ਰੋਪੜ ਥਰਮਲ ਪਲਾਂਟ ਨੇੜਲੀ ਨਹਿਰ ’ਚੋਂ ਪਾਣੀ ਰਿਸਣਾ ਸ਼ੁਰੂ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 7 ਫਰਵਰੀ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਵਾਰ-ਵਾਰ ਟੁੱਟਣ ਕਾਰਨ ਚਰਚਾ ’ਚ ਆਈ ਮਾਈਕ੍ਰੋ-ਹਾਈਡਲ ਨਹਿਰ ’ਚ ਪਾਣੀ ਰਿਸਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਜਿੱਥੇ ਥਰਮਲ ਅਧਿਕਾਰੀਆਂ ਨੂੰ ਵਖ਼ਤ ਪੈ ਗਿਆ ਹੈ, ਉੱਥੇ ਹੀ ਰਣਜੀਤਪੁਰਾ ਪਿੰਡ ਦੇ ਕਿਸਾਨਾਂ ਨੂੰ ਵੀ ਆਪਣੀ ਕਣਕ ਦੀ ਫਸਲ ਖ਼ਰਾਬ ਹੋਣ ਦਾ ਡਰ ਸਤਾਉਣ ਲੱਗਾ ਹੈ। ਜਾਣਕਾਰੀ ਅਨੁਸਾਰ ਰਣਜੀਤਪੁਰਾ ਪਿੰਡ ਨੂੰ ਜਾਂਦੇ ਰਸਤੇ ਨੇੜੇ ਥਰਮਲ ਪਲਾਂਟ ਦੀ ਮਾਈਕ੍ਰੋ-ਹਾਈਡਲ ਨਹਿਰ ਦੇ ਹੇਠੋਂ ਕਾਫੀ ਪਾਣੀ ਰਿਸਣ ਲੱਗ ਪਿਆ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇਹ ਪਾਣੀ ਕਈ ਦਿਨਾਂ ਤੋਂ ਰਿਸ ਰਿਹਾ ਹੈ। ਲੋਕਾਂ ਮੁਤਾਬਕ ਪਹਿਲਾਂ ਪਾਣੀ ਦਾ ਰੰਗ ਸਾਫ਼ ਸੀ ਪਰ ਅੱਜ ਇਸ ਪਾਣੀ ਦਾ ਰੰਗ ਗੰਧਲਾ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਪਾਣੀ ਮਾਈਕ੍ਰੋ-ਹਾਈਡਲ ਨਹਿਰ ਵਿੱਚੋਂ ਰਿਸ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਜੇਕਰ ਪਾਣੀ ਦੇ ਰਿਸਾਅ ਕਾਰਨ ਨਹਿਰ ਟੁੱਟ ਗਈ ਤਾਂ ਉਨ੍ਹਾਂ ਦੇ ਪਿੰਡ ਦੀ ਸੈਂਕੜੇ ਏਕੜ ਕਣਕ ਦੀ ਫਸਲ ਦਾ ਨੁਕਸਾਨ ਹੋ ਜਾਵੇਗਾ। ਦੂਜੇ ਪਾਸੇ ਇਸ ਸਬੰਧੀ ਗੱਲ ਕਰਨ ’ਤੇ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਉਕਤ ਲੀਕੇਜ ਕਾਫੀ ਪੁਰਾਣੀ ਹੈ ਅਤੇ ਨਹਿਰ ਟੁੱਟਣ ਦਾ ਕੋਈ ਖ਼ਤਰਾ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਪਾਵਰਕੌਮ ਪਟਿਆਲਾ ਦੇ ਸਿਵਲ ਵਿੰਗ ਦੇ ਅਧਿਕਾਰੀਆਂ ਨੂੰ ਇਸ ਨਹਿਰ ਦੀ ਜਾਂਚ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਥਰਮਲ ਪ੍ਰਸ਼ਾਸਨ ਵੱਲੋਂ ਨਿਗਰਾਨੀ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਤਾਇਨਾਤ ਕੀਤੀ ਗਈ ਹੈ।