For the best experience, open
https://m.punjabitribuneonline.com
on your mobile browser.
Advertisement

ਪਹਾੜਾਂ ’ਚ ਮੀਂਹ ਕਾਰਨ ਘੱਗਰ ਤੇ ਟਾਂਗਰੀ ਨਦੀ ’ਚ ਪਾਣੀ ਵਧਿਆ

08:14 AM Aug 25, 2023 IST
ਪਹਾੜਾਂ ’ਚ ਮੀਂਹ ਕਾਰਨ ਘੱਗਰ ਤੇ ਟਾਂਗਰੀ ਨਦੀ ’ਚ ਪਾਣੀ ਵਧਿਆ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਗਸਤ
ਪਹਾੜਾਂ ’ਚ ਪੈ ਰਹੇ ਮੀਂਹ ਕਾਰਨ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਤੇ ਟਾਂਗਰੀ ਨਦੀ ’ਚ ਪਾਣੀ ਦਾ ਪੱਧਰ ਵਧਣ ਲੱਗਾ ਹੈ। ਭਾਵੇਂ 24 ਅਗਸਤ ਦੀ ਰਾਤ ਤੱਕ ਵੀ ਹਾਲਾਤ ਪੂਰੀ ਤਰ੍ਹਾਂ ਕਾਬੂ ’ਚ ਸਨ, ਪਰ ਇਸ ਕਦਰ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ’ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਇਸ ਖੇਤਰ ਦੇ ਲੋਕ ਦੋ ਵਾਰ ਹੜ੍ਹਾਂ ਦੀ ਮਾਰ ਝੱਲ ਚੁੱਕੇ ਹਨ। ਇੱਥੋਂ ਤੱਕ ਕਿ ਕਈ ਕਿਸਾਨਾਂ ਨੂੰ ਤਾਂ ਤੀਜੀ ਵਾਰ ਝੋਨਾ ਲਾਉਣਾ ਪਿਆ ਹੈ। ਇਸ ਤੋਂ ਇਲਾਵਾ ਇਸ ਖੇਤਰ ’ਚ ਕਈ ਮਨੁੱਖਾਂ ਸਮੇਤ ਅਨੇਕਾਂ ਹੀ ਪਸ਼ੂਆਂ ਦੀਆਂ ਜਾਨਾਂ ਵੀ ਹੜ੍ਹ ਦੀ ਭੇਟ ਚੜ੍ਹ ਚੁੱਕੀਆਂ ਹਨ। ਉਂਜ ਹੜ੍ਹਾਂ ਦੇ ਇਸ ਦੌਰ ਦੌਰਾਨ ਪਹਿਲੇ ਦਿਨ ਤੋਂ ਹੀ ਸੀਹਣੀ ਬਣ ਕੇ ਵਿਚਰ ਰਹੇ ਇੱਥੋਂ ਦੇ ਮਹਿਲਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਹੁਣ ਵੀ ਹੜ੍ਹਾਂ ਦੀ ਰੋਕਥਾਮ ਤੇ ਇਸ ਸਬੰਧੀ ਲੋੜੀਂਦੀ ਹੋਰ ਹਰ ਤਰ੍ਹਾਂ ਦੀ ਕਾਰਵਾਈ ਨੂੰ ਮੁਕੰਮਲ ਰੱਖਿਆ ਹੋਇਆ ਹੈ।
ਗੱਲ ਕਰਨ ’ਤੇ ਉਨ੍ਹਾਂ ਪਟਿਆਲਾ ਜ਼ਿਲ੍ਹੇ ’ਚ ਹੜ੍ਹਾਂ ਦਾ ਖਤਰਾ ਨਾ ਹੋਣ ਦੀ ਗੱਲ ਕੀਤੀ ਹੈ। ਨਾਲ਼ ਹੀ ਉਨ੍ਹਾਂ ਇਹ ਵੀ ਆਖਿਆ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾ ਚੌਕਸ ਹੈ। ਇਸੇ ਦੌਰਾਨ ਇਕਤਰ ਕੀਤੇ ਗਏ ਵੇਰਵਿਆਂ ਅਨਸਾਰ ਪਟਿਆਲਾ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਹੜ੍ਹਾਂ ਦਾ ਕਾਰਨ ਬਣਦੇ ਘੱਗਰ ਦੇ ਸਰਾਲਾ ਹੈੱਡ ’ਤੇ 24 ਅਗਸਤ ਨੂੰ ਸਵੇਰੇ ਦਸ ਵਜੇ ਪੌਣੇ ਚੌਦਾਂ ਫੁੱਟ ਤੱਕ ਪਾਣੀ ਸੀ, ਜੋ ਸ਼ਾਮ ਤੱਕ ਵਧ ਚੁੱਕਾ ਸੀ। ਇੱਥੇ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ। ਉਂਜ ਪਿਛਲੇ ਦਿਨੀਂ ਆਏ ਹੜ੍ਹਾਂ ਦੌਰਾਨ ਇੱਥੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੀ ਚਾਰ ਫੁੱਟ ਉੱਪਰ, ਭਾਵ ਵੀਹ ਫੁੱਟ ਤੱਕ ਵਹਿੰਦਾ ਰਿਹਾ ਹੈ ਪਰ ਇਸ ਦੌਰਾਨ ਕੁਝ ਥਾਵਾਂ ਤੋਂ ਘੱਗਰ ਉੱਛਲ ਅਤੇ ਟੁੱਟ ਗਿਆ ਸੀ ਜਿਸ ਕਰਕੇ ਹੁਣ ਵੀ ਲੋਕਾਂ ਦੀਆਂ ਨਿਗਾਹਾਂ ਇਸੇ ਹੈੱਡ ’ਤੇ ਟਿਕੀਆਂ ਹੋਈਆਂ ਹਨ। ਹੜ੍ਹ ਰੋਕੂ ਸੰਘਰਸ਼ ਕਮੇਟੀ ਦੇ ਆਗੂ ਪ੍ਰੇਮ ਸਿੰਘ ਭੰਗੂ, ਜਸਮੇਰ ਸਿੰਘ ਲਾਛੜੂ, ਪਵਨ ਸੋਗਲਪੁਰ ਅਤੇ ਕਈ ਹੋਰਨਾ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਨਾ ਕੀਤੇ ਜਾਣ ਕਰਕੇ ਹੀ ਇਸ ਖੇਤਰ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ । ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਦੀ ਅਗਵਾਈ ਹੇਠ ਕਮੇਟੀ ਦੇ ਵਫਦ ਨੇ ਪਟਿਆਲਾ ਆ ਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਕੁਝ ਸੁਝਾਅ ਅਤੇ ਮੰਗਾਂ ਵੀ ਪੇਸ਼ ਕੀਤੀਆਂ ਹਨ। ਇਸੇ ਤਰ੍ਹਾਂ ਪਟਿਆਲਾ ਪਿਹੋਵਾ ਰੋਡ ’ਤੇ ਦੇਵੀਗੜ੍ਹ ਕੋਲ਼ ਸਥਿਤ ਟਾਂਗਰੀ ਨਦੀ ਦੇ ਪੁਲ ’ਤੇ ਜਿਥੇ ਸਵੇਰੇ ਦਸ ਵਜੇ ਪਾਣੀ ਦਾ ਪੱਧਰ ਸਾਢੇ ਛੇ ਫੁੱਟ ਤੱਕ ਸੀ, ਜੋ ਸ਼ਾਮ ਤੱਕ ਵਧ ਕੇ ਨੌ ਫੁੱਟ ਹੋ ਗਿਆ ਸੀ। ਇਸ ਟਾਂਗਰੀ ’ਚ ਪਾਣੀ ਵਧਣ ਨਾਲ ਵੀ ਕਿਉਂਕਿ ਕਾਫੀ ਨੁਕਸਾਨ ਹੁੰਦਾ ਆਇਆ ਹੈ, ਜਿਸ ਕਰਕੇ ਇਥੇ ਪਾਣੀ ਦੇ ਪੱਧਰ ਦਾ ਵਧਣਾ ਵੀ ਲੋਕਾਂ ਲਈ ਚਿੰਤਾਵਾਂ ਦਾ ਕਾਰਨ ਬਣਿਆ ਹੋਇਆ ਹੈ। ਮਾਰਕੰਡਾ, ਜਿਸ ’ਚ ਖਤਰੇ ਦਾ ਨਿਸ਼ਾਨ ਵੀਹ ਫੁੱਟ ’ਤੇ ਹੈ, ਵਿਚ ਵੀ ਸਵੇਰੇ ਦਸ ਵਜੇ ਦੇ ਮੁਕਾਬਲੇ ਪਾਣੀ ਦਾ ਪੱਧਰ ਇੱਥ ਫੁੱਟ ਵਧ ਗਿਆ ਹੈ। ਕਿਉਂਕਿ ਸਵੇਰੇ ਇਥੇ 14 ਫੁੱਟ ਅਤੇ ਸ਼ਾਮ ਨੂੰ 15 ਫੁੱਟ ਪਾਣੀ ਵਹਿ ਰਿਹਾ ਸੀ।
ਇਸੇ ਦੌਰਾਨ ਘਨੌਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਨੌਰ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੁਮਾਜਰਾ ਤੇ ਭੁਪਿੰਦਰ ਸ਼ੇਖਪੁਰਾ ਸਮੇਤ ਕਈ ਹੋਰਨਾ ਨੇ ਹੜ੍ਹਾਂ ਨਾਲ਼ ਹੋਏ ਨੁਸਕਾਨ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਤਰਕ ਹੈ ਕਿ ਸਰਕਾਰ ਢੁਕਵੇਂ ਪ੍ਰਬੰਧ ਕਰਨ ’ਚ ਅਸਫਲ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਹੜ੍ਹਾਂ ਤੋਂ ਬਾਅਦ ਵੀ ਸਕਰਾਰ ਨੂੰ ਕੋਈ ਸਬਕ ਨਹੀਂ ਲਿਆ।

Advertisement

Advertisement
Advertisement
Author Image

sukhwinder singh

View all posts

Advertisement