ਖੰਨਾ ਇਲਾਕੇ ਦੇ ਗਲੀ ਮੁਹੱਲਿਆਂ ’ਚ ਪਾਣੀ ਭਰਿਆ
ਨਿੱਜੀ ਪੱਤਰ ਪ੍ਰੇਰਕ
ਖੰਨਾ, 10 ਜੁਲਾਈ
ਲਗਾਤਾਰ ਪੈ ਰਹੇ ਤੇਜ਼ ਮੀਂਹ ਕਾਰਨ ਇਲਾਕੇ ਵਿਚ ਪਾਣੀ ਭਰਨ ਦੀਆਂ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੀ ਟੀਮ ਸਮੇਤ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਟੀਮ ਵੀ ਹਾਜ਼ਰ ਸੀ। ਇਸ ਦੌਰਾਨ ਵਿਧਾਇਕ ਸੌਂਦ ਨੇ ਵਾਰਡ ਨੰਬਰ-1 ਰਹੌਣ, ਵਾਰਡ ਨੰਬਰ-2 ਅਤੇ 3 ਅਜ਼ਾਦ ਨਗਰ ਦੇ ਨਾਲ ਨਾਲ ਆਲੇ ਦੁਆਲੇ ਦੀਆਂ ਕਲੋਨੀਆਂ ਦੀ ਸਥਿਤੀ ਦੇਖੀ। ਉਨ੍ਹਾਂ ਰੇਲਵੇ ਲਾਈਨ ਪਾਰ ਇਲਾਕੇ ਦੇ ਵਾਰਡ ਨੰਬਰ-29 ਵਿਖੇ ਖੁਦ ਅਧਿਕਾਰੀਆਂ ਤੇ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਪਾਣੀ ਵਿਚ ਪਹੁੰਚ ਕੇ ਮੌਕਾ ਦੇਖਿਆ ਅਤੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਨਿਕਾਸੀ ਸਬੰਧੀ ਆਦੇਸ਼ ਦਿੱਤੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਪ੍ਰਸ਼ਾਸਨ ਲੋਕਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਨਿਾਂ ਵਿਚ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਲਦ ਸ਼ੁਰੂ ਕਰਵਾਏ ਜਾਣਗੇ ਜਿਸ ਸਬੰਧੀ ਅੱਜ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਧਾਇਕ ਸੌਂਦ ਜਰਨੈਲੀ ਸੜਕ ਤੇ ਬਣੀ ਗੈਬ ਦੀ ਪੁਲੀ ’ਤੇ ਪੁੱਜੇ, ਜਿੱਥੇ ਉਨ੍ਹਾਂ ਪੁਲੀ ਪਿਛੇ ਸਥਿਤ ਪ੍ਰਾਈਵੇਟ ਕਲੋਨੀ ਵਾਸੀਆਂ ਤੋਂ ਪੁਲੀ ਦੇ ਨੇੜੇ ਬਣਾਏ ਮਿੱਟੀ ਦੇ ਬੰਨ੍ਹ ਨੂੰ ਜੇਸੀਬੀ ਦੀ ਮਦਦ ਨਾਲ ਹਟਵਾਇਆ। ਉਨ੍ਹਾਂ ਪੁਲੀ ਦੇ ਨਾਲ ਨਾਲ ਸਮਰਾਲਾ ਰੋਡ ਤੇ ਪਾਣੀ ਦੀਆਂ ਡਰੇਨਾਂ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਸੀਵਰੇਜ ਬੋਰਡ ਦੇ ਐਸਡੀਓ ਅੰਮ੍ਰਿਤਪਾਲ ਕੌਰ, ਜੇਈ ਸੀਵਰੇਜ ਬੋਰਡ ਅਮਰਜੀਤ ਸਿੰਘ ਅਤੇ ਜੇਈ ਨਗਰ ਕੌਂਸਲ ਅਮਰਜੀਤ ਸਿੰਘ ਨੇ ਵੀ ਡਰੇਨ ਪੁਲੀਆਂ ਦਾ ਨਿਰੀਖਣ ਕੀਤਾ। ਇਸ ਮੌਕੇ ਦਿਲਬਾਗ ਸਿੰਘ, ਜਗਤਾਰ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਅਨਿਲ ਕੁਮਾਰ, ਅਸ਼ਵਨੀ ਤੇਜਪਾਲ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।