ਜਲ ਸਪਲਾਈ ਕਾਮਿਆਂ ਵੱਲੋਂ ਖਜ਼ਾਨਾ ਦਫ਼ਤਰ ਅੱਗੇ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 7 ਜੂਨ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਫਤਹਿਗੜ੍ਹ ਸਾਹਿਬ ਦੇ ਸਮੁੱਚੇ ਮੁਲਾਜ਼ਮਾਂ ਦੀਆਂ ਮਈ ਮਹੀਨੇ ਦੀ ਤਨਖਾਹਾਂ ਸਬੰਧੀ ਖਜ਼ਾਨਾ ਦਫ਼ਤਰ ਅੱਗੇ ਸਬੰਧਤ ਵਿਭਾਗ ਦੀ ਤਾਲਮੇਲ ਸੰਘਰਸ਼ ਕਮੇਟੀ ਅਤੇ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਨਾਅਰੇਬਾਜ਼ੀ ਕੀਤੀ ਗਈ।
ਇਕੱਠ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਕਨਵੀਨਰ ਹਰਜੀਤ ਸਿੰਘ, ਸੁਖਜਿੰਦਰ ਸਿੰਘ ਚਨਾਰਥਲ, ਤਰਲੋਚਨ ਸਿੰਘ ਮਲਾਗਰ ਸਿੰਘ ਖਮਾਣੋਂ, ਰਜਿੰਦਰਪਾਲ, ਤਰਸੇਮ ਲਾਲ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਤਨਖਾਹਾਂ ਦੇ ਬਿੱਲ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਖਜ਼ਾਨਾ ਦਫ਼ਤਰ ਨੂੰ ਭੇਜ ਦਿੱਤੇ ਗਏ ਸਨ ਪਰ ਖਜ਼ਾਨਾ ਦਫ਼ਤਰ ਵੱਲੋਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਤਨਖਾਹਾਂ ਨਹੀਂ ਪਾਈਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਬੁਹਤ ਸਾਰੇ ਮੁਲਾਜ਼ਮਾਂ ਨੇ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ, ਬੱਚਿਆਂ ਦੀ ਪੜ੍ਹਾਈ ਲਈ ਬੈਂਕਾਂ ਤੋਂ ਕਰਜ਼ਾ ਲਿਆ ਹੈ, ਜਿਸ ਦੀਆਂ ਕਿਸ਼ਤਾਂ ਦੀ ਆਖ਼ਰੀ ਤਰੀਕ ਪੰਜ ਹੁੰਦੀ ਹੈ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੇ ਕਣਕ ਦੇ ਕਰਜ਼ੇ ਦੀ ਰਕਮ ਨਾ ਪਾਈ ਤਾਂ ਸਮੁੱਚੇ ਮੁਲਾਜ਼ਮਾਂ ਵੱਲੋਂ ਖਜ਼ਾਨਾ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਰੈਗੂਲਰ ਦਰਜਾ ਤਿੰਨ ਤੇ ਚਾਰ ਮੁਲਾਜ਼ਮਾਂ ਸਮੇਤ ਸਮੁੱਚੇ ਠੇਕਾ ਆਧਾਰਿਤ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਪਹਿਲ ਦਿੱਤੀ ਜਾਵੇ। ਇਸ ਮੌਕੇ ਸੁੱਖ ਰਾਮ ਕਾਲੇਵਾਲ, ਰਣਜੀਤ ਸਿੰਘ, ਹਰਜਿੰਦਰ ਸਿੰਘ ਖਮਾਣੋਂ, ਲਖਵੀਰ ਸਿੰਘ ਬਲਜੀਤ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ ਹਿੰਦੂਪੁਰ, ਹਰਚੰਦ ਸਿੰਘ ਆਦਿ ਹਾਜ਼ਰ ਸਨ।