For the best experience, open
https://m.punjabitribuneonline.com
on your mobile browser.
Advertisement

ਜਲ ਸਪਲਾਈ ਕਾਮਿਆਂ ਨੇ ਐਕਸੀਅਨ ਦਫ਼ਤਰ ਨੂੰ ਤਾਲਾ ਲਾਇਆ

07:03 AM Aug 13, 2024 IST
ਜਲ ਸਪਲਾਈ ਕਾਮਿਆਂ ਨੇ ਐਕਸੀਅਨ ਦਫ਼ਤਰ ਨੂੰ ਤਾਲਾ ਲਾਇਆ
ਸੰਗਰੂਰ ’ਚ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਾਮੇ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਗਸਤ
ਤਨਖਾਹਾਂ ਦੀ ਅਦਾਇਗੀ ਸਮੇਂ ਸਿਰ ਨਾ ਹੋਣ ਅਤੇ ਮੰਗਾਂ ਦਾ ਨਿਬੇੜਾ ਨਾ ਕਰਨ ਤੋਂ ਖਫ਼ਾ ਠੇਕੇਦਾਰੀ ਅਧੀਨ ਕੰਮ ਕਰਦੇ ਕਰਮਚਾਰੀਆਂ ਨੇ ਇੱਥੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਮੰਡਲ ਦਫ਼ਤਰ ਨੂੰ ਤਾਲਾ ਲਗਾ ਕੇ ਐਕਸੀਅਨ ਦਫ਼ਤਰ ਦਾ ਘਿਰਾਓ ਕੀਤਾ ਅਤੇ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਦੇ ਕਨਵੀਨਰ ਚਮਕੌਰ ਸਿੰਘ ਮਹਿਲਾਂ ਅਤੇ ਕੋ-ਕਨਵੀਨਰ ਮੇਲਾ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਵਿਭਾਗ ਵਿਚ ਠੇਕੇਦਾਰੀ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਅਨੇਕਾਂ ਮੰਗਾਂ ਲਟਕ ਰਹੀਆਂ ਹਨ ਜਿਨ੍ਹਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਕੀਤਾ ਗਿਆ ਜਿਸ ਕਾਰਨ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੀਟਿੰਗਾਂ ’ਚ ਹੋਏ ਫੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪਿਛਲੇ ਮਹੀਨੇ ਐੱਸਡੀਐੱਮ. ਸੰਗਰੂਰ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਕਾਰਜਕਾਰੀ ਇੰਜਨੀਅਰ ਅਤੇ ਵਿਭਾਗ ਅਧੀਨ ਕੰਮ ਕਰਦੀ ਕੰਪਨੀ ਦੇ ਨੁਮਾਇੰਦੇ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਵਿਚ ਹੋਏ ਫੈਸਲਿਆਂ ਨੂੰ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਕਰਮਚਾਰੀਆਂ ਨੂੰ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਰਮਚਾਰੀਆਂ ਨੂੰ ਐਕਸੀਅਨ ਦਾ ਘਿਰਾਓ ਕਰਨਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਰਮਚਾਰੀ ਡਟੇ ਰਹਿਣਗੇ ਅਤੇ ਸੰਘਰਸ਼ ਨੂੰ ਹੋਰ ਤਿੱਖੇ ਰੂਪ ਵਿਚ ਵਿੱਢਿਆ ਜਾਵੇਗਾ। ਰੋਸ ਧਰਨੇ ਨੂੰ ਸੰਘਰਸ਼ ਕਮੇਟੀ ਦੇ ਆਗੂਆਂ ਸੀਤਾ ਰਾਮ ਬਾਲਦ ਕਲਾਂ, ਹਰਦੀਪ ਸ਼ਰਮਾ, ਗੁਰਜੰਟ ਸਿੰਘ ਉਗਰਾਹਾਂ, ਇੰਦਰ ਧੂਰੀ, ਸੰਜੂ ਕੁਮਾਰ ਧੂਰੀ, ਰਾਮ ਆਸਰਾ, ਧਰਮ ਜੀਤ, ਜਸਵੀਰ ਸਿੰਘ ਜੱਸੀ, ਅਵਤਾਰ ਸਿੰਘ, ਕਰਮਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਖ਼ਬਰ ਲਿਖੇ ਜਾਣ ਤੱਕ ਧਰਨੇ ’ਤੇ ਡਟੇ ਹੋਏ ਸਨ।

Advertisement
Advertisement
Author Image

sukhwinder singh

View all posts

Advertisement