ਡੇਰਾਬੱਸੀ ਵਿੱਚ ਪਾਣੀ ਦੀ ਕਿੱਲਤ, ਲੋਕਾਂ ’ਚ ਰੋਸ
ਹਰਜੀਤ ਸਿੰਘ
ਡੇਰਾਬੱਸੀ, 1 ਅਗਸਤ
ਸ਼ਹਿਰ ਵਿੱਚ ਪਾਣੀ ਦੀ ਕਿੱਲਤ ਵਧਦੀ ਜਾ ਰਹੀ ਹੈ। ਵਾਰਡ ਨੰਬਰ 17 ਅਤੇ 19 ਤੋਂ ਬਾਅਦ ਹੁਣ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਦੀ ਨਿੱਜੀ ਵਾਰਡ ਨੰਬਰ 14 ਵਿੱਚ ਟਿਊਬਵੈਲ ਦੀ ਮੋਟਰ ਖ਼ਰਾਬ ਹੋਣ ਕਾਰਨ ਸਪਲਾਈ ਠੱਪ ਹੋ ਗਈ ਹੈ। ਪਾਣੀ ਦੀ ਕਿੱਲਤ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਵਾਰਡ ਨੰਬਰ 14 ਅਧੀਨ ਆਉਂਦੇ ਸਾਧੂ ਨਗਰ ਵਿੱਚ ਰਹਿੰਦੇ ਹਨ। ਸਾਧੂ ਨਗਰ ਮਿਉਂਸਪਲ ਪਾਰਕ ਵਿੱਚ ਵਿੱਚ ਲੱਗੇ ਟਿਊਬਵੈੱਲ ਦੀ ਲੰਘੀ ਰਾਤ ਮੋਟਰ ਖ਼ਰਾਬ ਹੋਣ ਕਾਰਨ ਇਹ ਬੰਦ ਹੋ ਗਿਆ ਹੈ। ਲੰਘੀ ਰਾਤ ਤੋਂ ਹੀ ਸਾਧੂ ਨਗਰ, ਮੋਹਨ ਨਗਰ, ਪੰਜਾਬੀ ਬਾਗ ਸਣੇ ਹੋਰਨਾਂ ਰਿਹਾਇਸ਼ੀ ਕਲੋਨੀਆਂ ਵਿੱਚ ਪਾਣੀ ਦੀ ਸਪਲਾਈ ਪੂਰੀ ਤਰਾਂ ਠੱਪ ਪਈ ਹੈ। ਅਤਿ ਦੀ ਗਰਮੀ ਵਿੱਚ ਲੋਕਾਂ ਨੂੰ ਬਿਨਾਂ ਪਾਣੀ ਤੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਕੌਂਸਲ ਦੀ ਪ੍ਰਧਾਨ ਸਣੇ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਸੀ ਪਰ ਦੇਰ ਸ਼ਾਮ ਤੱਕ ਸਪਲਾਈ ਬਹਾਲ ਨਹੀਂ ਹੋਈ ਸੀ। ਗੱਲ ਕਰਨ ’ਤੇ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਸਬੰਧਿਤ ਅਧਿਕਾਰੀਆਂ ਨੂੰ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਕਰ ਦਿੱਤੀ ਹੈ। ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਕੌਂਸਲ ਦੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।