For the best experience, open
https://m.punjabitribuneonline.com
on your mobile browser.
Advertisement

ਜਵਾਨੀ ਦੇ ਰਾਹ: ਪੰਜਾਬ ਦੀਆਂ ਜੇਲ੍ਹਾਂ ’ਚ ਪਿਆ ਘੜਮੱਸ..!

08:43 AM Jun 30, 2024 IST
ਜਵਾਨੀ ਦੇ ਰਾਹ  ਪੰਜਾਬ ਦੀਆਂ ਜੇਲ੍ਹਾਂ ’ਚ ਪਿਆ ਘੜਮੱਸ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 29 ਜੂਨ
ਜਦੋਂ ਵੀ ਨਸ਼ਿਆਂ ਖ਼ਿਲਾਫ਼ ਮੁਹਿੰਮ ਛਿੜਦੀ ਹੈ, ਪੰਜਾਬ ਦੀਆਂ ਜੇਲ੍ਹਾਂ ’ਚ ਘੜਮੱਸ ਮੱਚ ਜਾਂਦਾ ਹੈ। ਪੰਜਾਬ ਪੁਲੀਸ ਨੇ ਹੁਣ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੈ, ਜਿਸ ਦੇ ਨਤੀਜੇ ਵਜੋਂ ਜੇਲ੍ਹਾਂ ਵਿਚ ਬੰਦੀਆਂ ਦੀ ਗਿਣਤੀ ਵਧਣ ਲੱਗੀ ਹੈ। ਬੀਤੇ ਦੋ ਵਰ੍ਹਿਆਂ ਦੌਰਾਨ ਜੇਲ੍ਹਾਂ ਵਿੱਚ ਕਰੀਬ 5,443 ਬੰਦੀਆਂ ਦਾ ਵਾਧਾ ਹੋ ਗਿਆ ਹੈ। ਹੁਣ ਜੇਲ੍ਹਾਂ ਵਿੱਚ ਨਸ਼ਾ ਤਸਕਰੀ ਵਾਲੇ ਕੇਸਾਂ ਦੇ ਬੰਦੀ ਵਧਣ ਲੱਗੇ ਹਨ ਜਦੋਂ ਕਿ ਜੇਲ੍ਹਾਂ ਦੀ ਸਮਰੱਥਾ ਘੱਟ ਹੈ। ਦੇਸ਼ ’ਚੋਂ ਪੰਜਾਬ ਛੋਟਾ ਸੂਬਾ ਹੈ ਪ੍ਰੰਤੂ ਇਹ ਮੁਲਕ ’ਚੋਂ ਜੇਲ੍ਹਾਂ ਵਿੱਚ ਬੰਦੀਆਂ ਦੇ ਲਿਹਾਜ਼ ’ਚ ਪੰਜਵੇਂ ਨੰਬਰ ’ਤੇ ਆ ਗਿਆ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਅੱਜ ਬੰਦੀਆਂ ਦੀ ਗਿਣਤੀ 31,607 ਹੋ ਗਈ ਹੈ ਜਦੋਂ ਕਿ ਜੂਨ 2022 ਵਿੱਚ ਇਹ ਅੰਕੜਾ 26,164 ਸੀ। ਜੇਲ੍ਹਾਂ ਵਿੱਚ 5,443 ਬੰਦੀ ਵਧ ਗਏ ਹਨ। ਹਾਲਾਂਕਿ ਜੇਲ੍ਹਾਂ ਵਿੱਚ ਬੰਦੀਆਂ ਦਾ ਅੰਕੜਾ ਘਟਦਾ ਵਧਦਾ ਰਹਿੰਦਾ ਹੈ ਲੇਕਿਨ ਹੁਣ ਪੰਜਾਬ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਜੋ ਤਸਕਰਾਂ ਦੀ ਫੜੋ-ਫੜੀ ਸ਼ੁਰੂ ਕੀਤੀ ਹੈ, ਉਸ ਤੋਂ ਜਾਪਦਾ ਹੈ ਕਿ ਆਉਂਦੇ ਦਿਨਾਂ ਵਿੱਚ ਜੇਲ੍ਹਾਂ ਵਿੱਚ ਬੰਦੀਆਂ ਨੂੰ ਥਾਂ ਮਿਲਣੀ ਮੁਸ਼ਕਲ ਹੋ ਜਾਣੀ ਹੈ। ਸੂਬੇ ਦੀਆਂ ਜੇਲ੍ਹਾਂ ਦੀ ਸਮਰੱਥਾ 26,904 ਬੰਦੀਆਂ ਦੀ ਹੈ ਅਤੇ ਇਨ੍ਹਾਂ ਜੇਲ੍ਹਾਂ ਵਿੱਚ ਸਮਰੱਥਾ ਤੋਂ ਕਰੀਬ ਚਾਰ ਹਜ਼ਾਰ ਬੰਦੀ ਵੱਧ ਬੰਦ ਹਨ।
ਸੂਤਰ ਦੱਸਦੇ ਹਨ ਕਿ ਜੇਲ੍ਹਾਂ ਵਿੱਚ ਵਿਚਾਰ ਅਧੀਨ ਬੰਦੀ ਜ਼ਿਆਦਾ ਹਨ ਅਤੇ ਇਨ੍ਹਾਂ ਵਿੱਚ ਐੱਨਡੀਪੀਐੱਸ ਕੇਸਾਂ ਵਾਲੇ ਬੰਦੀ ਜ਼ਿਆਦਾ ਹਨ। ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਵਿੱਚ 1,548 ਔਰਤਾਂ ਵੀ ਬੰਦ ਹਨ। ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਰੁਪਿੰਦਰਪਾਲ ਸਿੰਘ ਤਲਵੰਡੀ ਸਾਬੋ ਆਖਦੇ ਹਨ ਕਿ ਪੁਲੀਸ ਦੀ ਵਿਸ਼ੇਸ਼ ਮੁਹਿੰਮ ਨਾਲ ਜੇਲ੍ਹਾਂ ਵਿੱਚ ਬੰਦੀ ਤਾਂ ਵੱਧ ਜਾਂਦੇ ਹਨ ਪ੍ਰੰਤੂ ਬਹੁਤੇ ਬੰਦੀ ਕਾਨੂੰਨੀ ਖ਼ਾਮੀਆਂ ਕਰ ਕੇ ਜਲਦ ਜ਼ਮਾਨਤ ’ਤੇ ਬਾਹਰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਰੋਕਣ ਵਾਸਤੇ ਬਹੁਪੱਖੀ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਜੇ ਜੇਲ੍ਹਾਂ ਵਿੱਚ ਇਸੇ ਰਫ਼ਤਾਰ ਨਾਲ ਬੰਦੀਆਂ ਦਾ ਅੰਕੜਾ ਵਧਦਾ ਗਿਆ ਤਾਂ ਜੇਲ੍ਹਾਂ ਦੇ ਪ੍ਰਬੰਧ ਛੋਟੇ ਪੈ ਜਾਣੇ ਹਨ। ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਵਜੋਂ ਵਕੀਲਾਂ ਦਾ ਕੰਮਕਾਰ ਵੀ ਵਧ ਗਿਆ ਹੈ। ਪਿਛਲੀਆਂ ਸਰਕਾਰਾਂ ਸਮੇਂ ਵੀ ਜਦੋਂ ਨਸ਼ਿਆਂ ਖ਼ਿਲਾਫ਼ ਲੋਕ ਆਵਾਜ਼ ਉੱਠਦੀ ਸੀ ਤਾਂ ਬਾਕਾਇਦਾ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਸੀ ਜਿਸ ਤਹਿਤ ਵੱਧ ਤੋਂ ਵੱਧ ਕੇਸ ਦਰਜ ਕੀਤੇ ਜਾਂਦੇ ਸਨ। ਜਿਉਂ ਹੀ ਲੋਕਾਂ ਦਾ ਧਿਆਨ ਲਾਂਭੇ ਹੁੰਦਾ ਸੀ ਤਾਂ ਮੁਹਿੰਮ ਆਪਣੇ ਆਪ ਫ਼ੌਤ ਹੋ ਜਾਂਦੀ ਸੀ। ਲੰਘੀਆਂ ਲੋਕ ਸਭਾ ਚੋਣਾਂ ਵਿੱਚ ਨਸ਼ੇ ਮੁੜ ਮੁੱਦਾ ਬਣ ਕੇ ਉੱਭਰੇ ਸਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀਆਂ ਜੇਲ੍ਹਾਂ ਵਿੱਚ 24,956 ਬੰਦੀ ਹਨ ਜਦੋਂ ਕਿ ਰਾਜਸਥਾਨ ਦੀਆਂ ਜੇਲ੍ਹਾਂ ਵਿੱਚ 24,067 ਬੰਦੀ ਹਨ। ਗੁਜਰਾਤ ਦੀਆਂ ਜੇਲ੍ਹਾਂ ਵਿੱਚ 18,235 ਬੰਦੀ ਹਨ। ਦੇਸ਼ ’ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਜੇਲ੍ਹਾਂ ਵਿੱਚ ਬੰਦੀ ਉੱਤਰ ਪ੍ਰਦੇਸ਼ ਵਿਚ ਹਨ, ਜਿੱਥੇ ਜੇਲ੍ਹਾਂ ਵਿੱਚ 88,876 ਬੰਦੀ ਹਨ ਜਦੋਂ ਕਿ ਦੂਜੇ ਨੰਬਰ ’ਤੇ ਬਿਹਾਰ ਦੀਆਂ ਜੇਲ੍ਹਾਂ ਵਿੱਚ 47,934 ਬੰਦੀ ਹਨ। ਤੀਜਾ ਨੰਬਰ ਮੱਧ ਪ੍ਰਦੇਸ਼ ਦਾ ਹੈ ਜਿੱਥੋਂ ਦੀਆਂ ਜੇਲ੍ਹਾਂ ਵਿਚ 46900 ਬੰਦੀ ਹਨ। ਮਹਾਰਾਸ਼ਟਰ ਦੀਆਂ ਜੇਲ੍ਹਾਂ ਵਿਚ 42224 ਬੰਦੀ ਹਨ ਜਿਸ ਦਾ ਚੌਥਾ ਨੰਬਰ ਹੈ। ਪੰਜਵੇਂ ਨੰਬਰ ’ਤੇ ਪੰਜਾਬ ਆਉਂਦਾ ਹੈ ਜਿੱਥੇ ਜੇਲ੍ਹਾਂ ਵਿਚ 31607 ਬੰਦੀ ਹਨ।

Advertisement

ਪੰਜਾਬ ਦੀਆਂ ਜੇਲ੍ਹਾਂ ’ਚ ਵੱਡੀ ਗਿਣਤੀ ਨੌਜਵਾਨ ਬੰਦੀ

ਵੇਰਵਿਆਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨ ਬੰਦੀ ਹਨ ਜੋ ਇੱਕ ਚਿੰਤਾਜਨਕ ਵਿਸ਼ਾ ਵੀ ਹੈ। ਜੇਲ੍ਹਾਂ ਵਿੱਚ 20-30 ਸਾਲ ਵਾਲੇ 14,969 ਬੰਦੀ ਹਨ ਜਦੋਂ ਕਿ 30-40 ਉਮਰ ਵਰਗ ਦੇ 10,829 ਬੰਦੀ ਹਨ। ਕਰੀਬ 82 ਫ਼ੀਸਦੀ ਬੰਦੀ ਨੌਜਵਾਨ ਵਰਗ ’ਚੋਂ ਹਨ। ਇਸੇ ਤਰ੍ਹਾਂ 70 ਸਾਲ ਤੋਂ ਉਪਰ ਦੇ ਕਰੀਬ 228 ਬੰਦੀ ਜੇਲ੍ਹਾਂ ਵਿੱਚ ਬੰਦ ਹਨ। ਇਸ ਰੁਝਾਨ ਤੋਂ ਜਾਪਦਾ ਹੈ ਕਿ ਪੰਜਾਬ ਦੀ ਜਵਾਨੀ ਕਿਹੜੇ ਰਾਹੇ ਤੁਰ ਪਈ ਹੈ। ਬਹੁਤੇ ਨੌਜਵਾਨ ਨਸ਼ਿਆਂ ਦੇ ਕੇਸਾਂ ਅਤੇ ਝਪਟਮਾਰੀ ਆਦਿ ਦੇ ਕੇਸਾਂ ਵਿਚ ਬੰਦ ਹਨ।

Advertisement
Author Image

sukhwinder singh

View all posts

Advertisement
Advertisement
×