ਪੰਨੂ ਕੇਸ ’ਚ ਅਰਥਪੂਰਨ ਜਵਾਬਦੇਹੀ ਤੱਕ ਸਾਡੀ ਤਸੱਲੀ ਨਹੀਂ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਨੇ ਕਿਹਾ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਮਾਮਲੇ ਵਿਚ ਭਾਰਤ ਜਦੋਂ ਤੱਕ ਆਪਣੀ ਜਾਂਚ ਵਿਚ ‘ਅਰਥਪੂਰਨ ਜਵਾਬਦੇਹੀ’ ਨਿਰਧਾਰਿਤ ਨਹੀਂ ਕਰਦਾ, ਉਸ ਦੀ ਪੂਰੀ ਤਰ੍ਹਾਂ ਤਸੱਲੀ ਨਹੀਂ ਹੋਵੇਗੀ। ਭਾਰਤ ਸਰਕਾਰ ਹਾਲਾਂਕਿ ਇਸ ਸਾਜ਼ਿਸ਼ ਵਿਚ ਸ਼ਮੂਲੀਅਤ ਦੇ ਦੋਸ਼ਾਂ ਤੋਂ ਇਨਕਾਰ ਕਰਦੀ ਰਹੀ ਹੈ। ਉਂਝ ਇਨ੍ਹਾਂ ਦੋਸ਼ਾਂ ਮਗਰੋਂ ਨਵੀਂ ਦਿੱਲੀ ਨੇ ਮਾਮਲੇ ਦੀ ਤਫ਼ਤੀਸ਼ ਲਈ ਜਾਂਚ ਕਮੇਟੀ ਜ਼ਰੂਰ ਬਣਾਈ ਸੀ, ਜੋ ਪਿਛਲੇ ਹਫ਼ਤੇ ਵਾਸ਼ਿੰਗਟਨ ਡੀਸੀ ਦੇ ਦੌਰੇ ’ਤੇ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ, ਜਦੋਂ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਮਰੀਕਾ ਇਸ ਕੇਸ ਵਿਚ ਭਾਰਤ ਵੱਲੋਂ ਮਿਲੇ ਸਹਿਯੋਗ ਤੋਂ ਸੰਤੁਸ਼ਟ ਹੈ। ਵੇਦਾਂਤ ਪਟੇਲ ਨੇ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਜਾਂਚ ਵਿਚ ਜਵਾਬਦੇਹੀ ਅਧਾਰਿਤ ਨਤੀਜਾ ਦੇਖਣਾ ਚਾਹੁੰਦੇ ਹਾਂ ਤੇ ਅਸੀਂ ਇਹ ਉਮੀਦ ਕਰਦੇ ਰਹਾਂਗੇ। ਅਤੇ ਯਕੀਨੀ ਤੌਰ ਉੱਤੇ ਅਮਰੀਕਾ ਦੀ ਉਦੋਂ ਤੱਕ ਪੂਰੀ ਤਰ੍ਹਾਂ ਤਸੱਲੀ ਨਹੀਂ ਹੋਵੇਗੀ, ਜਦੋਂਕਿ ਇਸ ਜਾਂਚ ਵਿਚ ‘ਅਰਥਪੂਰਨ ਜਵਾਬਦੇਹੀ’ ਨਿਰਧਾਰਿਤ ਨਹੀਂ ਹੋ ਜਾਂਦੀ।’’ ਪਟੇਲ ਪਿਛਲੇ ਹਫ਼ਤੇ ਵਾਸ਼ਿੰਗਟਨ ਡੀਸੀ ਪੁੱਜੇ ਭਾਰਤੀ ਜਾਂਚ ਦਲ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਪਟੇਲ ਨੇ ਕਿਹਾ, ‘‘ਭਾਰਤੀ ਜਾਂਚ ਦਲ ਨਾਲ ਪਿਛਲੇ ਹਫ਼ਤੇ ਬਹੁਤ ਕਾਰਗਰ ਗੱਲਬਾਤ ਹੋਈ। ਦੋਵਾਂ ਧਿਰਾਂ ਨੇ ਹੁਣ ਤੱਕ ਦੀ ਜਾਂਚ ਨੂੰ ਲੈ ਕੇ ਇਕ ਦੂਜੇ ਨਾਲ ਜਾਣਕਾਰੀ ਸਾਂਝੀ ਕੀਤੀ। ਅਸੀਂ ਸਮਝਦੇ ਹਾਂ ਕਿ ਭਾਰਤੀ ਜਾਂਚ ਦਲ ਆਪਣੀ ਜਾਂਚ ਜਾਰੀ ਰੱਖੇਗਾ ਤੇ ਅਸੀਂ ਪਿਛਲੇ ਹਫ਼ਤੇ ਹੋਈ ਗੱਲਬਾਤ ਦੇ ਅਧਾਰ ਉੱਤੇ ਅਗਲੀ ਪੇਸ਼ਕਦਮੀ ਦੀ ਆਸ ਕਰਦੇ ਹਾਂ।’’ -ਪੀਟੀਆਈ