ਪੁਲਾਂ ਹੇਠੋਂ ਲੰਘਿਆ ਪਾਣੀ
ਗੋਵਰਧਨ ਗੱਬੀ
ਆਜ਼ਾਦੀ ਤੇ ਬਟਵਾਰੇ ਵਿੱਚ ਲੱਖਾਂ ਲੋਕ ਮਾਰੇ, ਲੁੱਟੇ, ਬੇਘਰੇ ਤੇ ਬੇਪੱਤੇ ਹੋ ਗਏ ਸਨ। ਲੋਕਾਈ ਨੇ ਬਹੁਤ ਹੀ ਡਰਾਵਣਾ ਤੇ ਕਰੂਰ ਮਖੌਟਾ ਪਹਿਨ ਲਿਆ ਸੀ। ਸਦੀਆਂ ਪੁਰਾਣੀਆਂ ਸਾਂਝਾਂ ਛਿਣਾਂ ਵਿੱਚ ਹੀ ਲੀਰੋ ਲੀਰ ਹੋ ਗਈਆਂ ਸਨ। ਭਰਾ, ਭਰਾ ਦਾ ਦੁਸ਼ਮਣ ਹੋ ਗਿਆ ਸੀ। ਇੱਕ ਦੂਜੇ ਦੇ ਖ਼ੂਨ ਦਾ ਪਿਆਸਾ। ਦੋਸਤੀਆਂ, ਦੁਸ਼ਮਣੀਆਂ ਵਿੱਚ ਬਦਲਦਿਆਂ ਦੇਰ ਨਾ ਲੱਗੀ। ਇੰਝ ਲਗਦਾ ਸੀ ਜਿਵੇਂ ਕੁਝ ਸਮੇਂ ਲਈ ਰੱਬ ਵੀ ਕਿਤੇ ਜਾ ਕੇ ਲੁਕ ਗਿਆ ਹੋਵੇ ਜਾਂ ਫਿਰ ਉਹ ਮਨੁੱਖਤਾ ਦੀ ਕਰੂਰਤਾ ਦਾ ਨੰਗਾ ਨਾਚ ਖ਼ੁਦ ਨਾ ਦੇਖਣਾ ਚਾਹੁੰਦਾ ਹੋਵੇ, ਪਰ ਜਿਸ ਨਾਚ ਨੇ ਹੋਣਾ ਸੀ ਉਹ ਹੋ ਕੇ ਰਿਹਾ।
ਇੰਝ ਜਾਪਦਾ ਸੀ ਜਿੱਦਾਂ ਕੁੱਲ ਲੋਕਾਈ ਇਧਰੋਂ ਉਧਰ ਤੇ ਉਧਰੋਂ ਇਧਰ ਆ ਰਹੀ ਹੋਵੇ। ਆਪਸ ਵਿੱਚ ਲੜ ਮਰ ਰਹੀ ਹੋਵੇ। ਇੱਕ ਦੂਜੇ ਦੇ ਖ਼ੂਨ ਦੀ ਪਿਆਸੀ ਹੋਵੇ।
... ... ...
ਧਰਤੀ ਦੀ ਹਿੱਕ ’ਤੇ ਲਕੀਰਾਂ ਪੱਕੇ ਤੌਰ ’ਤੇ ਵਾਹ ਦਿੱਤੀਆਂ ਗਈਆਂ। ਵੰਡ ਦੀ ਲਕੀਰ ਦਾ ਸਭ ਤੋਂ ਜ਼ਿਆਦਾ ਹਿੱਸਾ ਮੰਦਭਾਗੇ ਪੰਜਾਬ ਦੇ ਹਿੱਸੇ ਹੀ ਆਇਆ। ਵੰਡ ਦੀ ਛੁਰੀ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਇੰਨਾ ਜ਼ਿਆਦਾ ਲਹੂ ਲੁਹਾਣ ਕਰ ਗਈ ਕਿ ਇਸ ਦੇ ਜ਼ਖ਼ਮਾਂ ਨੂੰ ਭਰਨ ਲਈ ਕਈ ਸਦੀਆਂ ਵੀ ਸ਼ਾਇਦ ਘੱਟ ਹੋਣਗੀਆਂ।
ਅਖੀਰ 15 ਅਗਸਤ 1947 ਨੂੰ ਹਿੰਦੋਸਤਾਨ ਆਜ਼ਾਦ ਤਾਂ ਹੋ ਗਿਆ, ਪਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਸਾਡੇ ਨੇਤਾ ਹਾਰ ਗਏ ਸਨ ਤੇ ਅੰਗਰੇਜ਼ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ।
ਦੇਸ਼ ਦੇ ਲੋਕ ਖ਼ੁਸ਼ ਵੀ ਸਨ ਤੇ ਉਦਾਸ ਵੀ। ਖ਼ੁਸ਼ੀ ਤੇ ਗ਼ਮੀ ਦਾ ਅਜੀਬ ਕਿਸਮ ਦਾ ਸੁਮੇਲ ਸੀ। ਖ਼ੁਸ਼ੀ ਆਜ਼ਾਦੀ ਮਿਲਣ ਦੀ ਅਤੇ ਗ਼ਮ ਇੱਕ ਮੁਲਕ ਦੇ ਦੋ ਟੁਕੜੇ ਹੋਣ ਦਾ ਸੀ। ਦੋ ਮੁਲਕ ਬਣ ਗਏ ਸਨ। ਇਹ ਉਵੇਂ ਹੀ ਮਹਿਸੂਸ ਹੁੰਦਾ ਹੈ ਜਿਵੇਂ ਇੱਕ ਦਿਨ ਤੁਹਾਡਾ ਪਿਉ ਸਵਰਗ ਸਿਧਾਰ ਗਿਆ ਹੋਵੇ ਤੇ ਉਸੇ ਦਿਨ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਹੋਵੇ।
ਇੱਕ ਨਵੇਂ ਮੁਲਕ ਪਾਕਿਸਤਾਨ ਦਾ ਜਨਮ ਹੋ ਗਿਆ ਸੀ।
ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਸਨ ਤੇ ਦੂਜੇ ਪਾਸੇ ਕਤਲੋਗਾਰਤ ਸ਼ੁਰੂ ਹੋ ਚੁੱਕੀ ਸੀ।
ਆਜ਼ਾਦੀ ਤੇ ਬਟਵਾਰੇ ਵਿੱਚ ਲੱਖਾਂ ਲੋਕ ਮਾਰੇ, ਲੁੱਟੇ, ਬੇਘਰੇ ਤੇ ਬੇਪੱਤੇ ਹੋ ਗਏ ਸਨ। ਲੋਕਾਈ ਨੇ ਬਹੁਤ ਹੀ ਡਰਾਵਣਾ ਤੇ ਕਰੂਰ ਮਖੌਟਾ ਪਹਿਨ ਲਿਆ ਸੀ। ਸਦੀਆਂ ਪੁਰਾਣੀਆਂ ਸਾਂਝਾਂ ਛਿਣਾਂ ਵਿੱਚ ਹੀ ਲੀਰੋ ਲੀਰ ਹੋ ਗਈਆਂ ਸਨ। ਭਰਾ, ਭਰਾ ਦਾ ਦੁਸ਼ਮਣ ਹੋ ਗਿਆ ਸੀ। ਇੱਕ ਦੂਜੇ ਦੇ ਖ਼ੂਨ ਦਾ ਪਿਆਸਾ। ਦੋਸਤੀਆਂ, ਦੁਸ਼ਮਣੀਆਂ ਵਿੱਚ ਬਦਲਦਿਆਂ ਦੇਰ ਨਾ ਲੱਗੀ। ਇੰਝ ਲਗਦਾ ਸੀ ਜਿਵੇਂ ਕੁਝ ਸਮੇਂ ਲਈ ਰੱਬ ਵੀ ਕਿਤੇ ਜਾ ਕੇ ਲੁਕ ਗਿਆ ਹੋਵੇ ਜਾਂ ਫਿਰ ਉਹ ਮਨੁੱਖਤਾ ਦੀ ਕਰੂਰਤਾ ਦਾ ਨੰਗਾ ਨਾਚ ਖ਼ੁਦ ਨਾ ਦੇਖਣਾ ਚਾਹੁੰਦਾ ਹੋਵੇ, ਪਰ ਜਿਸ ਨਾਚ ਨੇ ਹੋਣਾ ਸੀ ਉਹ ਹੋ ਕੇ ਰਿਹਾ। ਖ਼ੂਨ ਦੀਆਂ ਜੋ ਨਦੀਆਂ ਵਹਿਣੀਆਂ ਸਨ, ਵਹਿ ਕੇ ਰਹੀਆਂ। ਜੋ ਨਫ਼ਰਤਾਂ ਫੈਲਣੀਆਂ ਸਨ, ਫੈਲ ਕੇ ਰਹੀਆਂ। ਜੋ ਦੂਰੀਆਂ, ਜੋ ਪਾੜੇ, ਲੋਕਾਂ ਦੇ ਮਨਾਂ ਅੰਦਰ ਪੈਣੇ ਸਨ, ਪੈ ਕੇ ਰਹੇ।
ਅਜਿਹਾ ਜ਼ਖ਼ਮ ਜੋ ਕਦੇ ਵੀ ਭਰਿਆ ਨਹੀਂ ਜਾਣਾ ਸੀ। ਜਿਸ ਨੇ ਹਮੇਸ਼ਾ ਰਿਸਦੇ ਰਹਿਣਾ ਸੀ। ਜੋ ਅਜੇ ਵੀ ਰਿਸ ਰਿਹਾ ਹੈ ਤੇ ਰਹਿੰਦੀ ਦੁਨੀਆ ਤੱਕ ਰਿਸਦਾ ਰਹੇਗਾ।
ਇੰਝ ਜਾਪਦਾ ਸੀ ਜਿੱਦਾਂ ਕੁੱਲ ਲੋਕਾਈ ਇਧਰੋਂ ਉਧਰ ਤੇ ਉਧਰੋਂ ਇਧਰ ਆ ਰਹੀ ਹੋਵੇ। ਆਪਸ ਵਿੱਚ ਲੜ ਮਰ ਰਹੀ ਹੋਵੇ। ਇੱਕ ਦੂਜੇ ਦੇ ਖ਼ੂਨ ਦੀ ਪਿਆਸੀ ਹੋਵੇ। ਅਸਲ ਵਿੱਚ ਕੁਝ ਪਿਆਸਾਂ ਤਾਂ ਪਾਣੀ ਨਾਲ ਬੁਝ ਜਾਂਦੀਆਂ ਹਨ ਤੇ ਕੁਝ ਖ਼ੂਨ ਪੀਣ ਨਾਲ ਵੀ ਨਹੀਂ ਬੁਝਦੀਆਂ।
ਇਸ ਸਭ ਦੀ ਕਨਸੋਆਂ ਦੇ ਬਾਵਜੂਦ ਸਾਡਾ ਪਰਿਵਾਰ ਇਹ ਸਭ ਕੁਝ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਉਨ੍ਹਾਂ ਨੂੰ ਆਪਣੇ ਪੁਰਖਿਆਂ ਦਾ ਪਿੰਡ ਛੱਡਣਾ ਪਵੇਗਾ, ਪੁਸ਼ਤਾਂ ਪੁਰਾਣੀ ਜਨਮ ਭੋਇੰ ਦਾ ਤਿਆਗ ਕਰਨਾ ਪਵੇਗਾ।
“ਜਿੱਦਾਂ ਪਹਿਲਾਂ ਰੌਲਾ ਰੱਪਾ ਪੈਂਦਾ ਹੁੰਦਾ ਸੀ ਓਦਾਂ ਇਸ ਵਾਰ ਵੀ ਪੈ ਕੇ ਹਟ ਜਾਵੇਗਾ... ਸਾਨੂੰ ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ... ਬਹੁਤਾ ਧਿਆਨ ਨਾ ਦਿਆ ਕਰੋ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਉਪਰ... ਬਿਨਾਂ ਸਿਰ ਪੈਰ ਦੀਆਂ ਗੱਲਾਂ ਉਪਰ... ਆਪੋ ਆਪਣੇ ਕੰਮ ਕਰਿਆ ਕਰੋ ਦਿਲ ਲਗਾ ਕੇ... ਇਸ ਤਰ੍ਹਾਂ ਦੀਆਂ ਬੇਕਾਰ ਦੀਆਂ ਗੱਲਾਂ ਉਪਰ ਆਪਣਾ ਸਮਾਂ ਜ਼ਾਇਆ ਨਾ ਕਰਿਆ ਕਰੋ...।” ਚਾਚਾ ਜੀ ਇਹ ਤਰਕ ਅਕਸਰ ਉਨ੍ਹਾਂ ਲੋਕਾਂ ਨੂੰ ਦਿੰਦੇ ਸਨ ਜਿਹੜੇ ਉਨ੍ਹਾਂ ਨੂੰ ਹਿੰਦੋਸਤਾਨ ਜਾਣ ਦੀਆਂ ਸਲਾਹਾਂ ਦਿੰਦੇ ਸਨ। ਇਹ ਤਰਕ ਤੇ ਸੋਚ ਉਨ੍ਹਾਂ ਦੀ ਅਨਪੜ੍ਹਤਾ ਤੇ ਸਿਆਸੀ ਗਿਆਨ ਦੀ ਘਾਟ ਕਾਰਨ ਵੀ ਹੋ ਸਕਦਾ ਹੈ ਜਾਂ ਫਿਰ ਆਪਣੀ ਜਨਮ ਭੋਇੰ ਨਾਲ ਮੋਹ ਕਾਰਨ ਵੀ ਜਿਹੜਾ ਉਨ੍ਹਾਂ ਨੂੰ ਹਕੀਕਤ ਮੰਨਣ ਤੋਂ ਇਨਕਾਰੀ ਕਰਦਾ ਸੀ ਪਰ ਹਕੀਕਤ ਤਾਂ ਹਮੇਸ਼ਾ ਹਕੀਕਤ ਹੀ ਰਹਿੰਦੀ ਹੈ। ਜੇ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰਕੇ ਸੋਚੇ ਕਿ ਬਿੱਲੀ ਚਲੀ ਗਈ ਹੈ ਤਾਂ ਇਹ ਕਬੂਤਰ ਦੀ ਬੇਵਕੂਫ਼ੀ ਹੀ ਹੋਵੇਗੀ। ਇਹੀ ਕੁਝ ਸਾਡਾ ਟੱਬਰ ਕਰਦਾ ਪਿਆ ਸੀ।
ਜੋ ਹੋਣਾ ਸੀ ਉਹ ਹੋ ਗਿਆ। ਦੇਸ਼ ਦੇ ਸਿਆਸੀ ਨੇਤਾ ਤੇ ਆਮ ਲੋਕ, ਗੋਰਿਆਂ ਦੀਆਂ ਲੂੰਬੜ ਚਾਲਾਂ ਦੇ ਸ਼ਿਕਾਰ ਹੋ ਚੁੱਕੇ ਸਨ।
ਜਿਸ ਦੇਸ਼ ਨੇ ਆਜ਼ਾਦੀ ਵਾਸਤੇ ਅੰਗਰੇਜ਼ਾਂ ਨਾਲ ਦੋ ਸੋ ਸਾਲ ਜੰਗਾਂ ਲੜੀਆਂ ਸਨ, ਉਹੀ ਦੇਸ਼ ਆਜ਼ਾਦ ਹੋਣ ਦੇ ਨਾਲ ਨਾਲ ਆਪ ਦੋ ਹਿੱਸਿਆਂ ਵਿੱਚ ਵੀ ਵੰਡਿਆ ਗਿਆ।
ਵੰਡਾਂ ਹਕੀਕਤ ਵਿੱਚ ਪੈ ਗਈਆਂ। ਧਰਤੀ ਉਪਰ ਵੀ ਤੇ ਦਿਲਾਂ ਵਿੱਚ ਵੀ।
ਧਰਤੀ ਦੀ ਹਿੱਕ ’ਤੇ ਲਕੀਰਾਂ ਪੱਕੇ ਤੌਰ ’ਤੇ ਵਾਹ ਦਿੱਤੀਆਂ ਗਈਆਂ। ਵੰਡ ਦੀ ਲਕੀਰ ਦਾ ਸਭ ਤੋਂ ਜ਼ਿਆਦਾ ਹਿੱਸਾ ਮੰਦਭਾਗੇ ਪੰਜਾਬ ਦੇ ਹਿੱਸੇ ਹੀ ਆਇਆ। ਵੰਡ ਦੀ ਛੁਰੀ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਇੰਨਾ ਜ਼ਿਆਦਾ ਲਹੂ ਲੁਹਾਣ ਕਰ ਗਈ ਕਿ ਇਸ ਦੇ ਜ਼ਖ਼ਮਾਂ ਨੂੰ ਭਰਨ ਲਈ ਕਈ ਸਦੀਆਂ ਵੀ ਸ਼ਾਇਦ ਘੱਟ ਹੋਣਗੀਆਂ।
ਉਂਜ ਵੀ ਕੁਝ ਜ਼ਖ਼ਮ ਲਾਇਲਾਜ ਹੁੰਦੇ ਹਨ ਜਾਂ ਫਿਰ ਸਮਾਂ ਪੈਣ ਨਾਲ ਨਾਸੂਰ ਬਣ ਜਾਂਦੇ ਹਨ। ਕੁਝ ਹੀ ਦਿਨਾਂ ਵਿੱਚ ਸਾਰਾ ਕੁਝ ਵਾਪਰ ਗਿਆ। ਦੋ ਦੇਸ਼ ਹੋ ਗਏ। ਦੋ ਝੰਡੇ ਹੋ ਗਏ। ਦੋ ਕੌਮਾਂ ਹੋ ਗਈਆਂ। ਸਭ ਕੁਝ ਆਪੋ ਆਪਣਾ। ਵੱਖ-ਵੱਖ।
ਉਧਰ ਸਾਡਾ ਪਰਿਵਾਰ ਆਪਣੇ ਪਿੰਡ ਦੀਆਂ ਹੱਦਾਂ ਵਿੱਚ ਹੀ ਬੱਝਿਆ ਰਹਿਣਾ ਚਾਹੁੰਦਾ ਸੀ।
ਉਨ੍ਹਾਂ ਨੂੰ ਕਬੂਲ ਹੀ ਨਹੀਂ ਸੀ ਕਿ ਕਦੇ ਦੇਸ਼ ਵੀ ਵੰਡੇ ਜਾ ਸਕਦੇ ਸਨ ਪਰ ਉਨ੍ਹਾਂ ਦੀ ਇਸ ਸੋਚ ਨਾਲ ਹਕੀਕਤ ਨੇ ਬਦਲ ਥੋੜ੍ਹਾ ਜਾਣਾ ਸੀ। ਦੇਸ਼ ਦੀ ਵੰਡ ਨੂੰ ਪਿੱਛੇ ਥੋੜ੍ਹਾ ਮੋੜਿਆ ਜਾ ਸਕਦਾ ਸੀ। ਦੇਸ਼ ਤਾਂ ਵੰਡਿਆ ਜਾ ਚੁੱਕਾ ਸੀ।
“ਕਿਵੇਂ ਛੱਡ ਦੇਈਏ ਆਪਣਾ ਪਿੰਡ...? ਗਾਂਧੀ ਨੇ ਕਹਿ ਦਿੱਤਾ... ਜਿਨਾਹ ਨੇ ਸੁਣਾ ਦਿੱਤਾ... ਤੁਹਾਡਾ ਦੇਸ਼ ਵੱਖਰਾ... ਸਾਡਾ ਵੱਖਰਾ... ਤੁਹਾਡੀ ਧਰਤ ਵੱਖਰੀ... ਸਾਡੀ ਵੱਖਰੀ... ਤੁਹਾਡਾ ਧਰਮ ਵੱਖਰਾ... ਸਾਡਾ ਵੱਖਰਾ... ਤੁਹਾਡਾ ਰੱਬ ਹੋਰ ਤੇ ਸਾਡਾ ਅੱਲ੍ਹਾ ਹੋਰ... ਪਰ ਮੈਂ ਨਹੀਂ ਛੱਡਦਾ ਆਪਣੇ ਪੁਰਖਿਆਂ ਦੀ ਧਰਤੀ... ਆਪਣਾ ਦੇਸ... ਕਿਉਂ ਛੱਡਾਂ ਮੈਂ ਆਪਣਾ ਘਰ, ਪਿੰਡ, ਸਦੀਆਂ ਪੁਰਾਣੀਆਂ ਯਾਦਾਂ, ਸਾਂਝ ਤੇ ਆਪਣਾ ਭਾਈਚਾਰਾ... ਕਿਵੇਂ ਕਹਿ ਦਿਆਂ ਆਪਣੇ ਲੰਗੋਟੀਏ ਯਾਰ ਫਜ਼ਲੂ ਨੂੰ ਕਿ ਯਾਰ ਹੁਣ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਇੱਥੇ ਕਿਉਂਕਿ ਮੈਂ ਮੁਸਲਮਾਨ ਨਹੀਂ ਹਾਂ... ਮੈਨੂੰ ਦੂਜੇ ਪਾਸੇ ਜਾਣਾ ਪਵੇਗਾ... ਹਿੰਦੂਆਂ ਵਾਲੇ ਪਾਸੇ... ਕਿਉਂਕਿ ਮੈਂ ਹਿੰਦੂ ਹਾਂ... ਇਨ੍ਹਾਂ ਸਿਆਸੀ ਲੀਡਰਾਂ ਦੇ ਕਹਿਣ ਉੱਪਰ ਮੈਂ ਕਿਉਂ ਘਾਟਾ ਖਾਵਾਂ... ਮੈਂ ਨਈਂ ਮੰਨਦਾ ਇਨ੍ਹਾਂ ਦੀਆਂ ਤਕਰੀਰਾਂ ਨੂੰ... ਮੈਂ ਨਈਂ ਜਾਣਾ ਕਿਤੇ ਵੀ... ਆਪਣਾ ਘਰ-ਬਾਰ ਹੁੰਦੇ ਹੋਏ ਵੀ ਮੈਂ ਕਿਉਂ ਬਣਾਂ ਆਪਣੀ ਹੀ ਧਰਤੀ ਉਪਰ ਰਫਿਊਜੀ...?”
ਚਾਚਾ ਜੀ ਪਿੰਡ ਨਾ ਛੱਡਣ ਲਈ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਤਰਕ ਦੇ ਕੇ ਸਮਝਾਉਂਦੇ ਸਨ।
ਸਾਡੇ ਕੁਝ ਪਰਿਵਾਰਾਂ ਨੂੰ ਛੱਡ ਕੇ ਬਹੁਤੇ ਲੋਕ ਪਾਕਿਸਤਾਨ ਤੋਂ ਕੂਚ ਕਰ ਰਹੇ ਸਨ। ਸਾਡਾ ਪਰਿਵਾਰ ਆਪਣੀ ਜ਼ਿੱਦ ਉਪਰ ਅੜਿਆ ਰਿਹਾ।
ਉਨ੍ਹਾਂ ਨੇ ਪਾਕਿਸਤਾਨ ਨਾ ਛੱਡਣ ਦਾ ਪੱਕਾ ਮਨ ਬਣਾ ਲਿਆ ਸੀ।
ਅਸੀਂ ਸਾਰਾ ਕੁਝ ਭੁੱਲ ਭੁਲਾ ਕੇ ਆਪਣੇ ਨਿੱਤ ਦੇ ਕਾਰ-ਵਿਹਾਰ ਵਿੱਚ ਰੁੱਝ ਗਏ। ਵੰਡ ਨੂੰ ਇੱਕ ਐਸਾ ਆਰਜ਼ੀ ਫਤਵਾ ਮੰਨ ਲਿਆ ਸੀ ਜਿਹੜਾ ਕਦੇ ਵੀ ਦੋਵਾਂ ਮੁਲਕਾਂ ਦੁਆਰਾ ਵਾਪਸ ਲੈ ਲਿਆ ਜਾਵੇਗਾ, ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਪੁਲਾਂ ਹੇਠੋਂ ਲੰਘਿਆ ਪਾਣੀ ਮੁੜ ਕੇ ਵਾਪਸ ਨਹੀਂ ਆਉਂਦਾ। ਜੇ ਆਉਂਦਾ ਵੀ ਹੈ ਤਾਂ ਭੇਖ ਬਦਲ ਕੇ ਹੀ ਆਉਂਦਾ ਹੈ।
ਸੰਪਰਕ: 94171-73700