ਅਸੀਂ ਚੀਨੀ ਨਹੀਂ, ਭਾਰਤੀ ਬ੍ਰਾਂਡ: ਡਰੀਮ11
ਨਵੀਂ ਦਿੱਲੀ, 22 ਅਗਸਤ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਨਵੇਂ ਟਾਈਟਲ ਸਪਾਂਸਰ ਡਰੀਮ 11 ਦੇ ਚੀਨੀ ਨਿਵੇਸ਼ਕ ਨਾਲ ਜੁੜੇ ਹੋਣ ਦੀ ਆਲੋਚਨਾ ਮਗਰੋਂ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ‘ਪੂਰੀ ਤਰ੍ਹਾਂ ਨਾਲ ਘਰੇਲੂ ਭਾਰਤੀ ਬ੍ਰਾਂਡ’ ਹੈ। ਡਰੀਮ 11 ਦੇ ਤਰਜਮਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ,‘‘ਸਾਨੂੰ ਇਹ ਆਖਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਡਰੀਮ 11 ਦੀ ਪੂਰੀ ਤਕਨਾਲੋਜੀ ਭਾਰਤ ’ਚ, ਭਾਰਤੀਆਂ ਵੱਲੋਂ ਅਤੇ ਭਾਰਤੀ ਖੇਡ ਪ੍ਰੇਮੀਆਂ ਲਈ ਵਿਕਸਤ ਕੀਤੀ ਗਈ ਹੈ।’’ ਤਰਜਮਾਨ ਨੇ ਕਿਹਾ ਕਿ ਜ਼ਿਆਦਾਤਰ ਨਿਵੇਸ਼ਕ ਭਾਰਤੀ ਹਨ ਅਤੇ ਚੀਨੀ ਮੂਲ ਦੇ ਨਿਵੇਸ਼ਕਾਂ ਦਾ ਇਸ ’ਚ ਬਹੁਤ ਮਾਮੂਲੀ ਹਿੱਸਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਡਰੀਮ 11 ਦੇ ਬਾਨੀ ਅਤੇ ਸਾਰੇ 400 ਤੋਂ ਵੱਧ ਮੁਲਾਜ਼ਮ ਭਾਰਤੀ ਹਨ। ਪੰਜ ਨਿਵੇਸ਼ਕਾਂ ’ਚੋਂ ਇਕ ਚੀਨੀ ਮੂਲ ਦਾ ਹੈ ਅਤੇ ਉਸ ਦਾ ਹਿੱਸਾ ਬਹੁਤ ਥੋੜ੍ਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ਸਰਹੱਦ ’ਤੇ ਵਿਵਾਦ ਮਗਰੋਂ ਭਾਰਤ ਸਰਕਾਰ ਨੇ 59 ਚੀਨੀ ਮੋਬਾਈਲ ਐਪਜ਼ ’ਤੇ ਪਾਬੰਦੀ ਲਗਾ ਦਿੱਤੀ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਵੀ ਆਈਪੀਐੱਲ ਦੇ ਟਾਈਟਲ ਸਪਾਂਸਰ ਵੀਵੋ ਨੂੰ ਹਟਾਉਣਾ ਪਿਆ ਸੀ ਜਿਸ ਮਗਰੋਂ ਡਰੀਮ 11 ਨੇ 222 ਕਰੋੜ ਰੁਪਏ ’ਚ ਸਪਾਂਸਰਸ਼ਿਪ ਜਿੱਤੀ ਸੀ। –ਆਈਏਐਨਐਸ