For the best experience, open
https://m.punjabitribuneonline.com
on your mobile browser.
Advertisement

ਪੰਜਾਬ ਨੂੰ ਦਿੱਲੀ ਵਾਲਿਆਂ ਤੋਂ ਬਚਾਉਣ ਲਈ ਲੜ ਰਹੇ ਹਾਂ ਚੋਣਾਂ: ਸੁਖਬੀਰ

09:08 AM May 27, 2024 IST
ਪੰਜਾਬ ਨੂੰ ਦਿੱਲੀ ਵਾਲਿਆਂ ਤੋਂ ਬਚਾਉਣ ਲਈ ਲੜ ਰਹੇ ਹਾਂ ਚੋਣਾਂ  ਸੁਖਬੀਰ
ਕਾਦੀਆਂ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ।
Advertisement

ਮਕਬੂਲ ਅਹਿਮਦ
ਕਾਦੀਆਂ, 26 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਅੱਜ ਚੋਣ ਪ੍ਰਚਾਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ। ਕਾਦੀਆਂ ਦੇ ਨੇੜੇ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਚੋਣਾਂ ਸਿਰਫ਼ ਕੇਂਦਰ ਵਿੱਚ ਕਿਸੇ ਦੀ ਸਰਕਾਰ ਬਣਾਉਣ ਜਾਂ ਨਾ ਬਣਾਉਣ ਲਈ ਨਹੀਂ ਬਲਕਿ ਪੰਜਾਬ ਦੀ ਅਣਖ ਤੇ ਖੁਦਮੁਖ਼ਤਿਆਰੀ ਨੂੰ ਦਿੱਲੀ ਵਾਲਿਆਂ ਦੇ ਹੱਥੋਂ ਬਚਾਉਣ ਲਈ ਲੜੀਆਂ ਜਾ ਰਹੀਆਂ ਹਨ। ਸ੍ਰੀ ਬਾਦਲ ਨੇ ਕਿਹਾ ਕਿ ਦੁਨੀਆ ਭਰ ਵਿੱਚ ਜੇ ਸਿੱਖਾਂ ਜਾਂ ਪੰਜਾਬੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਲੋਕ ਕਾਂਗਰਸ, ਭਾਜਪਾ ਜਾਂ ਆਮ ਆਦਮੀ ਪਾਰਟੀ ਨਾਲ ਨਹੀਂ ਬਲਕਿ ਅਕਾਲੀ ਦਲ ਨਾਲ ਸੰਪਰਕ ਕਰ ਕੇ ਮਦਦ ਮੰਗਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਯੂਪੀ, ਗੁਜਰਾਤ ਜਾਂ ਕਿਸੇ ਹੋਰ ਸੂਬੇ ਵਿੱਚ ਪੰਜਾਬੀ ਕਿਸਾਨਾਂ ਅੱਗੇ ਉਜਾੜੇ ਦੀ ਚੁਣੌਤੀ ਪੈਦਾ ਹੋਈ ਤਾਂ ਅਕਾਲੀ ਦਲ ਨੇ ਅੱਗੇ ਹੋ ਕੇ ਉਨ੍ਹਾਂ ਦੇ ਜਾਨ-ਮਾਲ ਦੀ ਸੁਰੱਖਿਆ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਸਿੱਖਾਂ ਨੇ ਦਿੱਲੀ ਦੀਆਂ ਪਾਰਟੀਆਂ ਦੀਆਂ ਗੱਲਾਂ ਵਿੱਚ ਆ ਕੇ ਅਕਾਲੀ ਦਲ ਨੂੰ ਕਮਜ਼ੋਰ ਕਰ ਲਿਆ ਤਾਂ ਤਖ਼ਤ ਹਜ਼ੂਰ ਸਾਹਿਬ, ਤਖ਼ਤ ਪਟਨਾ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਆਰਐੱਸਐੱਸ ਕਾਬਜ਼ ਹੋ ਗਈ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਆਲੋਚਨਾ ਕੀਤੀ। ਇਸ ਮੌਕੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਮਾਹਲ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।

Advertisement

‘ਸਾਜ਼ਿਸ਼ ਤਹਿਤ ਅਕਾਲੀ ਦਲ ’ਤੇ ਬੇਅਦਬੀਆਂ ਦੇ ਝੂਠੇ ਦੋਸ਼ ਲਾਏ’

ਗੁਰਦਾਸਪੁਰ/ਕਾਹਨੂੰਵਾਨ (ਕੇਪੀ ਸਿੰਘ/ਵਰਿੰਦਰ ਜਾਗੋਵਾਲ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ’ਚ ਪਿੰਡ ਬੱਬੇਹਾਲੀ ਅਤੇ ਕਾਹਨੂੰਵਾਨ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਸ਼ਕਤੀ ਨੂੰ ਖ਼ਤਮ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੇਂਦਰੀ ਤਾਕਤਾਂ ਨੇ ਬੇਅਦਬੀਆਂ ਦੇ ਝੂਠੇ ਇਲਜ਼ਾਮ ਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਹੈ, ਜਦੋਂਕਿ ਅਕਾਲੀ ਦਲ ਕਮਜ਼ੋਰ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਆਰਐੱਸਐੱਸ ਦਾ ਕਬਜ਼ਾ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੂਨ 1984 ਵਿਚ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਤੇ ਨਵੰਬਰ ’84 ਵਿੱਚ ਹਜ਼ਾਰਾਂ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਵਾਇਆ ਪਰ ਦੁੱਖ ਦੀ ਗੱਲ ਹੈ ਕਿ ਅੱਜ ਦੇ ਸਿੱਖ ਇਸ ਕਾਤਲ ਜਮਾਤ ਦੇ ਜ਼ੁਲਮਾਂ ਨੂੰ ਭੁੱਲ ਦੇ ਜਾ ਰਹੇ ਹਨ।

Advertisement

Advertisement
Author Image

sukhwinder singh

View all posts

Advertisement