ਭਾਜਪਾ ਦਫ਼ਤਰ ਘੇਰਨ ਜਾਂਦੇ ‘ਆਪ’ ਵਰਕਰਾਂ ’ਤੇ ਪਾਣੀ ਦੀਆਂ ਬੁਛਾੜਾਂ
* ਅੱਧਾ ਦਰਜਨ ਮੰਤਰੀ ਹਿਰਾਸਤ ਵਿੱਚ ਲਏ
ਆਤਿਸ਼ ਗੁਪਤਾ
ਚੰਡੀਗੜ੍ਹ, 30 ਅਕਤੂਬਰ
ਚੰਡੀਗੜ੍ਹ ਪੁਲੀਸ ਨੇ ਪੰਜਾਬ ਵਿੱਚੋਂ ਪੁਰਾਣੇ ਅਨਾਜ ਦੀ ਧੀਮੀ ਲਿਫਟਿੰਗ ਕਾਰਨ ਝੋਨੇ ਦੀ ਖ਼ਰੀਦ ’ਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਵਿੱਚ ਭਾਜਪਾ ਦੇ ਸੈਕਟਰ-36 ਸਥਿਤ ਦਫ਼ਤਰ ਦਾ ਘਿਰਾਓ ਕਰਨ ਪੁੱਜੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਤੇ ਵਜ਼ੀਰਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪੁਲੀਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈ ਖਿੱਚ-ਧੂਹ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਪੱਗ ਲੱਥ ਗਈ। ਪੁਲੀਸ ਨੇ ਲਗਪਗ ਅੱਧੀ ਦਰਜਨ ਮੰਤਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
‘ਆਪ’ ਆਗੂ ਤੇ ਵਰਕਰ ਇਕੱਤਰ ਹੋਣ ਮਗਰੋਂ ਮਾਰਚ ਕਰਦੇ ਹੋਏ ਜਦੋਂ ਭਾਜਪਾ ਦਫ਼ਤਰ ਵੱਲ ਵਧੇ ਤਾਂ ਚੰਡੀਗੜ੍ਹ ਪੁਲੀਸ ਨੇ ਵੱਡੀਆਂ ਰੋਕਾਂ ਲਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਜਿਸ ਵਿੱਚ ਕਈ ਜ਼ਖ਼ਮੀ ਹੋ ਗਏ।
ਇਸ ਮੌਕੇ ‘ਆਪ’ ਆਗੂਆਂ ਨੇ ਕੇਂਦਰ ਸਰਕਾਰ, ਭਾਜਪਾ ਤੇ ਚੰਡੀਗੜ੍ਹ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ ਤੋਂ ਦਿੱਲੀ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵਾਂਗ ਪੰਜਾਬ ਨਾਲ ਧੱਕੇਸ਼ਾਹੀ ’ਤੇ ਉਤਰ ਆਇਆ ਹੈ। ਪ੍ਰਦਰਸ਼ਨ ਦੌਰਾਨ ‘ਆਪ’ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈਟੀਓ, ਤਰੁਣ ਪ੍ਰੀਤ ਸਿੰਘ ਸੌਂਧ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾ. ਰਵਜੋਤ ਸਿੰਘ, ਹਰਦੀਪ ਸਿੰਘ ਮੁੰਡੀਆਂ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਰਣਬੀਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸੁੱਖੀ, ਨਰਿੰਦਰ ਕੌਰ ਭਰਾਜ, ਦਿਨੇਸ਼ ਚੱਢਾ, ਚਰਨਜੀਤ ਸਿੰਘ ਚੰਨੀ, ਇੰਦਰਬੀਰ ਸਿੰਘ ਨਿੱਝਰ, ਬਲਕਾਰ ਸਿੰਘ, ਰੁਪਿੰਦਰ ਸਿੰਘ ਹੈਪੀ, ਜ਼ਮੀਲ-ਉਰ-ਰਹਿਮਾਨ, ਸੰਤੋਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ‘ਆਪ’ ਆਗੂ ਪਵਨ ਟੀਨੂ, ਸੰਨੀ ਆਹਲੂਵਾਲੀਆ, ਪਰਮਿੰਦਰ ਗੋਲਡੀ, ਪ੍ਰਭਜੋਤ ਕੌਰ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਹਰ ਸਾਲ ਅਕਤੂਬਰ ਮਹੀਨੇ ਝੋਨਾ ਮੰਡੀਆਂ ਵਿੱਚ ਆ ਜਾਂਦਾ ਹੈ ਪਰ ਇਸ ਵਾਰ ਕੇਂਦਰ ਸਰਕਾਰ ਨੇ ਜਾਣ-ਬੁੱਝ ਕੇ ਲਿਫਟਿੰਗ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀਆਂ ਗ਼ਲਤੀਆਂ ਛੁਪਾਉਣ ਲਈ ਝੂਠੀਆਂ ਅਫਵਾਹਾਂ ਫੈਲਾ ਰਹੀ ਹੈ ਜਦੋਂਕਿ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕੇਂਦਰ ਸਰਕਾਰ ਤੇ ਐੱਫਸੀਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਐੱਫਸੀਆਈ ਨੂੰ ਪੁਰਾਣੇ ਗੁਦਾਮ ਖ਼ਾਲੀ ਕਰਨ ਸਬੰਧੀ ਲਗਾਤਾਰ ਪੱਤਰ ਲਿਖ ਰਹੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ।
ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ: ਬੈਂਸ
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਧੱਕਾ ਕੀਤਾ ਹੈ। ਇਹ ਬਹੁਤ ਹੀ ਮੰਦਭਾਗਾ ਹੈ ਕਿ ਅੱਜ ਦੇਸ਼ ਭਰ ਵਿੱਚ ਲੋਕ ਦੀਵਾਲੀ ਮਨਾ ਰਹੇ ਹਨ ਪਰ ਪੰਜਾਬ ਦੇ ਕਿਸਾਨ ਮੰਡੀਆਂ ਵਿੱਚ ਪ੍ਰੇਸ਼ਾਨ ਹੋ ਰਹੇ ਹਨ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਹਰ ਸਾਲ ਜਾਣ-ਬੁੱਝ ਕੇ ਅੜਿੱਕੇ ਖੜ੍ਹੇ ਕਰਦੀ ਹੈ। ਤਰੁਣ ਪ੍ਰੀਤ ਸਿੰਘ ਸੌਂਧ ਨੇ ਚੰਡੀਗੜ੍ਹ ਪੁਲੀਸ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਸਵਾਲ ਕੀਤਾ ਕਿ ਇਹ ਭਾਜਪਾ ਦਾ ਸ਼ਰੇਆਮ ਧੱਕਾ ਹੈ।