For the best experience, open
https://m.punjabitribuneonline.com
on your mobile browser.
Advertisement

ਕੋਟਲਾ ਬ੍ਰਾਂਚ ਵਿੱਚ ਪਾਣੀ ਛੱਡਿਆ; ਅੱਜ ਟੇਲਾਂ ਤੱਕ ਪੁੱਜਣ ਦੀ ਉਮੀਦ

10:34 PM Jun 29, 2023 IST
ਕੋਟਲਾ ਬ੍ਰਾਂਚ ਵਿੱਚ ਪਾਣੀ ਛੱਡਿਆ  ਅੱਜ ਟੇਲਾਂ ਤੱਕ ਪੁੱਜਣ ਦੀ ਉਮੀਦ
Advertisement

ਪੱਤਰ ਪ੍ਰੇਰਕ

Advertisement

ਮਾਨਸਾ, 23 ਜੂਨ

ਮਾਨਸਾ, ਬਰਨਾਲਾ, ਬਠਿੰਡਾ ਅਤੇ ਸੰਗਰੂਰ ਜ਼ਿਲ੍ਹੇ ਦੇ ਰਜਵਾਹਿਆਂ, ਸੂਏ-ਕੱਸੀਆਂ ਨੂੰ ਪਾਣੀ ਸਪਲਾਈ ਕਰਨ ਵਾਲੀ ਕੋਟਲਾ ਬ੍ਰਾਂਚ ਵਿੱਚ ਪਾਣੀ ਆਉਣ ਨਾਲ ਕਿਸਾਨਾਂ ਨੂੰ ਝੋਨੇ ਦੀ ਲੁਆਈ ਵੇਲੇ ਇੱਕ ਵੱਡੀ ਉਮੀਦ ਪੈਦਾ ਹੋ ਗਈ ਹੈ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਲਕੇ ਤੱਕ ਸਾਰੀਆਂ ਟੇਲਾਂ ‘ਤੇ ਪੂਰਾ ਪਾਣੀ ਪੁੱਜਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਨਹਿਰ ਦੀ ਸਫ਼ਾਈ ਲਈ ਬੰਦੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪਾਣੀ ਨੂੰ ਛੱਡ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੋਟਲਾ ਬ੍ਰਾਂਚ ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿਚਲੇ ਰਜਵਾਹਿਆਂ ਅਤੇ ਸੂਏ-ਕੱਸੀਆਂ ਨੂੰ ਪਾਣੀ ਸਪਲਾਈ ਕਰਦੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਖੇਤ ਨਹਿਰਾਂ ਵਿੱਚ ਪਾਣੀ ਨਾ ਹੋਣ ਕਾਰਨ ਪਿਆਸੇ ਹੋ ਗਏ ਸਨ ਅਤੇ ਵਾਟਰ ਵਰਕਸਾਂ ਦੇ ਟੈਂਕ ਵੀ ਛੁੱਟੀ ਕਰ ਰਹੇ ਗਏ ਸਨ, ਜਿਸ ਕਾਰਨ ਕਿਸਾਨ ਜਥੇਬੰਦੀਆਂ ਨਹਿਰੀ ਪਾਣੀ ਛੱਡਣ ਦੀ ਮੰਗ ਕਰਦੀਆਂ ਆ ਰਹੀਆਂ ਸਨ।

ਸਿੰਚਾਈ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਜਗਮੀਤ ਸਿੰਘ ਭਾਖਰ ਨੇ ਦੱਸਿਆ ਕਿ ਇਸ ਇਲਾਕੇ ਦੀਆਂ ਨਹਿਰਾਂ ਅੱਧੇ ਤੋਂ ਜ਼ਿਆਦਾ ਭਰ ਗਈਆਂ ਹਨ, ਜਿੰਨਾਂ ਦੇ ਰਾਤ ਤੱਕ ਪੂਰੇ ਭਰ ਜਾਣ ਦੀ ਉਮੀਦ ਹੈ ਅਤੇ ਸਾਰੀਆਂ ਟੇਲਾਂ ‘ਤੇ ਸ਼ਨਿਚਰਵਾਰ ਦਿਨ ਚੜ੍ਹਦੇ ਤੱਕ ਪਾਣੀ ਪੁੱਜ ਜਾਣ ਦੀ ਉਮੀਦ ਹੈ। ਇਸੇ ਦੌਰਾਨ ਬੀਕੇਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ,ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਨਹਿਰਾਂ ਵਿੱਚ ਪਾਣੀ ਆਉਣ ਨਾਲਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ।

ਝੋਨੇ ਦੀ ਲੁਆਈ ਲਈ ਮਿਥੀ ਤਰੀਕ ‘ਤੇ ਵੀ ਨਾ ਚੱਲਿਆ ਧਨੌਲਾ ਰਜਵਾਹਾ

ਰੂੜੇਕੇ ਕਲਾਂ (ਪੱਤਰ ਪ੍ਰੇਰਕ): ਜ਼ਿਲ੍ਹੇ ਬਰਨਾਲਾ ਦੇ ਧਨੌਲਾ ਰਜਵਾਹੇ ਤੇ ਮਾਈਨਰ ਵਿਚ ਪੂਰਾ ਪਾਣੀ ਨਾ ਆਉਣ ਕਾਰਨ ਇਸ ਖੇਤਰ ਦੇ ਕਿਸਾਨ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਪੰਜਾਬ ਸਰਕਾਰ ਨੇ ਬਰਨਾਲਾ ਜ਼ਿਲ੍ਹੇ ਵਿੱਚ ਝੋਨੇ ਦੀ ਲਵਾਈ ਦੀ ਤਰੀਕ 21 ਜੂਨ ਤੈਅ ਕੀਤੀ ਗਈ ਸੀ ਪਰ ਰਜਵਾਹਿਆਂ ਵਿੱਚ 23 ਜੂਨ ਤੱਕ ਵੀ ਪਾਣੀ ਨਹੀ ਹੈ ਜਿਸ ਨੂੰ ਲੈ ਕੇ ਇਸ ਖੇਤਰ ਦੇ ਕਿਸਾਨਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਕਿਸਾਨ ਗੁਰਦੀਪ ਸਿੰਘ, ਬਹਾਦਰ ਸਿੰਘ ਤੇ ਮੇਜਰ ਸਿੰਘ ਬਾਠ ਨੇ ਕਿਹਾ ਕਿ ਸੱਤਰ ਸਾਲਾਂ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਸ਼ੁਰੂ ਹੋਈ ਨੂੰ ਤਿੰਨ ਦਿਨ ਹੋ ਗਏ ਤੇ ਪਾਣੀ ਹਾਲੇ ਤੱਕ ਧਨੌਲਾ ਰਜਵਾਹੇ ਵਿੱਚ ਨਹੀਂ ਆਇਆ। ਉਧਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਮੱਖਣ ਨੇ ਕਿਹਾ ਕਿ ਜੇਕਰ ਦੋ ਦਿਨਾਂ ਚ ਪੂਰਾ ਪਾਣੀ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨਗੇ। ਜਦੋਂ ਇਸ ਸਬੰਧੀ ਸਿੰਚਾਈ ਵਿਭਾਗ ਸੰਗਰੂਰ ਦੇ ਕਾਰਜਕਾਰੀ ਇੰਜਨੀਅਰ ਸੁਖਜੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਦਾ ਪੱਖ ਜਾਣਨ ਲਈ ਮੈਸਜ ਕੀਤਾ ਤਾਂ ਉਨ੍ਹਾਂ ਮੈਸਜ ਵੀ ਨਹੀਂ ਦੇਖਿਆ।

ਨਹਿਰੀ ਪਾਣੀ ਬੰਦੀ ਲੱਗਣ ਕਾਰਨ ਕਿਸਾਨ ਪ੍ਰੇਸ਼ਾਨ

ਝੁਨੀਰ (ਪੱਤਰ ਪ੍ਰੇਰਕ): ਨਹਿਰੀ ਵਿਭਾਗ ਦੀ ਕੋਟਲਾ ਬ੍ਰਾਂਚ ਨਾਲ ਸਬੰਧਤ ਉੱਡਤ ਟੇਲ ਵਿੱਚ ਬੀਤੇ ਇਕ ਮਹੀਨੇ ਦੇ ਕਰੀਬ ਨਹਿਰੀ ਪਾਣੀ ਦੀ ਸਪਲਾਈ ਵਿੱਚ ਬੰਦੀ ਹੈ ਅਤੇ ਅੱਜ ਖਬਰ ਲਿਖੇ ਜਾਣ ਤੱਕ ਇਸ ਬਰਾਂਚ ਵਿੱਚ ਪਾਣੀ ਨਹੀਂ ਆਇਆ ਸੀ। ਇਸ ਕਾਰਨ ਇਸ ਨਹਿਰੀ ਟੇਲ ਨਾਲ ਜੁੜੇ ਖੇਤਰ ਦੇ ਦੋ ਦਰਜਨ ਪਿੰਡਾਂ ਦੇ ਕਿਸਾਨ ਜਿੱਥੇ ਚਾਰੇ ਸਮੇਤ ਬਾਕੀ ਫ਼ਸਲਾਂ ਤੇ ਆਈ ਪਲੱਤਣ ਕਾਰਨ ਪ੍ਰੇਸ਼ਾਨ ਹਨ ਉੱਥੇ ਇਸ ਟੇਲ ਨਾਲ ਜੁੜੀਆਂ ਜਲ ਸਪਲਾਈ ਸਕੀਮਾਂ ਦੇ ਜਲ ਘਰਾਂ ਵਿਚ ਪਾਣੀ ਸੁੱਕਣ ਕਿਨਾਰੇ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਇਕਾਈ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ, ਜ਼ਿਲ੍ਹਾ ਆਗੂ ਲੀਲਾ ਸਿੰਘ ਭੰਮਾ ਅਤੇ ਦਲੇਲ ਸਿੰਘ ਮੀਆਂ ਨੇ ਕਿਹਾ ਕਿ ਪਿੰਡ ਝੇਰਿਆਂਵਾਲੀ, ਮੀਆਂ, ਬਾਜੇਵਾਲਾ, ਬੀਰੇਵਾਲਾ ਜੱਟਾਂ ਅਤੇ ਹੋਰ ਨਜ਼ਦੀਕੀ ਪਿੰਡਾਂ ਦੇ ਕਿਸਾਨ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਾਰਨ ਆਪਣੀ ਖੇਤੀ ਦੀ ਕਾਸ਼ਤ ਅਤੇ ਪੀਣ ਵਾਲੇ ਪਾਣੀ ਲਈ ਨਹਿਰੀ ਪਾਣੀ ਤੇ ਹੀ ਨਿਰਭਰ ਕਰਦੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਹਿਰੀ ਵਿਭਾਗ ਤੋਂ ਤਰੰਤ ਕੋਟਲਾ ਬ੍ਰਾਂਚ ਨਾਲ ਸਬੰਧਤ ਉੱਡਤ ਬਰਾਂਚ ਨੂੰ ਨਹਿਰੀ ਪਾਣੀ ਸਪਲਾਈ ਕੀਤਾ ਜਾਵੇ।

Advertisement
Tags :
Advertisement
Advertisement
×