ਵਾਰਡ ਨੰਬਰ-10 ਵਿੱਚ ਪਾਣੀ ਦੀ ਕਿੱਲਤ
ਕਰਮਜੀਤ ਸਿੰਘ ਚਿੱਲਾ
ਬਨੂੜ, 25 ਜੁਲਾਈ
ਕਾਂਗਰਸ ਅਤੇ ਅਕਾਲੀ ਦੇ ਮੁੱਖ ਆਗੂਆਂ ਦੀ ਰਿਹਾਇਸ਼ ਵਾਲੇ ਵੀਆਈਪੀ ਵਾਰਡ ਦਸ ਦੇ ਵਸਨੀਕ ਪਿਛਲੇ ਤਿੰਨ ਦਨਿਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਕੌਂਸਲ ਵੱਲੋਂ ਟੈਂਕਰਾਂ ਰਾਹੀਂ ਇਸ ਵਾਰਡ ਦੇ ਵਸਨੀਕਾਂ ਨੂੰ ਪਾਣੀ ਪਹੁੰਚਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹਕੀਕਤ ਵਿੱਚ ਵਾਰਡ ਵਾਸੀ ਪੱਲਿਓਂ ਪੈਸੇ ਖਰਚ ਕਰ ਕੇ ਪਾਣੀ ਦੇ ਟੈਂਕਰ ਮੰਗਾ ਕੇ ਰੋਜ਼ਮਰ੍ਹਾ ਦੀ ਜ਼ਰੂਰਤ ਪੂਰੀ ਕਰ ਰਹੇ ਹਨ।
ਵਾਰਡ ਦੀ ਸਾਬਕਾ ਕੌਂਸਲਰ ਇੰਦਰਜੀਤ ਕੌਰ ਦੇ ਪਤੀ ਜਗਤਾਰ ਸਿੰਘ ਕਨੌੜ ਨੇ ਦੱਸਿਆ ਕਿ ਖੇਡ ਗਰਾਊਂਡ ਵਿੱਚ ਲੱਗਿਆ ਟਿਊਬਵੈੱਲ ਪਿਛਲੇ ਤਿੰਨ ਦਨਿਾਂ ਤੋਂ ਬੰਦ ਪਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਖੁਦ ਪੈਸੇ ਖਰਚ ਕੇ ਸਟਾਰਟਰ ਵੀ ਮੁਹੱਈਆ ਕਰਾਇਆ ਪਰ ਇਸਦੇ ਬਾਵਜੂਦ ਪਾਣੀ ਦੀ ਸਪਲਾਈ ਬਹਾਲ ਨਾ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਕਾਰਜਸਾਧਕ ਅਫ਼ਸਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ।
ਉਨ੍ਹਾਂ ਆਖਿਆ ਕਿ ਪਾਣੀ ਦੀ ਤੰਗੀ ਨਾਲ ਜੂਝ ਰਹੇ ਮੁਹੱਲਾ ਵਾਸੀਆਂ ਨੂੰ ਸੱਤ-ਸੱਤ ਸੌ ਰੁਪਏ ਦਾ ਪਾਣੀ ਦਾ ਟੈਂਕਰ ਮੰਗਵਾਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਪੱਲਿਓਂ ਪੈਸੇ ਖਰਚ ਕੇ ਪਾਣੀ ਮੰਗਾਉਣਾ ਬੇਹੱਦ ਮੁਸ਼ਕਿਲ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਟਿਊਬਵੈੱਲ ਦੀ ਖਰਾਬ ਮੋਟਰ ਤੁਰੰਤ ਨਾ ਬਦਲੀ ਗਈ ਤਾਂ ਮੁਹੱਲਾ ਵਾਸੀ ਕੌਂਸਲ ਦਫ਼ਤਰ ਦਾ ਘਿਰਾਓ ਕਰਨਗੇ ਅਤੇ ਸੜਕੀ ਆਵਾਜਾਈ ਠੱਪ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਮੋਟਰ ਠੀਕ ਕਰਾਈ ਜਾ ਰਹੀ ਹੈ; ਕਾਰਜਸਾਧਕ ਅਫ਼ਸਰ
ਬਨੂੜ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਭੋਗਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਟਿਊਬਵੈੱਲ ਸੀਵਰੇਜ ਬੋਰਡ ਦੇ ਅਧੀਨ ਹੈ। ਉਨ੍ਹਾਂ ਕਿਹਾ ਕਿ ਖਰਾਬ ਮੋਟਰ ਨੂੰ ਠੀਕ ਕਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਮੁਲਾਜ਼ਮ ਟੈਂਕਰਾਂ ਨਾਲ ਵਾਰਡ ਵਿੱਚ ਪਾਣੀ ਪਹੁੰਚਾ ਰਹੇ ਹਨ।