ਅਸੀਂ ਸ਼ਬਦ ਵਣਜ ਲਈ ਆਏ
ਪ੍ਰੋ. ਕੁਲਵੰਤ ਔਜਲਾ
ਲੋਕਾ ਵੇ
ਅਸੀਂ ਸ਼ਬਦ ਵਣਜ ਲਈ ਆਏ
ਮੌਲਿਕ ਮਿੱਠੜੇ ਸ਼ਬਦ ਅਸਾਡੇ
ਗੁਰੂਆਂ ਦੇ ਵਰੋਸਾਏ
ਅਸੀਂ ਸ਼ਬਦ ਵਣਜ ਲਈ ਆਏ
ਵੰਡੀਏ ਵੇਚੀਏ ਦੇ ਦੇ ਹੋਕੇ
ਸ਼ਬਦ ਮਿਟਾਵਣ ਮਨ ਦੇ ਸੋਕੇ
ਕੰਮ ਆਵਣ ਦਰਗਾਹੇ
ਅਸੀਂ ਸ਼ਬਦ ਵਣਜ ਲਈ ਆਏ
ਮਾਂ ਦੀ ਮਮਤਾ ਰਸੀ ਇਨ੍ਹਾਂ ਵਿੱਚ
ਕਿਰਤ ਬਾਪ ਦੀ ਵਸੀ ਇਨ੍ਹਾਂ ਵਿੱਚ
ਹੂ-ਬ-ਹੂ ਅੰਮਾਂ ਜਾਏ
ਅਸੀਂ ਸ਼ਬਦ ਵਣਜ ਲਈ ਆਏ
ਚੰਦ ਸੂਰਜ ਰਾਤਾਂ ਪ੍ਰਭਾਤਾਂ
ਇਲਮ ਔਸ਼ਧੀ ਵਰਗੀਆਂ ਦਾਤਾਂ
ਬਨਸਪਤ ਵਾਂਗ ਹਰਿਆਏ
ਅਸੀਂ ਸ਼ਬਦ ਵਣਜ ਲਈ ਆਏ
ਅਹਿਸਾਸਾਂ ਦੇ ਡੂੰਘੇ ਸਰਵਰ
ਨਾੜ ਨਾੜ ਨੂੰ ਕਰਦੇ ਤਰਵਰ
ਅਨਹਦ ਨਾਦ ਵਾਜਾਏ
ਅਸੀਂ ਸ਼ਬਦ ਵਣਜ ਲਈ ਆਏ
ਸੁਪਨੇ ਬੀਜਣ ਭਰਨ ਉਡਾਣਾਂ
ਬਹੁਰੰਗਾ ਸ਼ਬਦਾਂ ਦਾ ਲਾਣਾ
ਸ਼ਾਇਰਾਂ ਸੁਖ਼ਨ ਆਲਾਏ
ਅਸੀਂ ਸ਼ਬਦ ਵਣਜ ਲਈ ਆਏ
ਮੁੰਦਰਾਂ ਠੂਠੇ ਚਿੱਪੀਆਂ ਵਰਗੇ
ਘੋਗੇ, ਸੰਖ ਤੇ ਸਿੱਪੀਆਂ ਵਰਗੇ
ਸਾਗਰ ਜੇਡ ਗਹਿਰਾਏ
ਅਸੀਂ ਸ਼ਬਦ ਵਣਜ ਲਈ ਆਏ
ਔਲੀਏ ਪੀਰ ਫ਼ਕੀਰ ਪੈਗੰਬਰ
ਗਏ ਉਗਾ ਸ਼ਬਦਾਂ ਵਿੱਚ ਅੰਬਰ
ਮੁੱਕਦੇ ਨਹੀਂ ਮੁਕਾਏ
ਲੋਕਾ ਵੇ
ਅਸੀਂ ਸ਼ਬਦ ਵਣਜ ਲਈ ਆਏ।
ਸੰਪਰਕ: 84377-88856
* * *
ਯਾਰ ਕੇਹਾ
ਰਣਜੀਤ ਆਜ਼ਾਦ ਕਾਂਝਲਾ
ਯਾਰ ਕੇਹਾ ਅੱਖੀਆਂ ਨੂੰ ਜਾਗ ਲਾ ਗਿਆ!
ਉਮਰ ਦਾ ਰੋਣਾ ਮੇਰੇ ਝੋਲੀ ’ਚ ਪਾ ਗਿਆ!
ਘੁਟੇ ਘੁਟੇ ਦਿਲ ’ਚੋਂ ਆਵਾਜ਼ ਕੋਈ ਆਏ ਨਾ,
ਵੇਖ! ਚੰਨ ਜਿਹੇ ਮੁਖ ’ਤੇ ਹਨੇਰ ਛਾ ਗਿਆ!
ਪੱਤਝੜ ਵਿੱਚ ਵੀ ਜੋ ਰਹਿੰਦਾ ਸੀ ਟਹਿਕਦਾ,
ਅੱਜ ਖਿੜਣ ਤੋਂ ਉਹ ਵੀ ਸ਼ਰਮ ਖਾ ਗਿਆ!
ਨੈਣਾਂ ਦੀ ਜੋਤ ਦਾ ਚਿਰਾਗ ਮੱਠਾ ਪੈ ਗਿਆ,
ਦਿਲ ਦੇ ਵਿਹੜੇ ਵੇਖ ਲੈ ਹਨੇਰਾ ਛਾ ਗਿਆ!
ਮਿੱਤਰ, ਬੇਲੀ, ਪਿਆਰੇ ਸਭ ਕੰਨੀ ਕਤਰਾ ਗਏ,
ਕਹਿੰਦੇ ਇਸ਼ਕ ’ਚ ਏਹ ਤਾਂ ਖ਼ਤਾ ਖਾ ਗਿਆ!
ਡੋਰ ਸੀ ਬਿਗਾਨੇ ਹੱਥ, ਗੁੱਡੀ ਆਸਮਾਨ ਚੜ੍ਹੀ,
ਟੁੱਟ ਗਈ ਸੀ ਡੋਰ ਤੇ ਸਿਖਰ ਸੀ ਆ ਗਿਆ!
ਲੈ ਗਈ ਧਕੇਲ ਦੂਰ ਚੰਦਰੀ ਨਿਮਾਣੀ ’ਵਾ,
ਸੋਹਣੀ ਦੇਹ ਉੱਤੇ ਓਸ ਕਾਬੂ ਸੀ ਪਾ ਲਿਆ!
ਜਾਣਿਆ ‘ਆਜ਼ਾਦ’ ਨੇ ਕਿ ਯਾਦ ਭਾਰੂ ਹੋ ਗਈ,
ਅੱਖੀਆਂ ਨੇ ਝੜੀ ਲਾ ਬਿਰਹੋਂ ਗੀਤ ਗਾ ਲਿਆ!
ਸੰਪਰਕ: 94646-97781
* * *
ਪੰਛੀ
ਜੇ.ਐੱਸ. ਮਹਿਰਾ
ਰੰਗ ਬਿਰੰਗੇ
ਛੋਟੇ ਵੱਡੇ
ਕਾਇਨਾਤ ਦੀ
ਸ਼ਾਨ ਨੇ ਪੰਛੀ
ਆਜ਼ਾਦ ਦਿਲਾਂ ਦੇ
ਵਿੱਚ ਪਲਾਂ ਦੇ
ਉੱਡਣ ਵਿੱਚ
ਆਸਮਾਨ ਦੇ ਪੰਛੀ...
ਦਰਿਆ ਕੰਢੇ
ਪਾਣੀ ਨਾਲ ਖੇਡਣ
ਦਿਲ ਕਹਿੰਦਾ
ਨਾਦਾਨ ਨੇ ਪੰਛੀ
ਤਪਦੇ ਸੀਨੇ ਠਾਰਨ ਲਈ
ਪਾਣੀ ਵਿੱਚ ਮਾਰ ਕੇ ਡੁਬਕੀ
ਭਰਦੇ ਨਵੀਂ
ਉਡਾਣ ਨੇ ਪੰਛੀ...
ਬਹਿ ਰੁੱਖਾਂ ਦੀ ਟਾਹਣੀ ਉੱਤੇ
ਕੂ ਕੂ ਕਰਦੇ ਚੀਂ ਚੀਂ ਕਰਦੇ
ਮਿੱਠੜੇ ਗੀਤ ਸੁਣਾਉਂਦੇ
ਰੁੱਖਾਂ ਦੀ ਜਿੰਦ ਜਾਨ ਨੇ ਪੰਛੀ
ਇਹ ਨਾ ਜਾਣਨ ਕੀ ਸਰਹੱਦਾਂ
ਕਾਦਰ ਦੀ ਪਛਾਣ ਨੇ ਪੰਛੀ...
ਉੱਚੀ ਉੱਚੀ ਉੱਡਣ
ਅੰਬਰ ਛੂਹਣ
ਅਗੰਮੀ ਇਲਮ ਦਾ
ਨਿਸ਼ਾਨ ਨੇ ਪੰਛੀ...
ਕਾਸ਼! ਮੇਰੇ ਵੀ ਖੰਭ ਹੁੰਦੇ ਤਾਂ
ਨਾਲ ਇਨ੍ਹਾਂ ਦੇ ਉੱਡਦਾ
‘ਜੱਸੀ’ ਦਾ ਇਹ ਕਹਿਣਾ
ਕਿ ਮੇਰੇ ਲਈ ਜਹਾਨ ਨੇ ਪੰਛੀ...
ਸੰਪਰਕ: 95924-30420
* * *
ਯਾਦਾਂ ਦੀ ਚੌਖਟ ਉੱਤੇ...
ਭੁਪਿੰਦਰ ਕੋਮਲ ‘ਤਪਾ’
ਯਾਦਾਂ ਦੀ ਚੌਖਟ ਉੱਤੇ, ਦਿਲ ਦਾ ਦੀਪ ਜਗਾਉਣਾ ਐ,
ਤੇਰੀਆਂ ਅਭੁੱਲ ਯਾਦਾਂ ਨੂੰ, ਅੱਜ ਫਿਰ ਰੁਸ਼ਨਾਉਣਾ ਐ...
ਯਾਦਾਂ ਦੀ ਚੌਖਟ ਉੱਤੇ...
ਜ਼ਿੰਦਗੀ ਦੇ ਦਿਨ ਕੱਟਾਂ ਮੁਨਿਆਦ ਤੋਂ ਬਿਨਾਂ,
ਮੇਰੇ ਕੋਲ ਕੁਝ ਨਹੀਂ ਰਿਹ ਤੇਰੀ ਯਾਦ ਤੋਂ ਬਿਨਾਂ।
ਤੂੰ ਵੀ ਕੋਲ ਨਹੀਂ ਮੇਰੇ, ਪਰ ਮੈਂ ਵਾਅਦਾ ਨਿਭਾਉਣਾ ਐ...
ਯਾਦਾਂ ਦੀ ਚੌਖਟ ਉੱਤੇ...
ਚੇਤਿਆਂ ਵਿੱਚ ਆਸ ਰੱਖਾਂ, ਸਿਰਫ਼ ਤੈਨੂੰ ਪਾਉਣ ਦੀ,
ਕੋਸ਼ਿਸ਼ ਕਰਦਾ ਸਦਾ ਤੈਨੂੰ ਵੇਖ-ਵੇਖ ਜਿਉਣ ਦੀ।
ਆਪਣੀ ਕਿਸਮਤ ਤੈਨੂੰ, ਅਜੇ ਮੈਂ ਬਣਾਉਣਾ ਐ...
ਯਾਦਾਂ ਦੀ ਚੌਖਟ ਉੱਤੇ...
ਕਰਜ਼ਾ ਚੁਕਾਉਣਾ ਮੈਂ, ਉਨ੍ਹਾਂ ਪਲ ਛਿਣਾਂ ਦਾ,
ਤੈਥੋਂ ਹੀ ਹਿਸਾਬ ਲੈਣਾ, ਗੁਆਚੇ ਹੋਏ ਦਿਨਾਂ ਦਾ।
ਜੋ ਕੁਝ ਮੈਥੋਂ ਗੁੰਮ ਹੋਇਆ, ਉਹ ਤੇਰੇ ਕੋਲੋਂ ਪਾਉਣਾ ਐ...
ਯਾਦਾਂ ਦੀ ਚੌਖਟ ਉੱਤੇ, ਦਿਲ ਦਾ ਦੀਪ ਜਗਾਉਣਾ ਐ।
ਸੰਪਰਕ: 99885-53490
* * *
ਗ਼ਜ਼ਲ
ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਕਿਉਂ ਚੁੱਪ ਰਹਾਂ ਤੇ ਕਿੰਝ ਰਹਾਂ, ਅਨਿਆਂ ਦਾ ਡਰ ਸਿਤਮ ਸਹਾਂ
ਸ਼ਾਇਰ ਹਾਂ ਮੈਂ ਬੁਜ਼ਦਿਲ ਨਹੀਂ, ਸੱਚ ਲਿਖੇ ਬਿਨ ਕਿੰਝ ਰਹਾਂ
ਘੁੱਗ ਵਸੇ ਸ਼ਹਿਰ ਗਰਾਂ ਮੇਰੇ, ਤੂੰ ਕਬਰਸਤਾਨ ਬਣਾ ਦਿੱਤੇ
ਵਿਰਲਾਪ ਧਰਤ ਆਪਣੀ ਦਾ, ਸੁਣ ਚੁੱਪ ਰਹਾਂ, ਕਿੰਝ ਸਹਾਂ
ਮਾਵਾਂ ਦੀ ਗੋਦ ਪਈਆਂ ਨੇ, ਲਾਸ਼ਾਂ ਰੱਤ ’ਚ ਮੁਸ਼ਕੀਆਂ
ਅਫ਼ਸੋਸ ਲਈ ਜੇ ਰੁਕ ਕੇ, ਜੇ ਪਲ ਭਰ ਵੀ ਬਹਾਂ ਕਿੰਝ ਬਹਾਂ
ਸੰਗੀਨਾਂ ਦੇ ਫਣ ਤਾਂ ਉਗਲ਼ ਰਹੇ, ਜ਼ਹਿਰ ਹਰ, ਤਰਫ਼ ਜ਼ਹਿਰ ਹੀ
ਇਸ ਆਬੋ ਹਵਾ ਵਿੱਚ ਤਾਂ ਸਾਹ ਵੀ, ਹੇਠ ਰੁਕੇ ਬਸ ਕੁਝ ਉਤਾਂਹ
ਤਾੜੀ ਤਾਂਡਵ ਦੇ ਨਾਲ ਕਿੱਥੋਂ, ਮਰਦੰਗ ਵਜਾਵੇ ਛੁਪ ਕੇ
ਕੌਣ ਸ਼ਰੀਕ ਖ਼ੁਦਾ ਦਾ ‘ਬਾਲੀ’, ਕਿਸ ਨੇ ਕਰਿਐ ਰਾਖ਼ ਜਹਾਂ।
ਸੰਪਰਕ: 94651-29168
* * *
ਦਸਤੂਰ
ਹਰਮੀਤ ਸਿਵੀਆਂ
ਦਸਤੂਰ ਜੱਗ ਦਾ ਇਹ ਦੇਰ ਬੜੀ ਤੋਂ।
ਛੱਡਣ ਸਾਥ ਆਈ ਮਾੜੀ ਘੜੀ ਤੋਂ।
ਬਹੁਤੇ ਜੁੜੇ ਹੁੰਦੇ ਨੇ ਸਵਾਰਥਾਂ ਲਈ,
ਉਹੋ ਨੇੜੇ ਆਉਣ ਫੇਰ ਗੁੱਡੀ ਚੜ੍ਹੀ ਤੋਂ।
ਚੱਲਦੀ ’ਤੇ ਸਾਰੇ ਸਵਾਰ ਰਹਿੰਦੇ ਨੇ,
ਉੱਤਰ ਜਾਂਦੇ ਨੇ ਫਿਰ ਗੱਡੀ ਖੜ੍ਹੀ ਤੋਂ।
ਕੁਝ ਦਾ ਵਿਹਾਰ ਉੱਦਾਂ ਦਾ ਹੀ ਰਹੇ,
ਵੱਟ ਨਹੀਂ ਜਾਂਦਾ ਜਿਵੇਂ ਰੱਸੀ ਸੜੀ ਤੋਂ।
ਜਿਉਂਦੇ ਹੋਏ ਤਾਂ ਕਦੇ ਸਾਰ ਨਾ ਲਈ,
ਕੀ ਲੈਣਾ ਮੋਏ ਦੀ ਬਣਾ ਕੇ ਮੜ੍ਹੀ ਤੋਂ।
ਹਰ ਚੀਜ਼ ਮਾਲਕ ਦੀ ਸਮਾਂ-ਬੱਧ ਹੈ,
ਉੱਡਦੇ ਪਤੰਗ ਨਹੀਓਂ ਲੱਗੀ ਝੜੀ ਤੋਂ।
ਚੰਗਿਆਂ ਦੇ ਮੰਦੇ ਕੰਮ ਵੇਖੇ ‘ਸਿਵੀਆਂ’
ਸੱਤਾ ਜਾਂ ਨਸ਼ੇ ਦੀ ਖੁਮਾਰੀ ਚੜ੍ਹੀ ਤੋਂ।
ਸੰਪਰਕ: 80547-57806
* * *
ਹੱਥ ਅਕਲ ਨੂੰ ਮਾਰ ਲੈ
ਗੋਗੀ ਜ਼ੀਰਾ
ਐਵੇਂ ਬਾਹਲਾ ਸੋਚੀ ਜਾਨੈਂ,
ਐਨਾ ਕੁਝ ਕਿਉਂ ਲੋਚੀ ਜਾਨੈਂ।
ਰੇਤ ਦੇ ਕਿਲ੍ਹੇ ਉਸਾਰਨ ਖਾਤਰ,
ਮਾਸ ਹੋਰਾਂ ਦਾ ਨੋਚੀ ਜਾਨੈਂ।
ਸ਼ਾਹੂਕਾਰਾਂ ਨੂੰ ਦੇ ਰਾਹਤ,
ਗ਼ਰੀਬ ਦੀ ਫੱਟੀ ਪੋਚੀ ਜਾਨੈਂ।
ਦੋਸ਼ੀ ਤੇਰੀ ਬਾਹਰ ਪਹੁੰਚ ਤੋਂ,
ਬੇਗੁਨਾਹ ਨੂੰ ਬੋਚੀ ਜਾਨੈਂ।
ਹੱਥ ਅਕਲ ਨੂੰ ਮਾਰ ਲੈ ‘ਗੋਗੀ’,
ਤੂੰ ਤਾਂ ਰੱਬ ਨੂੰ ਕੋਸੀ ਜਾਨੈਂ।
ਸੰਪਰਕ: 97811-36240