ਵੋਟ ਬੈਂਕ ਸਿਆਸਤ ਦੀ ਬਜਾਏ ਲੋਕਾਂ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ: ਮੋਦੀ
ਨਵੀਂ ਦਿੱਲੀ, 16 ਨਵੰਬਰ
ਵੋਟ ਬੈਂਕ ਨੂੰ ਖੁਸ਼ ਕਰਨ ਲਈ ਯੋਜਨਾਵਾਂ ਲਿਆਉਣ ਵਾਸਤੇ ਪਹਿਲਾਂ ਦੀਆਂ ਸਰਕਾਰਾਂ ’ਤੇ ਵਰ੍ਹਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮਕਸਦ ਵੋਟ ਬੈਂਕ ਦੀ ਸਿਆਸਤ ਤੋਂ ਦੂਰ ਰਹਿ ਕੇ ਲੋਕਾਂ ਦੀ ਤਰੱਕੀ ਕਰਨਾ ਹੈ। ਇਥੇ ਇਕ ਮੀਡੀਆ ਅਦਾਰੇ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਸਾਡੀ ਸਰਕਾਰ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਤਰੱਕੀ ਦੇ ਮੰਤਰ ਨਾਲ ਅਗਾਂਹ ਵੱਧ ਰਹੀ ਹੈ। ਸਾਡਾ ਟੀਚਾ ਵਿਕਸਤ ਰਾਸ਼ਟਰ ਬਣਾਉਣਾ ਹੈ ਅਤੇ ਮੁਲਕ ਦੇ ਲੋਕਾਂ ਨੇ ਸਾਡੇ ’ਤੇ ਭਰੋਸਾ ਕੀਤਾ ਹੈ। ਪਹਿਲਾਂ ਦੀਆਂ ਸਰਕਾਰਾਂ ਵੋਟ ਬੈਂਕ ਦੀ ਸਿਆਸਤ ਕਰਦੀਆਂ ਸਨ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਮੁਲਕ ’ਚ ਨਾਬਰਾਬਰੀ ਦਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ।’’ ਉਨ੍ਹਾਂ 90ਵੇਂ ਦਹਾਕੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਮੁਲਕ ’ਚ 10 ਸਾਲਾਂ ਅੰਦਰ ਪੰਜ ਚੋਣਾਂ ਹੋਈਆਂ ਸਨ ਅਤੇ ਦੇਸ਼ ’ਚ ਅਸਥਿਰਤਾ ਦਾ ਮਾਹੌਲ ਬਣ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਨਿਵੇਸ਼ ਰਾਹੀਂ ਰੁਜ਼ਗਾਰ ਅਤੇ ਵਿਕਾਸ ਰਾਹੀਂ ਮਾਣ-ਸਨਮਾਨ ਪ੍ਰਦਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਆਪਣੀ ਸਰਕਾਰ ਵੱਲੋਂ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਸਣੇ ਹੋਰ ਵਿਕਾਸ ਪ੍ਰਾਜੈਕਟ ਸ਼ੁਰੂ ਕਰਨ ਦੀ ਵੀ ਜਾਣਕਾਰੀ ਦਿੱਤੀ। -ਪੀਟੀਆਈ
ਐੱਲਏਸੀ ਤੋਂ ਫੌਜਾਂ ਪਿੱਛੇ ਹਟਾਉਣ ਮਗਰੋਂ ਹੁਣ ਤਣਾਅ ਘਟਾਉਣ ’ਤੇ ਧਿਆਨ: ਜੈਸ਼ੰਕਰ
ਨਵੀਂ ਦਿੱਲੀ: ਵਿਦੇਸ਼ ਮੰਤਰੀ ਨੇ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਚੀਨ ਨਾਲ ‘ਮਸਲੇ’ ਦੇ ਹੱਲ ਤਹਿਤ ਪਿਛਲੇ ਮਹੀਨੇ ਸਹਿਮਤੀ ਮਗਰੋਂ ਫੌਜਾਂ ਦੇ ਪਿੱਛੇ ਹਟਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਹੁਣ ਅੱਗੇ ਧਿਆਨ ਤਣਾਅ ਘਟਾਉਣ ’ਤੇ ਹੋਵੇਗਾ। ਉਨ੍ਹਾਂ ਨੇ ਸੈਨਿਕਾਂ ਦੀ ਵਾਪਸੀ ਦੇ ਆਖਰੀ ਗੇੜ ਮਗਰੋਂ ਭਾਰਤ ਅਤੇ ਚੀਨ ਵਿਚਾਲੇ ਸਬੰਧਾਂ ’ਚ ਕੁਝ ਸੁਧਾਰ ਦੀ ਉਮੀਦ ਨੂੰ ‘ਢੁੱਕਵਾਂ ਅਨੁਮਾਨ’ ਦੱਸਿਆ ਪਰ ਇਹ ਕਹਿਣ ਤੋਂ ਟਾਲਾ ਵੱਟ ਲਿਆ ਕਿ ਦੁਵੱਲੇ ਸਬੰਧ ਪਹਿਲਾਂ ਵਰਗੇ ਹੋ ਸਕਦੇ ਹਨ। ਜੈਸ਼ੰਕਰ ਨੇ ਮੀਡੀਆ ਗਰੁੱਪ ਵੱਲੋਂ ਕਰਵਾਏ ਲੀਡਰਸ਼ਿਪ ਸੰਮੇਲਨ ਦੌਰਾਨ ਸਵਾਲ ਦੇ ਜਵਾਬ ’ਚ ਕਿਹਾ, ‘‘ਮੈਂ ਫੌਜਾਂ ਦੇ ਪਿੱਛੇ ਹਟਣ ਨੂੰ ਬੱਸ ਉਨ੍ਹਾਂ (ਫੌਜਾਂ ਦੇ) ਪਿੱਛੇ ਹਟਣ ਵਜੋਂ ਦੇਖਦਾ। ਉਸ ਤੋਂ ਘੱਟ ਜਾਂ ਵੱਧ ਨਹੀਂ।’’ -ਪੀਟੀਆਈ