ਚੰਡੀਗੜ੍ਹ ਵਿੱਚ ‘ਆਪ’ ਕਾਰਕੁਨਾਂ ’ਤੇ ਪਾਣੀ ਦੀਆਂ ਬੁਛਾੜਾਂ
ਆਤਿਸ਼ ਗੁਪਤਾ
ਚੰਡੀਗੜ੍ਹ, 5 ਅਕਤੂਬਰ
ਆਬਕਾਰੀ ਨੀਤੀ ਮਾਮਲੇ ’ਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੰਜੈ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਇੱਥੇ ਪੰਜਾਬ ਭਾਜਪਾ ਦੇ ਦਫ਼ਤਰ ਨੇੜੇ ਧਰਨਾ ਦਿੱਤਾ। ਜਦੋਂ ‘ਆਪ’ ਵਰਕਰ ਭਾਜਪਾ ਦਫ਼ਤਰ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਪੁਲੀਸ ਤੇ ‘ਆਪ’ ਵਰਕਰਾਂ ਵਿਚਕਾਰ ਖਿੱਚਧੂਹ ਹੋਈ ਤੇ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਮੌਕੇ ‘ਆਪ’ ਵਰਕਰਾਂ ਨੇ ਮੋਦੀ ਦਾ ਪੁਤਲਾ ਸਾੜਿਆ। ਉਧਰ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸੈਕਟਰ-39 ਵਿੱਚ ਲਿਆਂਦਾ, ਜਿੱਥੋਂ ਦੋ ਘੰਟੇ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ। ‘ਆਪ’ ਪੰਜਾਬ ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਸ਼ਰਾਬ ਘੁਟਾਲਾ ਨਹੀਂ ਹੋਇਆ ਹੈ। ਜੇ ਕੋਈ ਘੁਟਾਲਾ ਹੁੰਦਾ ਤਾਂ ਦਿੱਲੀ ਸਰਕਾਰ ਨੂੰ ਕਿਸੇ ਨਾ ਕਿਸੇ ਕਿਸਮ ਦਾ ਨੁਕਸਾਨ ਝੱਲਣਾ ਪੈਂਦਾ ਪਰ ਅਜਿਹਾ ਕੁਝ ਨਹੀਂ ਹੋਇਆ। ਸ੍ਰੀ ਚੀਮਾ ਨੇ ਕਿਹਾ ਕਿ ਸ਼ਰਾਬ ਨੀਤੀ ਦੇ ਨਾਮ ’ਤੇ ਜਾਂਚ ਰਾਹੀਂ ਛਾਪੇ ਮਾਰ ਕੇ ਗ੍ਰਿਫ਼ਤਾਰ ਕਰਨਾ, ਇਹ ਸਭ ਕੁਝ ‘ਆਪ’ ਨੂੰ ਰੋਕਣ ਲਈ ਭਾਜਪਾ ਦੀ ਸਾਜ਼ਿਸ਼ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਤੇ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਬੁੱਧ ਰਾਮ ਵੀ ਮੌਜੂਦ ਸਨ।
ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਰਾਜਨੀਤੀ ’ਚ ਭਾਜਪਾ ਦਾ ਗਰਾਫ਼ ਦਨਿੋ-ਦਨਿ ਡਿੱਗ ਰਿਹਾ ਹੈ, ਜਿਸ ਕਾਰਨ ਭਾਜਪਾ ਨਿਰਾਸ਼ ਅਤੇ ਬੇਚੈਨ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਆਮ ਚੋਣਾਂ ’ਚ ਭਾਜਪਾ ਦੀ ਹਾਰ ਯਕੀਨੀ ਹੈ, ਇਸ ਲਈ ਉਹ ਸੀਬੀਆਈ ਅਤੇ ਈਡੀ ਰਾਹੀਂ ਵਿਰੋਧੀ ਧਿਰ ਦੇ ਨੇਤਾਵਾਂ ’ਤੇ ਹਮਲੇ ਕਰ ਰਹੀ ਹੈ। ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸੰਜੈ ਸਿੰਘ ਅੰਬਾਨੀ ਤੇ ਅਡਾਨੀ ਦੇ ਵਿਰੁੱਧ ਆਵਾਜ਼ ਚੁੱਕ ਰਹੇ ਸਨ, ਜਿਸ ਕਾਰਨ ਭਾਜਪਾ ਸੰਜੈ ਸਿੰਘ ਵਿਰੁੱਧ ਕਾਰਵਾਈ ਕਰਨ ਲੱਗੀ ਹੋਈ ਹੈ। ਬੁੱਧ ਰਾਮ ਨੇ ਕਿਹਾ ਕਿ ਭਾਜਪਾ ਦੀਆਂ ਅਜਿਹੀਆਂ ਚਾਲਾਂ ‘ਆਪ’ ਨੂੰ ਨਹੀਂ ਰੋਕ ਸਕਦੀਆਂ।