ਗਮਾਡਾ ਦੀ ਭਲਾਈ ਲਈ ਨਵੀਆਂ ਯੋਜਨਾਵਾਂ ਉਲੀਕ ਰਹੇ ਹਾਂ: ਸਿੱਧੂ
ਹਰਦੀਪ ਸਿੰਘ
ਧਰਮਕੋਟ, 9 ਜਨਵਰੀ
ਗਮਾਡਾ ਮੁਹਾਲੀ ਦੇ ਡਾਇਰੈਕਟਰ ਅਤੇ ਆਪ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਵਿਭਾਗ ਦੀ ਭਲਾਈ ਤੇ ਬੇਹਤਰੀ ਲਈ ਨਵੀਆਂ ਯੋਜਨਾਵਾਂ ਤਿਆਰ ਕਰ ਕੇ ਸਰਕਾਰ ਕੋਲ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਸਾਲ ਵਿਚ ਮੁਹਾਲੀ ਲਈ ਕਈ ਯੋਜਨਾਵਾਂ ਨੂੰ ਅਮਲੀ ਰੂਪ ਦੇ ਦਿੱਤਾ ਗਿਆ ਹੈ। ਡਾਇਰੈਕਟਰ ਸਿੱਧੂ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਪਹਿਲੀ ਵਾਰ ਲਕੀਰ ਤੋਂ ਹੱਟ ਕੇ ਕਿਸੇ ਆਮ ਵਿਅਕਤੀ ਨੂੰ ਗਮਾਡਾ ਦਾ ਡਾਇਰੈਕਟਰ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਆਈਏਐੱਸ ਅਧਿਕਾਰੀਆਂ ਦੀ ਹੀ ਗਮਾਡਾ ਦੇ ਇਸ ਵੱਕਾਰੀ ਅਹੁਦੇ ’ਤੇ ਤਨਾਇਤੀ ਹੁੰਦੀ ਰਹੀ ਹੈ। ਉਹ ਅਹੁਦਾ ਸੰਭਾਲਣ ਦੇ ਦਿਨ ਤੋਂ ਹੀ ਵਿਭਾਗ ਅਤੇ ਲੋਕਾਂ ਦੀ ਭਲਾਈ ਲਈ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਬੰਧਤ ਮੰਤਰੀਆਂ ਤੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰੇਟਰ ਮੁਹਾਲੀ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਲਾਭਦਾਇਕ ਤਜ਼ਵੀਜਾਂ ਦਾ ਵਿਭਾਗ ਵੱਲੋਂ ਅਮਲ ਕਰਨ ਤੋਂ ਬਾਅਦ 6 ਹਜ਼ਾਰ ਕਰੋੜ ਰੁਪਏ ਦਾ ਮੁਨਾਫ਼ਾ ਇਕ ਸਾਲ ਦੇ ਅੰਦਰ ਕਮਾਇਆ ਹੈ। ਕੱਲ੍ਹ ਉਨ੍ਹਾਂ ਨੇ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਰਵਜੋਤ ਸਿੰਘ ਨਾਲ ਬੈਠਕ ਕਰ ਕੇ ਕੁਝ ਹੋਰ ਨਵੀਆਂ ਯੋਜਨਾਵਾਂ ਬਾਰੇ ਵਿਚਾਰ ਚਰਚਾ ਕੀਤੀ ਹੈ, ਜਿਸ ਨੂੰ ਜਲਦ ਹੀ ਅਮਲੀ ਰੂਪ ਦਿੱਤਾ ਜਾਵੇਗਾ।