਠੰਢੀਆਂ ਸੀਤ ਸੀ ਰਾਤਾਂ,
ਕਲਗੀਧਰ ਦੀਆਂ ਅਚਰਜ ਬਾਤਾਂ।
ਕਹਿਰ ਦੀ ਭੈੜੀ ਰਾਤ ਦਾ ਨਜ਼ਾਰਾ,
ਸਰਸਾ ’ਚ ਪਰਿਵਾਰ ਵਿਛੜਿਆ ਸਾਰਾ।
ਦੇਸ਼ ਧਰਮ ਲਈ ਚਾਰੇ ਲਾਲ ਵਾਰੇ,
ਬਦਲੇ ’ਚ ਲੱਖਾਂ ਪੁੱਤਾਂ ਤੋਂ ਜਾਵੇ ਬਲਿਹਾਰੇ।
ਕਲਗੀਧਰ ਜਿਹਾ ਕੋਈ ਹੋਰ ਹੋ ਨਹੀਂ ਸਕਦਾ,
ਕੰਡਿਆਂ ਦੀ ਸੇਜ ’ਤੇ ਕੋਈ ਸੌਂ ਈ ਨਹੀਂ ਸਕਦਾ।
ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਏ,
ਮਿੱਤਰ ਪਿਆਰੇ ਦੀ ਯਾਦ ’ਚ ਗੀਤ ਗਾਏ।
ਦੇਸ਼ ਧਰਮ ਲਈ ਲੜਨਾ ਸਿਖਾਇਆ,
ਖ਼ਾਲਸੇ ਨੂੰ ਪੂਰਨ ਖ਼ਾਲਸਾ ਬਣਾਇਆ।
ਸੰਪਰਕ: 99141-14439
* * *

ਪੰਛੀ

ਜੇ.ਐੱਸ. ਮਹਿਰਾ
ਰੰਗ ਬਿਰੰਗੇ
ਛੋਟੇ ਵੱਡੇ
ਕਾਇਨਾਤ ਦੀ
ਸ਼ਾਨ ਨੇ ਪੰਛੀ
ਆਜ਼ਾਦ ਦਿਲਾਂ ਦੇ
ਵਿੱਚ ਪਲਾਂ ਦੇ
ਉੱਡਣ ਵਿੱਚ
ਆਸਮਾਨ ਦੇ ਪੰਛੀ...
ਦਰਿਆ ਕੰਢੇ
ਪਾਣੀ ਨਾਲ ਖੇਡਣ
ਦਿਲ ਕਹਿੰਦਾ
ਨਾਦਾਨ ਨੇ ਪੰਛੀ
ਤਪਦੇ ਸੀਨੇ ਠਾਰਨ ਲਈ
ਪਾਣੀ ਵਿੱਚ ਮਾਰ ਕੇ ਡੁਬਕੀ
ਭਰਦੇ ਨਵੀਂ
ਉਡਾਣ ਨੇ ਪੰਛੀ...
ਬਹਿ ਰੁੱਖਾਂ ਦੀ ਟਾਹਣੀ ਉੱਤੇ
ਕੂ ਕੂ ਕਰਦੇ ਚੀਂ ਚੀਂ ਕਰਦੇ
ਮਿੱਠੜੇ ਗੀਤ ਸੁਣਾਉਂਦੇ
ਰੁੱਖਾਂ ਦੀ ਜਿੰਦ ਜਾਨ ਨੇ ਪੰਛੀ
ਇਹ ਨਾ ਜਾਣਨ ਕੀ ਸਰਹੱਦਾਂ
ਕਾਦਰ ਦੀ ਪਛਾਣ ਨੇ ਪੰਛੀ...
ਉੱਚੀ ਉੱਚੀ ਉੱਡਣ
ਅੰਬਰ ਛੂਹਣ
ਅਗੰਮੀ ਇਲਮ ਦਾ
ਨਿਸ਼ਾਨ ਨੇ ਪੰਛੀ...
ਕਾਸ਼! ਮੇਰੇ ਵੀ ਖੰਭ ਹੁੰਦੇ ਤਾਂ
ਨਾਲ ਇਨ੍ਹਾਂ ਦੇ ਉੱਡਦਾ
‘ਜੱਸੀ’ ਦਾ ਇਹ ਕਹਿਣਾ
ਕਿ ਮੇਰੇ ਲਈ ਜਹਾਨ ਨੇ ਪੰਛੀ...
ਸੰਪਰਕ: 95924-30420
* * *

ਯਾਦਾਂ ਦੀ ਚੌਖਟ ਉੱਤੇ...

ਭੁਪਿੰਦਰ ਕੋਮਲ ‘ਤਪਾ’
ਯਾਦਾਂ ਦੀ ਚੌਖਟ ਉੱਤੇ, ਦਿਲ ਦਾ ਦੀਪ ਜਗਾਉਣਾ ਐ,
ਤੇਰੀਆਂ ਅਭੁੱਲ ਯਾਦਾਂ ਨੂੰ, ਅੱਜ ਫਿਰ ਰੁਸ਼ਨਾਉਣਾ ਐ...
ਯਾਦਾਂ ਦੀ ਚੌਖਟ ਉੱਤੇ...

ਜ਼ਿੰਦਗੀ ਦੇ ਦਿਨ ਕੱਟਾਂ ਮੁਨਿਆਦ ਤੋਂ ਬਿਨਾਂ,
ਮੇਰੇ ਕੋਲ ਕੁਝ ਨਹੀਂ ਰਿਹ ਤੇਰੀ ਯਾਦ ਤੋਂ ਬਿਨਾਂ।
ਤੂੰ ਵੀ ਕੋਲ ਨਹੀਂ ਮੇਰੇ, ਪਰ ਮੈਂ ਵਾਅਦਾ ਨਿਭਾਉਣਾ ਐ...
ਯਾਦਾਂ ਦੀ ਚੌਖਟ ਉੱਤੇ...
ਚੇਤਿਆਂ ਵਿੱਚ ਆਸ ਰੱਖਾਂ, ਸਿਰਫ਼ ਤੈਨੂੰ ਪਾਉਣ ਦੀ,
ਕੋਸ਼ਿਸ਼ ਕਰਦਾ ਸਦਾ ਤੈਨੂੰ ਵੇਖ-ਵੇਖ ਜਿਉਣ ਦੀ।
ਆਪਣੀ ਕਿਸਮਤ ਤੈਨੂੰ, ਅਜੇ ਮੈਂ ਬਣਾਉਣਾ ਐ...
ਯਾਦਾਂ ਦੀ ਚੌਖਟ ਉੱਤੇ...

ਕਰਜ਼ਾ ਚੁਕਾਉਣਾ ਮੈਂ, ਉਨ੍ਹਾਂ ਪਲ ਛਿਣਾਂ ਦਾ,
ਤੈਥੋਂ ਹੀ ਹਿਸਾਬ ਲੈਣਾ, ਗੁਆਚੇ ਹੋਏ ਦਿਨਾਂ ਦਾ।
ਜੋ ਕੁਝ ਮੈਥੋਂ ਗੁੰਮ ਹੋਇਆ, ਉਹ ਤੇਰੇ ਕੋਲੋਂ ਪਾਉਣਾ ਐ...
ਯਾਦਾਂ ਦੀ ਚੌਖਟ ਉੱਤੇ, ਦਿਲ ਦਾ ਦੀਪ ਜਗਾਉਣਾ ਐ।
ਸੰਪਰਕ: 99885-53490
* * *

ਗ਼ਜ਼ਲ

ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਕਿਉਂ ਚੁੱਪ ਰਹਾਂ ਤੇ ਕਿੰਝ ਰਹਾਂ, ਅਨਿਆਂ ਦਾ ਡਰ ਸਿਤਮ ਸਹਾਂ
ਸ਼ਾਇਰ ਹਾਂ ਮੈਂ ਬੁਜ਼ਦਿਲ ਨਹੀਂ, ਸੱਚ ਲਿਖੇ ਬਿਨ ਕਿੰਝ ਰਹਾਂ

ਘੁੱਗ ਵਸੇ ਸ਼ਹਿਰ ਗਰਾਂ ਮੇਰੇ, ਤੂੰ ਕਬਰਸਤਾਨ ਬਣਾ ਦਿੱਤੇ
ਵਿਰਲਾਪ ਧਰਤ ਆਪਣੀ ਦਾ, ਸੁਣ ਚੁੱਪ ਰਹਾਂ, ਕਿੰਝ ਸਹਾਂ

ਮਾਵਾਂ ਦੀ ਗੋਦ ਪਈਆਂ ਨੇ, ਲਾਸ਼ਾਂ ਰੱਤ ’ਚ ਮੁਸ਼ਕੀਆਂ
ਅਫ਼ਸੋਸ ਲਈ ਜੇ ਰੁਕ ਕੇ, ਜੇ ਪਲ ਭਰ ਵੀ ਬਹਾਂ ਕਿੰਝ ਬਹਾਂ

ਸੰਗੀਨਾਂ ਦੇ ਫਣ ਤਾਂ ਉਗਲ਼ ਰਹੇ, ਜ਼ਹਿਰ ਹਰ, ਤਰਫ਼ ਜ਼ਹਿਰ ਹੀ
ਇਸ ਆਬੋ ਹਵਾ ਵਿੱਚ ਤਾਂ ਸਾਹ ਵੀ, ਹੇਠ ਰੁਕੇ ਬਸ ਕੁਝ ਉਤਾਂਹ

ਤਾੜੀ ਤਾਂਡਵ ਦੇ ਨਾਲ ਕਿੱਥੋਂ, ਮਰਦੰਗ ਵਜਾਵੇ ਛੁਪ ਕੇ
ਕੌਣ ਸ਼ਰੀਕ ਖ਼ੁਦਾ ਦਾ ‘ਬਾਲੀ’, ਕਿਸ ਨੇ ਕਰਿਐ ਰਾਖ਼ ਜਹਾਂ।
ਸੰਪਰਕ: 94651-29168
* * *

ਦਸਤੂਰ

ਹਰਮੀਤ ਸਿਵੀਆਂ
ਦਸਤੂਰ ਜੱਗ ਦਾ ਇਹ ਦੇਰ ਬੜੀ ਤੋਂ।
ਛੱਡਣ ਸਾਥ ਆਈ ਮਾੜੀ ਘੜੀ ਤੋਂ।

ਬਹੁਤੇ ਜੁੜੇ ਹੁੰਦੇ ਨੇ ਸਵਾਰਥਾਂ ਲਈ,
ਉਹੋ ਨੇੜੇ ਆਉਣ ਫੇਰ ਗੁੱਡੀ ਚੜ੍ਹੀ ਤੋਂ।

ਚੱਲਦੀ ’ਤੇ ਸਾਰੇ ਸਵਾਰ ਰਹਿੰਦੇ ਨੇ,
ਉੱਤਰ ਜਾਂਦੇ ਨੇ ਫਿਰ ਗੱਡੀ ਖੜ੍ਹੀ ਤੋਂ।

ਕੁਝ ਦਾ ਵਿਹਾਰ ਉੱਦਾਂ ਦਾ ਹੀ ਰਹੇ,
ਵੱਟ ਨਹੀਂ ਜਾਂਦਾ ਜਿਵੇਂ ਰੱਸੀ ਸੜੀ ਤੋਂ।

ਜਿਉਂਦੇ ਹੋਏ ਤਾਂ ਕਦੇ ਸਾਰ ਨਾ ਲਈ,
ਕੀ ਲੈਣਾ ਮੋਏ ਦੀ ਬਣਾ ਕੇ ਮੜ੍ਹੀ ਤੋਂ।

ਹਰ ਚੀਜ਼ ਮਾਲਕ ਦੀ ਸਮਾਂ-ਬੱਧ ਹੈ,
ਉੱਡਦੇ ਪਤੰਗ ਨਹੀਓਂ ਲੱਗੀ ਝੜੀ ਤੋਂ।

ਚੰਗਿਆਂ ਦੇ ਮੰਦੇ ਕੰਮ ਵੇਖੇ ‘ਸਿਵੀਆਂ’
ਸੱਤਾ ਜਾਂ ਨਸ਼ੇ ਦੀ ਖੁਮਾਰੀ ਚੜ੍ਹੀ ਤੋਂ।
ਸੰਪਰਕ: 80547-57806

Advertisement
Author Image

joginder kumar

View all posts

Advertisement