For the best experience, open
https://m.punjabitribuneonline.com
on your mobile browser.
Advertisement

ਹਮ ਰਾਜ ਕੁਮਾਰ ਹੈਂ ਜਾਨੀ...

11:45 AM Oct 07, 2023 IST
ਹਮ ਰਾਜ ਕੁਮਾਰ ਹੈਂ ਜਾਨੀ
Advertisement

ਸੁਖਮਿੰਦਰ ਸਿੰਘ ਸੇਖੋਂ

Advertisement

ਫਿਲਮ ਸਟਾਰ ਰਾਜ ਕੁਮਾਰ ਦਾ ਚਿਹਰਾ ਸਾਹਮਣੇ ਆਉਂਦਿਆਂ ਹੀ ਉਸ ਦੀ ਆਵਾਜ਼, ਅਦਾਕਾਰੀ, ਸ਼ੈਲੀ ਤੇ ਰਾਜ ਕੁਮਾਰਾਨਾ ਸਟਾਈਲ ਅੱਖਾਂ ਅੱਗੇ ਘੁੰਮਣ ਲੱਗਦਾ ਹੈ। ਉਸ ਦਾ ਜਨਮ 8 ਅਕਤੂਬਰ 1926 ਨੂੰ ਕਸ਼ਮੀਰੀ ਪੰਡਿਤ ਪਰਿਵਾਰ ਵਿੱਚ ਬਲੋਚਿਸਤਾਨ ਵਿਖੇ ਹੋਇਆ। ਪੜ੍ਹ ਲਿਖ ਕੇ ਉਹ ਵੱਡਾ ਹੋਇਆ ਤਾਂ ਉਸ ਨੂੰ ਪੁਲੀਸ ਮਹਿਕਮੇ ਵਿੱਚ ਸਬ ਇੰਸਪੈਕਟਰ ਦੀ ਨੌਕਰੀ ਮਿਲ ਗਈ। ਉਸ ਦੀ ਪੋਸਟਿੰਗ ਵੀ ਬੰਬਈ ਦੀ ਹੋ ਗਈ। ਇੱਥੇ ਉਸ ਦੇ ਇੱਕ ਨੇੜਲੇ ਫਿਲਮੀ ਮਿੱਤਰ ਨੇ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਸਾਫ਼ ਨਾਂਹ ਕਰ ਦਿੱਤੀ ਕਿ ਉਹ ਫਿਲਮਾਂ ਨਹੀਂ ਦੇਖਦਾ, ਫਿਲਮਾਂ ਵਿੱਚ ਅਦਾਕਾਰੀ ਤਾਂ ਦੂਰ ਰਹੀ। ਫਿਰ ਦੋਸਤ ਅਤੇ ਕੁਝ ਹੋਰਨਾਂ ਨੇੜਲਿਆਂ ਦੇ ਦਬਾਅ ਹੇਠ ਉਸ ਨੇ ਆਪਣੀ ਫੋਟੋ ਜ਼ਰੂਰ ਦੇ ਦਿੱਤੀ। ਨਿਰਮਾਤਾ ਨੂੰ ਉਸ ਦੀ ਤਸਵੀਰ ਪਸੰਦ ਆ ਗਈ ਤੇ ਉਸ ਨੇ ਰਾਜ ਕੁਮਾਰ ਨੂੰ ਆਪਣੀ ਇੱਕ ਫਿਲਮ ‘ਰੰਗੀਲੀ’ (1952) ਦਾ ਹੀਰੋ ਬਣਾ ਦਿੱਤਾ।
ਇਸ ਤਰ੍ਹਾਂ ਕੁਲਭੂਸ਼ਨ ਪੰਡਿਤ ਫਿਲਮਾਂ ਦਾ ਰਾਜ ਕੁਮਾਰ ਹੋ ਗਿਆ। ਉਸ ਦੇ ਫਿਲਮੀ ਸਫ਼ਰ ਦਾ ਆਗਾਜ਼ ਚੰਗਾ ਰਿਹਾ ਅਤੇ ਹੋਰ ਵੀ ਫਿਲਮਸਾਜ਼ਾਂ ਨੇ ਉਸ ਨੂੰ ਆਪਣੀਆਂ ਫਿਲਮਾਂ ਵਿੱਚ ਨਾਇਕ ਜਾਂ ਸਹਿ ਨਾਇਕ ਦੀਆਂ ਭੂਮਿਕਾਵਾਂ ਦੇਣੀਆਂ ਆਰੰਭ ਕਰ ਦਿੱਤੀਆਂ। ਬਲੈਕ ਐਂਡ ਵ੍ਹਾਈਟ ਫਿਲਮ ‘ਉਜਾਲਾ’ ਵਿੱਚ ਬੇਸ਼ੱਕ ਸ਼ੰਮੀ ਕਪੂਰ ਹੀਰੋ ਸੀ, ਪਰ ਇੱਕ ਆਵਾਰਾ ਕਿਸਮ ਦੇ ਕਿਰਦਾਰ ਵਿੱਚ ਰਾਜ ਕੁਮਾਰ ਵੀ ਹਾਜ਼ਰ ਸੀ। ਗੀਤ ਬੇਸ਼ੱਕ ਸ਼ੰਮੀ ਦੇ ਹਿੱਸੇ ਆਏ, ਪਰ ਤਾੜੀਆਂ ਰਾਜ ਕੁਮਾਰ ਦੇ ਡਾਇਲਾਗ ਅਤੇ ਅੰਦਾਜ਼ ਦੇ ਹਿੱਸੇ ਆਈਆਂ। ਫਿਲਮ ‘ਮਦਰ ਇੰਡੀਆ’ ਉਸ ਦੀ ਇੱਕ ਯਾਦਗਾਰੀ ਫਿਲਮ ਹੈ। ਇਸ ਫਿਲਮ ਵਿੱਚ ਉਹ ਨਰਗਿਸ ਦਾ ਪਤੀ ਬਣਿਆ। ਇੱਕ ਕਿਸਾਨ ਦੀ ਬੇਵਸੀ ਅਤੇ ਲਾਚਾਰੀ ਨੂੰ ਦਰਸਾਉਂਦੇ ਇਸ ਕਿਰਦਾਰ ਵਿੱਚ ਰਾਜ ਕੁਮਾਰ ਇੱਕ ਐਕਟਰ ਵਜੋਂ ਦਰਸ਼ਕਾਂ ਨੇ ਪ੍ਰਵਾਨ ਕੀਤਾ। ਨਵੀਂ ਰੌਸ਼ਨੀ ਵਿੱਚ ਵੀ ਉਸ ਨੇ ਆਪਣੇ ਕਿਰਦਾਰ ਨੂੰ ਆਪਣੀ ਅਦਾਕਾਰੀ ਨਾਲ ਰੁਸ਼ਨਾ ਦਿੱਤਾ, ਪਰ ਰਾਮ ਮਹੇਸ਼ਵਰੀ ਦੀ ‘ਕਾਜਲ’ ਵਿੱਚ ਬੇਸ਼ੱਕ ਧਰਮਿੰਦਰ ਹੀਰੋਇਨ ਪਦਮਨੀ ਨਾਲ ਰੁਮਾਂਟਿਕ ਹੀਰੋ ਸੀ, ਪਰ ਰਾਜ ਕੁਮਾਰ ਨੇ ਮੀਨਾ ਕੁਮਾਰੀ ਦੇ ਪਤੀ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ। ਸਾਹਿਰ ਦੇ ਗੀਤਾਂ ਤੇ ਰਵੀ ਦੇ ਸੰਗੀਤ ਨਾਲ ਸਜੀ ਇਸ ਫਿਲਮ ਵਿੱਚ ਜਿੱਥੇ ਰਾਜ ਕੁਮਾਰ ਆਪਣੇ ’ਤੇ ਫਿਲਮਾਏ ਗੀਤਾਂ ਵਿੱਚ ਜਾਨ ਪਾਉਣ ਦਾ ਕਾਰਨ ਬਣਿਆ, ਉੱਥੇ ਆਪਣੀ ਨਿਰਾਲੀ ਅਦਾਕਾਰੀ ਦਾ ਲੋਹਾ ਵੀ ਸਹਿਜੇ ਹੀ ਮਨਵਾ ਗਿਆ। ਉਸ ’ਤੇ ਫਿਲਮਾਏ ਮੁਹੰਮਦ ਰਫੀ ਦੇ ਦੋ ਗੀਤ ਧਿਆਨ ਦੀ ਮੰਗ ਕਰਦੇ ਹਨ, ਜਨਿ੍ਹਾਂ ਵਿੱਚ ਰਾਜ ਦੀਆਂ ਅਦਾਵਾਂ ਨੇ ਦਰਸ਼ਕ ਕੀਲ ਛੱਡੇ ਸਨ, ‘ਯੇ ਜ਼ੁਲਫ ਅਗਰ ਬਿਖਰ ਜਾਏ ਤੋ ਅੱਛਾ’ ਜਾਂ ਫਿਰ ‘ਛੂ ਲੇਨੇ ਦੋ ਨਾਜ਼ੁਕ ਹੋਂਠੋ ਕੋ-ਕੁਛ ਔਰ ਨਹੀਂ ਜਾਮ ਹੈ ਯੇ’।
ਇੱਕ ਹੋਰ ਫਿਲਮ ‘ਮੇਰੇ ਹਜ਼ੂਰ’ ਵਿੱਚ ਉਸ ਨਾਲ ਜਤਿੰਦਰ ਵੀ ਸੀ, ਪਰ ਉਸ ਦਾ ਕਿਰਦਾਰ ਨਵਾਬੀ ਸ਼ਾਨ ਦਾ ਪ੍ਰਤੀਕ ਸੀ। ਫਿਲਮ ਦੀ ਨਾਇਕਾ ਜਦੋਂ ਆਪਣੇ ਪਤੀ (ਜਤਿੰਦਰ) ਦਾ ਵਾਸਤਾ ਪਾਉਂਦੀ ਹੈ ਤਾਂ ਰਾਜ ਕੁਮਾਰ ਗਰਦਨ ’ਤੇ ਹੱਥ ਫੇਰ ਕੇ ਨਵਾਬੀ ਅੰਦਾਜ਼ ਵਿੱਚ ਕਹਿੰਦਾ ਹੈ, ‘ਲਖਨਊ ਸ਼ਹਿਰ ਮੇ ਐਸੀ ਕੌਨ ਸੀ ਫਿਰਦੌਸ ਹੈ ਜਿਸੇ ਹਮ ਨਹੀਂ ਜਾਨਤੇ?’ ਦਿਲੀਪ ਕੁਮਾਰ ਨਾਲ ਉਸ ਨੇ ਇੱਕ ਫਿਲਮ ‘ਪੁਕਾਰ’ ਕੀਤੀ ਜਿਸ ਵਿੱਚ ਰਾਜ ਕੁਮਾਰ ਨੂੰ ਦਿਲੀਪ ਸਾਹਿਬ ’ਤੇ ਭਾਰੂ ਹੋਣ ਦੀ ਚਰਚਾ ਰਹੀ। ‘ਦਿਲ ਅਪਨਾ ਔਰ ਪ੍ਰੀਤ ਪਰਾਈ’ ਵਿੱਚ ਉਸ ਨਾਲ ਮੀਨਾ ਕੁਮਾਰੀ ਤੇ ਰਾਜ ਕਪੂਰ ਸਨ। ਉਸ ਦੀਆਂ ਹੋਰ ਫਿਲਮਾਂ ਵਿੱਚ ‘ਨੀਲ ਕਮਲ’, ‘ਮਰਿਯਾਦਾ’, ‘ਚੰਬਲ ਕੀ ਕਸਮ’, ‘ਜ਼ਿੰਦਗੀ’, ‘ਗੋਦਾਨ’, ‘ਵਾਸਨਾ’, ‘ਰਾਜ ਤਿਲਕ’, ‘ਕੁਦਰਤ’, ‘ਬੇਤਾਜ਼ ਬਾਦਸ਼ਾਹ’, ‘ਮਰਤੇ ਦਮ ਤਕ’ ਵੀ ਆਪੋ ਆਪਣੀ ਥਾਂ ਮਹੱਤਵ ਰੱਖਦੀਆਂ ਹਨ, ਪਰ ਫਿਲਮ ‘ਲਾਲ ਪੱਥਰ’ ਵਿੱਚ ਉਸ ਦੀ ਅਦਾਕਾਰੀ ਦੇਖਣਯੋਗ ਸੀ। ਫਿਲਮ ‘ਕਰਮਯੋਗੀ’ ਅਤੇ ‘ਦਿਲ ਕਾ ਰਾਜਾ’ ਵਿੱਚ ਉਸ ਨੇ ਦੋਹਰੇ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਨਿਹਾਲ ਕਰ ਦਿੱਤਾ। ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ’ਤੇ ਆਧਾਰਿਤ ‘ਗੋਦਾਨ’ ਵਿੱਚ ਕਿਸਾਨ ਹੋਰੀ ਦੀ ਭੂਮਿਕਾ ਹਰ ਵਰਗ ਦੇ ਦਰਸ਼ਕ ਵੱਲੋਂ ਸਲਾਹੀ ਗਈ। ਉਸ ਦੀ ਫਿਲਮ ‘ਵਾਸਨਾ’ ਵੀ ਜ਼ਿਕਰਯੋਗ ਹੈ।
ਫਿਲਮ ‘ਤਿਰੰਗਾ’ ਵਿੱਚ ਬੇਸ਼ੱਕ ਉਸ ਨਾਲ ਉੱਘਾ ਅਦਾਕਾਰ ਨਾਨਾ ਪਾਟੇਕਟਰ ਵੀ ਕੋਈ ਘੱਟ ਨਹੀਂ ਰਿਹਾ, ਪਰ ਦਰਸ਼ਕਾਂ ਨੇ ਉਸ ਦਾ ਵਧੇਰੇ ਤਾੜੀਆਂ ਨਾਲ ਸਵਾਗਤ ਕੀਤਾ। ਕਮਾਲ ਅਮਰੋਹੀ ਦੀ ‘ਪਾਕੀਜ਼ਾ’ (ਨਾਇਕਾ ਮੀਨਾ ਕੁਮਾਰੀ) ਨੂੰ ਭਲਾ ਕੋਈ ਕਵਿੇਂ ਭੁੱਲ ਸਕਦਾ ਹੈ। ਉਨ੍ਹਾਂ ਵੇਲਿਆਂ ਵਿੱਚ ਵੀ ਪੁਰਾਤਨ ਜਾਪਦੇ ਗੀਤਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਰੇਲ ਗੱਡੀ ਦੇ ਸਫ਼ਰ ਵਿੱਚ ਰਾਜ ਕੁਮਾਰ ਜਦੋਂ ਮੀਨਾ ਕੁਮਾਰੀ ਦੇ ਸੁੱਤੀ ਪਈ ਦੇ ਗੋਰੇ ਪੈਰਾਂ ਨੂੰ ਨਿਹਾਰਦਾ ਹੈ ਤਾਂ ਇਸ ਹੱਦ ਤੱਕ ਕਾਇਲ ਹੋ ਜਾਂਦਾ ਹੈ ਕਿ ਦੋ ਸ਼ਬਦ ਲਿਖ ਕੇ ਹੀ ਉੱਥੋਂ ਰੁਖ਼ਸਤ ਹੁੰਦਾ ਹੈ, ‘ਆਪਕੇ ਪਾਉਂ ਬਹੁਤ ਸੁੰਦਰ ਹੈਂ, ਇਨਹੇਂ ਜ਼ਮੀਨ ਪਰ ਮੱਤ ਉਤਾਰੀਏਗਾ-ਮੈਲੇ ਹੋ ਜਾਏਂਗੇ।’ ਫਿਲਮਸਾਜ਼ ਬੀ ਆਰ ਚੋਪੜਾ ਦੀਆਂ ਫਿਲਮਾਂ ‘ਹਮਰਜ਼’ ਤੇ ‘ਵਕਤ’ ਵੀ ਯਾਦ ਆਉਂਦੀਆਂ ਹਨ ਜਨਿ੍ਹਾਂ ਵਿੱਚ ਬੇਸ਼ੱਕ ਹੋਰ ਵੀ ਕੁਸ਼ਲ ਐਕਟਰ ਮੌਜੂਦ ਸਨ, ਪਰ ਰਾਜ ਕੁਮਾਰ ਦਾ ਅੰਦਾਜ਼ ਹੀ ਨਿਰਾਲਾ ਸੀ।
ਫਿਲਮ ‘ਵਕਤ’ ਦਾ ਇੱਕ ਡਾਇਲਾਗ ਤਾਂ ਬਹੁਤ ਹੀ ਮਸ਼ਹੂਰ ਹੋਇਆ, ‘ਜਨਿ ਕੇ ਘਰ ਸ਼ੀਸ਼ੇ ਕੇ ਹੋਤੇ ਹੈਂ, ਵੋ ਦੂਸਰੋਂ ਪਰ ਪੱਥਰ ਨਹੀਂ ਫੇਂਕਾ ਕਰਤੇ’। ਪੁਰਾਣੀ ਕਾਲੀ ਚਿੱਟੀ ਫਿਲਮ ‘ਪੁਕਾਰ’ ਤੋਂ ਬਾਅਦ ਸ਼ੋਅ ਮੈਨ ਸੁਭਾਸ਼ ਘਈ ਨੇ ਫਿਲਮ ‘ਸੌਦਾਗਰ’ ਵਿੱਚ ਦਿਲੀਪ ਕੁਮਾਰ ਨਾਲ ਫੇਰ ਟੱਕਰ ਦਾ ਕਿਰਦਾਰ ਨਿਭਾਉਣ ਨੂੰ ਦਿੱਤਾ। ਦਿਲੀਪ ਦੇ ਬਰਾਬਰ ਹੀ ਰਾਜ ਕੁਮਾਰ ਆਪਣੇ ਪੁਰੇ ਦਮ-ਖ਼ਮ ਨਾਲ ਹਾਜ਼ਰ ਸੀ। ਦਰਸ਼ਕਾਂ ਨੇ ਦੋਹਾਂ ਦੀਆਂ ਭੂਮਿਕਾਵਾਂ ਅਤੇ ਅਦਾਕਾਰੀ ਨੂੰ ਆਪੋ ਆਪਣੇ ਹਿਸਾਬ ਨਾਲ ਨੰਬਰ ਦਿੱਤੇ, ਪਰ ਨਿਰਪੱਖਤਾ ਦੇ ਮੱਦੇਨਜ਼ਰ ਦੋਹਾਂ ਦੀ ਅਦਾਕਾਰੀ ਬਰਾਬਰ ਹੀ ਰਹੀ। ਬੇਸ਼ੱਕ ਸਾਡਾ ਇਹ ਰਾਜ ਕੁਮਾਰ ਕਿਸੇ ਫਿਲਮ ਵਿੱਚ ਹੀਰੋ ਰਿਹਾ ਜਾਂ ਸਾਈਡ ਹੀਰੋ ਜਾਂ ਖ਼ਲਨਾਇਕ, ਉਸ ਨੇ ਆਪਣੇ ਹਰ ਇੱਕ ਕਿਰਦਾਰ ਨੂੰ ਰਾਜਕੁਮਾਰੀ ਆਨ ਸ਼ਾਨ ਨਾਲ ਜੀਵਿਆ।
ਉਸ ਦੀ ਪਤਨੀ ਦਾ ਨਾਂ ਜੈਨਿਫਰ (ਗਾਇਤਰੀ) ਸੀ ਅਤੇ ਪੁਰੂ ਰਾਜ ਕੁਮਾਰ ਉਸ ਦਾ ਬੇਟਾ। ਉਸ ਦੀ ਬੇਟੀ ਨੇ ਵੀ ਫਿਲਮਾਂ ਵਿੱਚ ਕਿਸਮਤ ਅਜ਼ਮਾਈ, ਪਰ ਕਾਮਯਾਬ ਨਾ ਹੋਈ। ਉਸ ਦੇ ਪੁੱਤਰ ਪੁਰੂ ਨੇ ਵੀ ਬਤੌਰ ਹੀਰੋ ‘ਬਾਲ ਬ੍ਰਹਮਚਾਰੀ’ ਤੇ ਦੋ ਤਿੰਨ ਹੋਰ ਫਿਲਮਾਂ ਵਿੱਚ ਕੰਮ ਕੀਤਾ, ਪਰ ਉਹ ਆਪਣੇ ਪਿਤਾ ਵਾਂਗ ਰਾਜ ਕੁਮਾਰ ਨਹੀਂ ਸੀ, ਕੇਵਲ ਪੁਰੂ ਹੀ ਸੀ। ਆਪਣੇ ਵੱਖਰੇ ਸਟਾਈਲ ਤੇ ਦਮਦਾਰ ਆਵਾਜ਼ ਵਿੱਚ ਡਾਇਲਾਗ ਉਚਾਰਣ ਵਾਲਾ ਇਹ ਸਟਾਰ ਐਕਟਰ ਅੰਤ ਡਾਇਲਾਗ ਕਹਿਣਾ ਤਾਂ ਦੂਰ ਬੋਲਣ ਲਈ ਵੀ ਲਾਚਾਰ ਸੀ ਕਿਉਂਕਿ ਉਸ ਨੂੰ ਗਲੇ ਦਾ ਕੈਂਸਰ ਹੋ ਗਿਆ ਤੇ ਉਹ ਇਸ ਨਾਮੁਰਾਦ ਬਿਮਾਰੀ ਨਾਲ ਜੂਝਦਾ ਅਖੀਰ 3 ਜੁਲਾਈ 1996 ਨੂੰ ਰੁਖ਼ਸਤ ਹੋ ਗਿਆ। ਬੇਸ਼ੱਕ ਉਸ ਦਾ ਵਿਛੋੜਾ ਦੁਖਦਾਈ ਰਿਹਾ, ਪਰ ਆਪਣੇ ਫਿਲਮਾਂ ਵਿੱਚ ਨਿਭਾਏ ਕਿਰਦਾਰਾਂ ਤੇ ਸ਼ਾਨਦਾਰ ਤੇ ਜਾਨਦਾਰ ਅਦਾਕਾਰੀ ਕਰਕੇ ਇਉਂ ਜਾਪਦਾ ਹੈ ਜਵਿੇਂ ਉਹ ਅੱਜ ਵੀ ਜ਼ਿੰਦਾ ਹੋਵੇ ਅਤੇ ਦਰਸ਼ਕਾਂ ਨੂੰ ਮੁਖਾਤਬਿ ਹੋ ਰਿਹਾ ਹੋਵੇ, ‘ਹਮਾਰੇ ਤੋ ਜੂਤੋਂ ਪਰ ਵੀ ਤਾਲੀਆਂ ਵਜਤੀ ਹੈਂ ਜਾਨੀ।’
ਸੰਪਰਕ: 98145-07693

Advertisement

Advertisement
Author Image

sukhwinder singh

View all posts

Advertisement