ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲ ਪ੍ਰਾਜੈਕਟ ਚੰਡੀਗੜ੍ਹ ਦੀ ਤਰੱਕੀ ਲਈ ਮੀਲ ਪੱਥਰ ਸਾਬਿਤ ਹੋਵੇਗਾ: ਅਮਿਤ ਸ਼ਾਹ

06:39 AM Aug 05, 2024 IST
ਜਲ ਪ੍ਰਾਜੈਕਟ ਦਾ ਨਮੂਨਾ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਨਿਤਿਨ ਮਿੱਤਲ

ਮੁਕੇਸ਼ ਕੁਮਾਰ
ਚੰਡੀਗੜ੍ਹ, 4 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ 24 ਘੰਟੇ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਚੰਡੀਗੜ੍ਹ ਦੇ ਮੂਲ ਯੋਜਨਾਬੱਧ ਸ਼ਹਿਰ ਦੇ ਰੂਪ ਨੂੰ ਕਾਇਮ ਰੱਖਣ ਲਈ ਸ਼ਲਾਘਾ ਕੀਤੀ ਅਤੇ ਵਸਨੀਕਾਂ ਨੂੰ ਦਰਪੇਸ਼ ਜਲ ਸਪਲਾਈ ਚੁਣੌਤੀਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਦੱਸਿਆ ਕਿ ਲਗਪਗ 75 ਕਰੋੜ ਰੁਪਏ ਦੇ ਖਰਚ ਨਾਲ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਨਾਲ ਇਲਾਕੇ ਵਿੱਚ ਚੌਥੀ ਮੰਜ਼ਿਲ ਤੱਕ ਵੀ ਪੂਰੇ ਦਬਾਅ ਨਾਲ ਪਾਣੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੇ ਟਿਕਾਊ ਜਲ ਪ੍ਰਬੰਧਨ ਅਤੇ ਇੱਥੋਂ ਦੇ ਵਸਨੀਕਾਂ ਨੂੰ ਕੁਸ਼ਲ ਸੇਵਾ ਪ੍ਰਦਾਨ ਕਰਨ ਵੱਲ ਚੰਡੀਗੜ੍ਹ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਨਿਊ ਸਕੱਤਰੇਤ ਪੁੱਜੇ, ਜਿੱਥੇ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਲਾਈਵ ਡੈਮੋ ਦੇ ਕੇ ਤਿੰਨ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਤਿੰਨ ਕਾਨੂੰਨਾਂ ’ਤੇ ਬਣੀ ਮੋਬਾਈਲ ਐਪ ਨੂੰ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੰਡੀਗੜ੍ਹ ਨੇ ਤਿੰਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਸਭ ਤੋਂ ਤੇਜ਼ੀ ਨਾਲ ਕੰਮ ਕੀਤਾ ਹੈ। ਜਿਸ ਦਿਨ ਚੰਡੀਗੜ੍ਹ ਦੇ ਸਾਰੇ ਥਾਣਿਆਂ ਵਿਚ ਤਿੰਨਾਂ ਕਾਨੂੰਨਾਂ ਤਹਿਤ 100 ਫੀਸਦੀ ਕੰਮ ਹੋ ਜਾਵੇਗਾ, ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਚੰਡੀਗੜ੍ਹ ਆ ਕੇ ਉਨ੍ਹਾਂ ਨੂੰ ਵਧਾਈ ਦੇਣਗੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਮਨੀਮਾਜਰਾ ਦੇ ਵਸਨੀਕਾਂ ਨੂੰ ਇਸ ਪ੍ਰਾਜੈਕਟ ਦਾ ਬਹੁਤ ਫਾਇਦਾ ਹੋਵੇਗਾ ਕਿਉਂਕਿ ਨਿਰੰਤਰ ਸਪਲਾਈ ਪ੍ਰਣਾਲੀ ਬਿਹਤਰ ਪਾਣੀ ਦੀ ਗੁਣਵੱਤਾ ਪ੍ਰਦਾਨ ਕਰੇਗੀ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੀ ਸੀਈਓ ਅਨਿੰਦਿਤਾ ਮਿੱਤਰਾ ਨੇ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ, ਸਪੈਸ਼ਲ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਤਪਨ ਕੁਮਾਰ, ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ, ਇਲਾਕਾ ਕੌਂਸਲਰ ਸਰਬਜੀਤ ਕੌਰ ਅਤੇ ਹੋਰ ਕੌਂਸਲਰ, ਸੀਨੀਅਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ। ਇਸ ਦੌਰਾਨ ਚੰਡੀਗੜ੍ਹ ਵਿੱਚ ਕਈ ਥਾਵਾਂ ’ਤੇ ਵਾਹਨਾਂ ਦੀ ਆਵਾਜਾਈ ’ਤੇ ਟ੍ਰੈਫਿਕ ਪੁਲੀਸ ਵੱਲੋਂ ਪਾਬੰਦੀ ਲਾਈ ਗਈ, ਜਿਸ ਕਾਰਨ ਕਈ ਥਾਈਂ ਜਾਮ ਵਰਗੀ ਸਥਿਤੀ ਦੇਖੀ ਗਈ।
ਉਧਰ ਚੰਡੀਗੜ੍ਹ ਕਾਂਗਰਸ ਨੇ ਮਨੀਮਾਜਰਾ ਵਿੱਚ ਨਿਰਵਿਘਨ ਜਲ ਸਪਲਾਈ ਲਾਗੂ ਕਰਨ ਦਾ ਸਵਾਗਤ ਕੀਤਾ ਹੈ ਪਰ ਇਸ ਪ੍ਰਾਜੈਕਟ ਲਈ ਫੰਡ ਇਕੱਠਾ ਕਰਨ ਅਤੇ ਭਾਰੀ ਵਿਦੇਸ਼ੀ ਕਰਜ਼ ਚੁੱਕਣ ਦੇ ਤਰੀਕੇ ’ਤੇ ਇਤਰਾਜ਼ ਜਤਾਇਆ ਹੈ। ਚੰਡੀਗੜ੍ਹ ਕਾਂਗਰਸ ਦੇ ਅਧਿਕਾਰਤ ਬੁਲਾਰੇ ਰਾਜੀਵ ਸ਼ਰਮਾ ਨੇ ਅੱਜ ਪਾਰਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਜੇ ਇਹ ਪ੍ਰਾਜੈਕਟ ਨਗਰ ਨਿਗਮ ਦੇ ਆਪਣੇ ਵਸੀਲਿਆਂ ਵਿੱਚੋਂ ਤਿਆਰ ਕੀਤਾ ਜਾਂਦਾ ਤਾਂ ਇਹ ਸ਼ਹਿਰ ਅਤੇ ਇਸ ਦੇ ਵਸਨੀਕਾਂ ਦੇ ਹਿੱਤ ਵਿੱਚ ਹੁੰਦਾ।
ਦੱਸਣਯੋਗ ਹੈ ਕਿ ਲਗਪਗ 75 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪ੍ਰਾਜੈਕਟ ਨਾਲ ਮਨੀਮਾਜਰਾ ਦੇ ਇੱਕ ਲੱਖ ਤੋਂ ਵੱਧ ਵਸਨੀਕਾਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਵਿੱਚ ਮਾਡਰਨ ਹਾਊਸਿੰਗ ਕੰਪਲੈਕਸ, ਸ਼ਿਵਾਲਿਕ ਐਨਕਲੇਵ, ਇੰਦਰਾ ਕਲੋਨੀ ਅਤੇ ਸ਼ਾਸਤਰੀ ਨਗਰ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ। ਇਸ ਪ੍ਰਾਜੈਕਟ ਲਈ ਇਲਾਕੇ ਵਿੱਚ ਕੁੱਲ 22 ਕਿਲੋਮੀਟਰ ਲੰਬੀ ਜਲ ਸਪਲਾਈ ਪਾਈਪਲਾਈਨ ਵਿਛਾਈ ਗਈ ਹੈ ਅਤੇ ਦੋ ਭੂਮੀਗਤ ਜਲ ਭੰਡਾਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਹਰੇਕ ਦੀ ਸਮਰੱਥਾ 20 ਲੱਖ ਗੈਲਨ ਪ੍ਰਤੀ ਦਿਨ ਹੈ।

Advertisement

ਯੂਥ ਕਾਂਗਰਸ ਦੇ ਆਗੂਆਂ ਨੂੰ ਘਰਾਂ ’ਚ ਕੀਤਾ ਨਜ਼ਰਬੰਦ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਨੂੰ ਲੈ ਕੇ ਪੁਲੀਸ ਨੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਘਰ ਵਿੱਚ ਨਜ਼ਰਬੰਦ ਗੁਰਮੇਲ ਕੇਸਰੀ ਨੇ ਦੱਸਿਆ ਕਿ ਜਦੋਂ ਉਹ ਸੌ ਰਿਹਾ ਸੀ ਤਾਂ ਸਵੇਰੇ 6.30 ਵਜੇ ਪੁਲੀਸ ਨੇ ਉਸ ਦੇ ਘਰ ਦੀ ਘੰਟੀ ਵਜਾਈ। ਪੁਲੀਸ ਨੇ ਉਸ ਨੂੰ ਆਪਣੇ ਘਰ ਵਿੱਚ ਹੀ ਰਹਿਣ ਲਈ ਕਿਹਾ। ਹਰਮੇਲ ਕੇਸਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਦੀ ਫੇਰੀ ਦੌਰਾਨ ਉਨ੍ਹਾਂ ਦੇ ਕਈ ਹੋਰ ਸਾਥੀਆਂ ਨੂੰ ਵੀ ਨਜ਼ਰਬੰਦ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦੀ ਆਮਦ ਨੂੰ ਲੈ ਕੇ ਪੁਲੀਸ ਨੂੰ ਪਤਾ ਨਹੀਂ ਉਨ੍ਹਾਂ ਤੋਂ ਕੀ ਡਰ ਸੀ।

ਸਮਾਗਮ ’ਚ ਲੋਕਾਂ ਨੂੰ ਨਹੀਂ ਮਿਲਿਆ ਪੀਣ ਨੂੰ ਪਾਣੀ

ਉਦਘਾਟਨੀ ਸਮਾਗਮ ਵਿੱਚ ਪੁੱਜੇ ਲੋਕਾਂ, ਪੱਤਰਕਾਰਾਂ, ਕੌਂਸਲਰਾਂ ਅਤੇ ਪੁਲੀਸ ਮੁਲਾਜ਼ਮਾਂ ਨੂੰ ਉੱਥੇ ਪਾਣੀ ਦੀ ਇੱਕ-ਇੱਕ ਬੂੰਦ ਲਈ ਤਰਸਣਾ ਪਿਆ। ਇਸ ਦਾ ਕਾਰਨ ਗ੍ਰਹਿ ਮੰਤਰੀ ਦੀ ਸੁਰੱਖਿਆ ਨੂੰ ਦੱਸਿਆ ਗਿਆ ਹੈ, ਜਿਸ ਕਾਰਨ ਪੰਡਾਲ ਦੇ ਅੰਦਰ ਪਾਣੀ ਦੀ ਇੱਕ ਬੋਤਲ ਵੀ ਜਾਣ ਨਹੀਂ ਦਿੱਤੀ ਗਈ ਅਤੇ ਨਾ ਹੀ ਪੰਡਾਲ ਦੇ ਅੰਦਰ ਪਾਣੀ ਪਿਲਾਇਆ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਖਣ ਅਤੇ ਸੁਣਨ ਲਈ ਲੋਕ ਸਵੇਰੇ 9 ਵਜੇ ਤੋਂ ਹੀ ਉੱਥੇ ਪਹੁੰਚ ਗਏ ਸਨ, ਜਦੋਂਂਕਿ ਸ਼ਾਹ ਦੇ ਆਉਣ ਦਾ ਸਮਾਂ ਦੁਪਹਿਰ 12.30 ਵਜੇ ਦਾ ਸੀ। ਤਿੱਖੜ ਗਰਮੀ ਕਾਰਨ ਲੋਕ ਪੰਡਾਲ ਵਿੱਚ ਪਾਣੀ ਨੂੰ ਤਰਸਦੇ ਰਹੇ।

Advertisement

Advertisement
Advertisement