ਹਰਿਆਣਾ ਤੋਂ ਮਿਲਿਆ ਪਾਣੀ ਮਨੁੱਖੀ ਸਿਹਤ ਲਈ ‘ਬੇਹੱਦ ਜ਼ਹਿਰੀਲਾ: ਕੇਜਰੀਵਾਲ
ਨਵੀਂ ਦਿੱਲੀ, 29 ਜਨਵਰੀ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ‘ਯਮੁਨਾ ਦੇ ਪਾਣੀ ਵਿਚ ਹਰਿਆਣਾ ਸਰਕਾਰ ਵੱਲੋਂ ਜ਼ਹਿਰ ਘੋਲਣ’ ਬਾਰੇ ਆਪਣੀ ਟਿੱਪਣੀ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਨੋਟਿਸ ਦੇ ਜਵਾਬ ਵਿਚ ਕਿਹਾ ਕਿ ਹਾਲ ਹੀ ਵਿਚ ਹਰਿਆਣਾ ਵੱਲੋਂ ਮਿਲਿਆ ਪਾਣੀ ਮਨੁੱਖੀ ਸਿਹਤ ਲਈ ਬਹੁਤ ਜ਼ਿਆਦਾ ਦੂਸ਼ਿਤ ਤੇ ਬੇਹੱਦ ਜ਼ਹਿਰੀਲਾ ਸੀ। ਕੇਜਰੀਵਾਲ ਨੇ ਆਪਣੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੀ ਇਹ ਟਿੱਪਣੀ ਦਿੱਲੀ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਕਰਕੇ ਲੋਕਾਂ ਦੀ ਸਿਹਤ ਨੂੰ ਦਰਪੇਸ਼ ਸੰਕਟ ਦੇ ਸੰਦਰਭ ਵਿਚ ਸੀ। ਚੋਣ ਕਮਿਸ਼ਨ ਨੂੰ ਦਿੱਤੇ 14 ਸਫ਼ਿਆਂ ਦੇ ਆਪਣੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸ਼ਾਸਿਤ ਰਾਜ ਤੋਂ ਆਉਂਦੇ ਪਾਣੀ ਦੇ ‘ਬਹੁਤ ਦੂਸ਼ਿਤ ਹੋਣ ਤੇ ਇਸ ਦੇ ਬੇਹੱਦ ਜ਼ਹਿਰੀਲੇ’ ਹੋਣ ਬਾਰੇ ਜਾਣਕਾਰੀ ਦੇਣਾ ਉਨ੍ਹਾਂ ਦਾ ਜਨਤਕ ਫ਼ਰਜ਼ ਹੈ। ਭਾਜਪਾ ਵੱਲੋਂ ਦਾਇਰ ਸ਼ਿਕਾਇਤ ਮਗਰੋਂ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਬੁੱਧਵਾਰ ਰਾਤ 8 ਵਜੇ ਤੱਕ ਆਪਣਾ ਪੱਖ ਰੱਖਣ ਲਈ ਕਿਹਾ ਸੀ। ਕੇਜਰੀਵਾਲ ਨੇ ਕਿਹਾ ਕਿ ਅਣਸੋਧੇ ਪਾਣੀ ਵਿਚ ਅਮੋਨੀਆ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਦਿੱਲੀ ਦੇ ਵਾਟਰ ਟਰੀਟਮੈਂਟ ਪਲਾਂਟ ਇਸ ਨੂੰ ਮਨੁੱਖਾਂ ਦੇ ਪੀਣਯੋਗ ਬਣਾਉਣ ਵਿਚ ਨਾਕਾਮ ਹਨ। -ਪੀਟੀਆਈ