ਡਰੇਨ ਦੀਆਂ ਪੁਲੀਆਂ ’ਚ ਬੂਟੀ ਫਸਣ ਕਾਰਨ ਪਾਣੀ ਓਵਰਫਲੋਅ
ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 9 ਜੁਲਾਈ
ਇਸਰਹੇੜੀ ਇਬ੍ਰਾਹਮਪੁਰ ਡਰੇਨ ਦੀ ਕਛਵੀ ਸਥਿਤ ਪੁਲੀਆਂ ਵਿੱਚ ਸਵੇਰ ਸਮੇਂ ਤੋਂ ਬੂਟੀ ਫਸਣ ਕਾਰਨ ਪਾਣੀ ਦਾ ਨਿਕਾਸ ਰੁਕਿਆ ਹੋਇਆ ਹੈ। ਪੁਲੀਆਂ ਵਿੱਚ ਫਸੀ ਪਾਨਬੂਟੀ ਨੂੰ ਕੱਢਣ ਲਈ ਵਿਭਾਗ ਨੇ ਮਨਰੇਗਾ ਤਹਿਤ ਕਾਮਿਆਂ ਨੂੰ ਲਗਾਇਆ ਹੋਇਆ ਹੈ। ਬੂਟੀ ਜ਼ਿਆਦਾ ਹੋਣ ਕਾਰਨ ਮਨਰੇਗਾ ਕਾਮੇ ਸਵੇਰ ਤੋਂ ਸ਼ਾਮੀ ਪੰਜ ਵਜੇ ਤੱਕ ਪੁਲੀ ਦੀ ਸਫ਼ਾਈ ਕਰਨ ਵਿੱਚ ਅਸਮਰਥ ਰਹੇ। ਮਨਰੇਗਾ ਕਾਮੇ ਡਰੇਨ ਦੀਆਂ ਪੁਲੀਆਂ ਵਿੱਚ ਫਸੀ ਪਾਨਬੂਟੀ ਪੰਜ ਵਜੇ ਤਕ ਕੱਢਦੇ ਰਹੇ। ਇਸ ਮਗਰੋਂ ਛੁੱਟੀ ਹੋਣ ਤੋਂ ਬਾਅਦ ਵੀ ਪੁਲੀਆਂ ਅੱਗੇ ਵੱਡੀ ਮਾਤਰਾ ਵਿੱਚ ਬੂਟੀ ਫਸ ਗਈ।
ਦੂਜੇ ਪਾਸੇ, ਡਰੇਨ ਵਿਭਾਗ ਦੇ ਅਧਿਕਾਰੀ ਇਸ ਸਬੰਧੀ ਧਿਆਨ ਨਹੀਂ ਦੇ ਰਹੇ। ਪੁਲੀਆਂ ਵਿੱਚ ਫਸੀ ਬੂਟੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਰਹੀਆਂ ਹਨ। ਡਰੇਨ ਦੀਆਂ ਪੁਲੀਆਂ ਅੱਗੇ ਫਸੀ ਬੂਟੀ ਕਾਰਨ ਸੜਕਾਂ ਉੱਤੇ ਵੀ ਦੋ ਤੋਂ ਢਾਈ ਫੁੱਟ ਪਾਣੀ ਚੱਲ ਰਿਹਾ ਹੈ। ਜੇ ਪੁਲੀਆਂ ਅੱਗਿਓਂ ਬੂਟੀ ਨੂੰ ਸਮੇਂ ਸਿਰ ਨਹੀਂ ਕੱਢਿਆ ਗਿਆ ਤਾਂ ਕਿਸਾਨਾਂ ਦੀਆਂ ਫ਼ਸਲਾਂ ਤੋਂ ਇਲਾਵਾ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ ਪੁਲੀਆਂ ਵਿੱਚ ਫਸੀ ਬੂਟੀ ਕੱਢਣ ਲਈ ਸਾਰਥਕ ਕਦਮ ਚੁੱਕਣ ਵਾਸਤੇ ਡਰੇਨੇਜ਼ ਵਿਭਾਗ ਦਾ ਕੋਈ ਵੀ ਅਧਿਕਾਰੀ ਸਥਾਨ ’ਤੇ ਨਹੀਂ ਬਹੁੜਿਆ।
ਹੁਣ ਦੂਜੇ ਮਜ਼ਦੂਰ ਇਸ ’ਤੇ ਕੰਮ ਸ਼ੁਰੂ ਕਰਨਗੇ: ਡੀਸੀ
ਡਿਪਟੀ ਕਮਿਸ਼ਨਰ ਸਾਕਸ਼ੀ ਸਹਾਨੀ ਨੇ ਕਿਹਾ ਕਿ ਇਸ ਡਰੇਨ ਦੀਆਂ ਰੁਕਾਵਟਾਂ ਦੂਰ ਕਰਨ ਲਈ ਸਵੇਰੇ ਤੋਂ ਮਜ਼ਦੂਰ ਕੰਮ ਕਰ ਰਹੇ ਹਨ। ਛੁੱਟੀ ਹੋਣ ਤੋਂ ਬਾਅਦ ਹੁਣ ਦੂਜੇ ਮਜ਼ਦੂਰ ਇਸ ’ਤੇ ਕੰਮ ਕਰਨਗੇ।