ਸੈਕਟਰ-42 ਦੀ ਬੂਥ ਮਾਰਕੀਟ ’ਚ ਮਿਲੇਗਾ ਪਾਣੀ
ਮੁਕੇਸ਼ ਕੁਮਾਰ
ਚੰਡੀਗੜ੍ਹ, 12 ਨਵੰਬਰ
ਇੱਥੋਂ ਦੇ ਸੈਕਟਰ-42 ਦੀ ਬੂਥ ਮਾਰਕੀਟ ਵਿੱਚ ਖਾਣ-ਪੀਣ ਦੇ ਵਿਕਰੇਤਾਵਾਂ ਲਈ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਦੁਕਾਨਾਂ ਵਾਸਤੇ ਪਾਣੀ ਦੀ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ। ਪਾਈਪਲਾਈਨ ਦੇ ਕੰਮ ਦੀ ਸ਼ੁਰੂਆਤ ਅੱਜ ਮਾਰਕੀਟ ਦੇ ਦੁਕਾਨਦਾਰ ਸੀਨੀਅਰ ਸਿਟੀਜ਼ਨ ਨੀਲਮ ਵਢੇਰਾ ਨੇ ਕੀਤੀ। ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਦੱਸਿਆ ਕਿ ਅੱਜ-ਕੱਲ੍ਹ ਮਾਰਕੀਟਾਂ ਵਿੱਚ ਖਾਣ-ਪੀਣ ਦੀਆਂ ਹੋਰ ਦੁਕਾਨਾਂ ਖੁੱਲ੍ਹ ਰਹੀਆਂ ਹਨ। ਇਸ ਲਈ ਉਨ੍ਹਾਂ ਨੂੰ ਦੁਕਾਨ ਦੇ ਅੰਦਰ ਹੀ ਪਾਣੀ ਦੀ ਲੋੜ ਪੈਂਦੀ ਹੈ। ਸੈਕਟਰ-42 ਦੀ ਬੂਥ ਮਾਰਕੀਟ ਵਿੱਚ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਪਾਣੀ ਦੀ ਅਸੁਵਿਧਾ ਦੀ ਸ਼ਿਕਾਇਤ ਕਰ ਰਹੇ ਸਨ। ਉਨ੍ਹਾਂ ਨੂੰ ਲੰਬੇ ਸਮੇਂ ਤੋਂ ਇੱਥੋਂ ਦੀ ਬੂਥ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਇਸ ਬਾਰੇ ਮੰਗ ਕੀਤੀ ਜਾ ਰਹੀ ਸੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਤੇ ਹੋਰ ਤੋਂ ਪਾਣੀ ਲਿਆਉਣਾ ਪੈਂਦਾ ਹੈ। ਕੌਂਸਲਰ ਜਸਬੀਰ ਸਿੰਘ ਬੰਟੀ ਨੇ ਦੱਸਿਆ ਕਿ ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਨਿਗਮ ਹਾਊਸ ਦੀ ਮੀਟਿੰਗ ਵਿੱਚ ਏਜੰਡਾ ਪਾਸ ਕਰਵਾ ਲਿਆ ਅਤੇ ਅੱਜ ਅਜਿਹੇ ਦੁਕਾਨਦਾਰਾਂ ਦੀ ਸਹੂਲਤ ਲਈ ਪਾਣੀ ਦੀ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਦੁਕਾਨਦਾਰ ਆਪਣੀ ਸਹੂਲਤ ਅਨੁਸਾਰ ਪਾਣੀ ਦੇ ਕੁਨੈਕਸ਼ਨ ਲਈ ਅਪਲਾਈ ਕਰ ਸਕਦੇ ਹਨ। ਇਸ ਮੌਕੇ ਮਾਰਕੀਟ ਦੇ ਹੋਰ ਦੁਕਾਨਦਾਰ ਅਸ਼ਵਨੀ, ਅਰਵਿੰਦ ਕੁਮਾਰ, ਰਾਜੀਵ ਕੁਮਾਰ, ਦਵਿੰਦਰ ਸ਼ਰਮਾ ਅਤੇ ਗੋਲਡੀ ਆਦਿ ਹਾਜ਼ਰ ਸਨ।