ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਵਿਚ ਪਾਣੀ ਦੀ ਬੱਚਤ ਦੇ ਨੁਕਤੇ
ਤੋਸ਼ ਗਰਗ/ਮਹੇਸ਼ ਕੁਮਾਰ/ਐਸਕੇ ਸੰਧੂ*
ਕਣਕ ਅਤੇ ਝੋਨੇ ਤੋਂ ਇਲਾਵਾ ਮੱਕੀ ਦੀ ਫ਼ਸਲ ਦੀ ਕਾਸ਼ਤ ਬਹੁਤ ਮਹੱਤਵਪੂਰਨ ਹੈ। ਮੱਕੀ ਵੱਖ ਵੱਖ ਜਲਵਾਯੂ ਵਿਚ ਹੋਣ ਵਾਲੀ ਮਹੱਤਵਪੂਰਨ ਫ਼ਸਲ ਹੈ। ਮਨੁੱਖਾਂ ਅਤੇ ਪਸ਼ੂਆਂ ਦੀ ਖ਼ੁਰਾਕ ਤੋਂ ਇਲਾਵਾ ਇਸ ਦੀ ਉਦਯੋਗਿਕ ਮਹੱਤਤਾ ਵੀ ਬਹੁਤ ਵਧ ਰਹੀ ਹੈ। ਪੰਜਾਬ ਵਿਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਆਲੂ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ ਪਰ ਪੱਕਣ ਸਮੇਂ ਵਧੇਰੇ ਤਾਪਮਾਨ ਹੋਣ ਕਾਰਨ ਫ਼ਸਲ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ। ਫ਼ਸਲ ਦੀ ਸਮੇਂ ਸਿਰ, ਬੈੱਡਾਂ ’ਤੇ ਬਿਜਾਈ ਅਤੇ ਤੁਪਕਾ ਸਿੰਜਾਈ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਬਹਾਰ ਰੁੱਤ ਦੀ ਸਫ਼ਲ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਹੇਠ ਲਿਖੇ ਸੁਝਾਵਾਂ ਨੂੰ ਅਪਣਾਉਣ ਦੀ ਲੋੜ ਹੈ:
• ਬਹਾਰ ਰੁੱਤ ਦੀ ਫ਼ਸਲ ਤੋਂ ਜ਼ਿਆਦਾ ਝਾੜ ਲੈਣ ਲਈ, ਇਸ ਦੀ ਬਿਜਾਈ 20 ਜਨਵਰੀ ਤੋਂ 15 ਫਰਵਰੀ ਤੱਕ ਕਰ ਲੈਣੀ ਚਾਹੀਦੀ ਹੈ। ਮੱਕੀ ਦੀ ਬਿਜਾਈ ਪੂਰਵ-ਪੱਛਮ ਵੱਲ 60 ਸੈਂਟੀਮੀਟਰ ਦੀ ਵਿੱਥ ’ਤੇ ਵੱਟਾਂ ਬਣਾ ਕੇ, ਉਨ੍ਹਾਂ ਦੇ ਦੱਖਣ ਵਾਲੇ ਪਾਸੇ, 6 ਤੋਂ 7 ਸੈਂਟੀਮੀਟਰ ਦੀ ਉਚਾਈ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖ ਕੇ ਕਰੋ; ਜਾਂ ਇਸੇ ਤਰ੍ਹਾਂ ਪੂਰਵ-ਪੱਛਮ ਵੱਲ 67.5 ਸੈਂਟੀਮੀਟਰ ਦੀ ਵਿੱਥ ’ਤੇ ਬੈੱਡ ਬਣਾ ਕੇ, ਉਨ੍ਹਾਂ ਦੇ ਦੱਖਣ ਵਾਲੇ ਪਾਸੇ, ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖ ਕੇ ਵੀ ਕੀਤੀ ਜਾ ਸਕਦੀ ਹੈ। ਬੈੱਡਾਂ ’ਤੇ ਬਿਜਾਈ ਕਰਨ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ।
• 15 ਫਰਵਰੀ ਤੋਂ ਬਾਅਦ ਬਿਜਾਈ ਕਰਨ ਨਾਲ ਝਾੜ ਉੱਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਪਿਛੇਤੀ ਫ਼ਸਲ ’ਤੇ ਸ਼ਾਖ ਦੀ ਮੱਖੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਜਦੋਂ ਮੱਕੀ ਬੂਰ ਅਤੇ ਸੂਤ ਕੱਤਦੀ ਹੈ ਤਾਂ ਤਾਪਮਾਨ ਵੱਧ ਹੋਣ ਕਾਰਨ ਬੂਰ ਸੁੱਕ ਜਾਂਦਾ ਹੈ। ਇਸ ਨਾਲ ਪਰ-ਪ੍ਰਾਗਣ ਕਿਰਿਆ ਵਿਚ ਰੁਕਾਵਟ ਪੈ ਜਾਂਦੀ ਹੈ। ਇਸ ਕਾਰਨ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘਟ ਜਾਂਦਾ ਹੈ। ਜਨਵਰੀ ਦੇ ਸ਼ੁਰੂ ਵਿਚ ਤਾਪਮਾਨ ਘੱਟ ਹੋਣ ਕਰ ਕੇ ਜ਼ਿਆਦਾ ਅਗੇਤੀ ਬਿਜਾਈ ਕਰਨ ਨਾਲ ਫ਼ਸਲ ਦੇ ਪੁੰਗਾਂਰ ਦਾ ਸਮਾਂ ਵਧ ਜਾਂਦਾ ਹੈ ਅਤੇ ਪੁੰਗਾਂਰ ਘਟ ਸਕਦਾ ਹੈ।
• ਫ਼ਸਲ ਤੋਂ ਬਿਹਤਰ ਆਰਥਿਕ ਲਾਭ ਪ੍ਰਾਪਤ ਕਰਨ ਲਈ ਢੁਕਵੀਆਂ ਕਿਸਮਾਂ ਦੀ ਚੋਣ ਬਹੁਤ ਮਹੱਤਵਪੂਰਨ ਹੈ। ਬਹਾਰ ਰੁੱਤ ਵਿਚ ਵਧੇਰੇ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਪੀਐਮਐਚ-10, ਡੀਕੇਸੀ-9108 ਤੇ ਪੀ-1844 ਦੀ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀ ਗਈ ਹੈ।
• ਵਧੇਰੇ ਝਾੜ ਲੈਣ ਲਈ 10 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਦੀ ਸਫ਼ਲ ਕਾਸ਼ਤ ਵਿਚ ਬੀਜ ਦੀ ਸੋਧ ਦਾ ਅਹਿਮ ਯੋਗਦਾਨ ਹੈ। ਇਸ ਨਾਲ ਮੁੱਖ ਕੀੜੇ ਸ਼ਾਖ ਦੀ ਮੱਖੀ ਦੀ ਕਾਰਗਰ ਰੋਕਥਾਮ ਹੋ ਜਾਂਦੀ ਹੈ। ਬੀਜ ਨੂੰ ਕੀੜੇਮਾਰ ਦਵਾਈ ਗਾਚੋ (ਇਮਿਡਾਕਲੋਪਰਿਡ) 600 ਐਫਐਸ 6 ਮਿਲੀਲਿਟਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ। ਕੀਟਨਾਸ਼ਕ ਨੂੰ ਪਾਣੀ ਵਿਚ ਮਿਲਾ ਕੇ ਲੇਟੀ ਬਣਾਓ ਅਤੇ ਚੰਗੀ ਤਰ੍ਹਾਂ ਬੀਜ ਵਿਚ ਰਲਾ ਦਿਉ। ਬੀਜ ਨੂੰ ਇਸ ਤਰ੍ਹਾਂ ਸੋਧੋ ਕੇ ਹਰ ਇੱਕ ਬੀਜ ’ਤੇ ਕੀਟਨਾਸ਼ਕ ਦਵਾਈ ਦੀ ਪਰਤ ਬਣ ਜਾਵੇ। ਸੋਧੇ ਹੋਏ ਬੀਜ ਨੂੰ 14 ਦਿਨਾਂ ਦੇ ਅੰਦਰ-ਅੰਦਰ ਹੀ ਵਰਤਣਾ ਚਾਹੀਦਾ ਹੈ।
• ਪਾਣੀ ਦੀ ਸੁਚੱਜੀ ਵਰਤੋਂ ਬਹਾਰ ਰੁੱਤ ਦੀ ਕਾਸ਼ਤ ਦਾ ਮੁੱਖ ਮੁੱਦਾ ਹੈ। ਫ਼ਸਲ ਦੀ ਅਵਸਥਾ ਅਤੇ ਮੌਸਮ ਦੇ ਹਿਸਾਬ ਨਾਲ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹਾਰ ਰੁੱਤ ਦੀ ਮੱਕੀ ਵਿਚ ਤੁਪਕਾ ਸਿੰਜਾਈ ਵਿਧੀ ਨੂੰ ਅਪਣਾ ਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਤੁਪਕਾ ਸਿੰਜਾਈ ਵਿਧੀ ਲਈ 120 ਸੈਂਟੀਮੀਟਰ ਹੇਠਲੇ ਪਾਸੇ ਅਤੇ 80 ਸੈਂਟੀਮੀਟਰ ਉੱਪਰੋਂ ਚੌੜੇ ਬੈੱਡ ਬਣਾਓ। ਇਨ੍ਹਾਂ ’ਤੇ 60 ਸੈਂਟੀਮੀਟਰ ਦੀ ਦੂਰੀ ’ਤੇ ਮੱਕੀ ਦੀਆਂ ਦੋ ਲਾਈਨਾਂ ਵਿਚ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖ ਕੇ ਬੀਜੋ। ਮੱਕੀ ਦੀਆਂ ਇਨ੍ਹਾਂ ਦੋ ਕਤਾਰਾਂ ਵਿਚ ਇਕ ਡਰਿੱਪ ਲਾਈਨ ਦੀ ਵਰਤੋਂ ਕਰੋ, ਇਸ ਵਿਚ ਡਰਿੱਪਰ ਤੋਂ ਡਰਿੱਪਰ ਦਾ ਫ਼ਾਸਲਾ 30 ਸੈਂਟੀਮੀਟਰ ਹੋਵੇ। ਜੇ ਡਿਸਚਾਰਜ 2.2 ਲਿਟਰ ਪ੍ਰਤੀ ਘੰਟਾਂ ਪ੍ਰਤੀ ਡਰਿੱਪਰ ਹੋਵੇ ਤਾਂ ਸਿੰਜਾਈ ਦਾ ਸਮਾਂ ਫਰਵਰੀ, ਮਾਰਚ, ਅਪਰੈਲ ਅਤੇ ਮਈ ਵਿਚ ਕ੍ਰਮਵਾਰ 22, 64, 120 ਅਤੇ 130 ਮਿੰਟ ਰੱਖੋ ਕਿਉਂਕਿ ਤਾਪਮਾਨ ਵਧਣ ਦੇ ਨਾਲ ਨਾਲ ਫ਼ਸਲ ਨੂੰ ਅਪਰੈਲ ਤੇ ਮਈ ਵਿਚ ਪਾਣੀ ਦੀ ਲੋੜ ਵੱਧ ਹੁੰਦੀ ਹੈ।
• ਪਾਣੀ ਦੀ ਬੱਚਤ ਲਈ ਬਿਜਾਈ ਸਮੇਂ 30 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਇਕਸਾਰ ਵਿਛਾਉ।
• ਪਹਿਲਾਂ ਪਾਣੀ ਬਿਜਾਈ ਦੇ 25-30 ਦਿਨਾਂ ਬਾਅਦ ਲਾਉ। ਇਸ ਤੋਂ ਬਾਅਦ 10 ਅਪਰੈਲ ਤੱਕ 2 ਹਫ਼ਤੇ ਦੇ ਵਕਫ਼ੇ ’ਤੇ ਅਤੇ ਫ਼ਸਲ ਪੱਕਣ ਤੱਕ ਇੱਕ ਹਫ਼ਤੇ ਦੇ ਵਕਫ਼ੇ ’ਤੇ ਪਾਣੀ ਲਾਉਂਦੇ ਰਹੋ।
• ਸੂਤ ਕੱਤਣ ਅਤੇ ਦਾਣੇ ਪੈਣ ਦੇ ਸਮੇਂ ਦੌਰਾਨ ਫ਼ਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਕਿਉਂਕਿ ਮੱਕੀ ਨੂੰ ਬੂਰ ਪੈਣ ਅਤੇ ਸੂਤ ਕੱਤਣ ਸਮੇਂ ਜੇ ਤਾਪਮਾਨ ਵਧ ਜਾਵੇ ਤਾਂ ਬੂਰ ਸੁੱਕਣ ਕਾਰਨ ਪਰ-ਪ੍ਰਾਗਣ ਕਿਰਿਆ ਵਿਚ ਰੁਕਾਵਟ ਪੈ ਜਾਂਦੀ ਹੈ। ਇਸ ਕਰ ਕੇ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘਟ ਜਾਂਦਾ ਹੈ।
• ਮੱਕੀ ਦੀ ਫ਼ਸਲ ਖ਼ੁਰਾਕੀ ਤੱਤਾਂ ਨੂੰ ਬਹੁਤ ਮੰਨਦੀ ਹੈ। ਮੱਕੀ ਦੀ ਫ਼ਸਲ ਵਿਚ ਰੂੜੀ ਦੀ ਗਲੀ-ਸੜੀ ਖਾਦ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਮੱਕੀ ਲਈ 110 ਕਿਲੋ ਯੂਰੀਆ, 150 ਕਿਲੋ ਸੁਪਰਫਾਸਫੇਟ ਜਾਂ 55 ਕਿਲੋ ਡੀਏਪੀ ਖਾਦ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਲੋੜ ਪੈਣ ’ਤੇ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਜੇ ਡੀਏਪੀ 55 ਕਿਲੋ ਪਾਈ ਹੋਵੇ ਤਾਂ ਯੂਰੀਆ 20 ਕਿਲੋ ਘਟਾ ਦਿਉ।
• ਨਦੀਨ ਫ਼ਸਲ ਵਿਚ ਪਾਣੀ, ਖ਼ੁਰਾਕੀ ਤੱਤਾਂ, ਰੋਸ਼ਨੀ ਆਦਿ ਲਈ ਮੁਕਾਬਲਾ ਕਰਦੇ ਹਨ। ਪੂਰਾ ਝਾੜ ਲੈਣ ਲਈ ਸ਼ੁਰੂਆਤੀ 4-6 ਹਫ਼ਤੇ ਤੱਕ ਮੱਕੀ ਨੂੰ ਨਦੀਨਾਂ ਤੋਂ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਲਈ ਫ਼ਸਲ ਉੱਗਣ ਤੋਂ ਪਹਿਲਾਂ 800 ਗ੍ਰਾਮ ਐਟਰਾਟਫ 50 ਡਬਲਯੂਪੀ (ਐਟਰਾਜੀਨ) ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਵਿਚ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 10 ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਰਤ ਕੇ ਛਿੜਕਾਅ ਕਰਨ ਨਾਲ ਘਾਹ ਜਾਤੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ (ਮੱਕੀ ਸੈਕਸ਼ਨ), ਪੀਏਯੂ।