ਝੰਡੂਕੇ ਵਿੱਚ ਨਿਕਾਸੀ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਭਰਿਆ
ਬਲਜੀਤ ਸਿੰਘ
ਸਰਦੂਲਗੜ੍ਹ, 6 ਜੂਨ
ਪਿੰਡ ਝੰਡੂਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਪਿੰਡ ਵਿੱਚ ਪਾਣੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਸੀਵਰੇਜ ਦਾ ਪਾਣੀ ਸੜਕ ‘ਤੇ ਇੱਕਠਾ ਹੋ ਕੇ ਜਿੱਥੇ ਸੜਕ ਨੂੰ ਤੋੜ ਰਿਹਾ ਹੈ ਉੱਥੇ ਹੀ ਇਸ ‘ਤੇ ਪੈਦੇ ਹੋਏ ਰਹੇ ਮੱਖੀ-ਮੱਛਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਪਿੰਡ ਮਾਖੇਵਾਲਾ ਸੜਕ ਤੋਂ ਜਦੋਂ ਪਿੰਡ ਝੰਡੂਕੇ ਆਉਂਦੇ ਹਾਂ ਤਾਂ ਪਿੰਡ ‘ਚ ਦਾਖਲ ਹੋਣ ਤੋਂ ਪਹਿਲਾਂ ਹੀ ਸੜਕ ‘ਤੇ ਖੜ੍ਹਾ ਗੰਦਾ ਪਾਣੀ ਲੋਕਾਂ ਦਾ ਸਵਾਗਤ ਕਰਦਾ ਹੈ। ਕਈ ਵਾਰ ਤਾਂ ਦੋ-ਪਹੀਆਂ ਵਾਹਨ ਇਸ ਪਾਣੀ ‘ਚ ਡਿੱਗੇ ਵੀ ਹਨ। ਉਧਰ ਗਰਮੀ ਦਾ ਮੌਸਮ ਹੋਣ ਕਰਕੇ ਪਿੰਡ ਦਾ ਛੱਪੜ ਤਾਂ ਬਿਲਕੁਲ ਸੁੱਕਾ ਪਿਆ ਹੈ ਪਰ ਘਰਾਂ ਦਾ ਪਾਣੀ ਸੜਕਾਂ ‘ਤੇ ਚਿੱਕੜ ਕਰਕੇ ਗੰਦਗੀ ਫੈਲਾ ਰਿਹਾ ਹੈ। ਇਸ ਪਾਸੇ ਲੰਬੇ ਸਮੇਂ ਤੋਂ ਕੋਈ ਵੀ ਧਿਆਨ ਨਹੀਂ ਦੇ ਰਿਹਾ। ਇਸ ਸਬੰਧੀ ਪੰਚਾਇਤ ਸਕੱਤਰ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇੱਥੇ ਨਵੀਂ ਤਾਇਨਾਤੀ ਹੋਈ ਹੈ ਤੇ ਕੱਲ੍ਹ ਮੌਕੇ ਦਾ ਦੌਰਾ ਕਰਨਗੇ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਘਰਾਂ ਦਾ ਗੰਦਾ ਨਿਕਾਸੀ ਪਾਣੀ ਕੱਢਣ ਲਈ ਨਾਲਾ ਬਣਾਇਆ ਹੋਇਆ ਹੈ ਪਰ ਤਿੰਨ-ਚਾਰ ਘਰਾਂ ਵੱਲੋਂ ਨਾਲਾ ਬੰਦ ਕਰ ਰੱਖਿਆ ਹੈ ਜਿਸ ਕਰਕੇ ਨਿਕਾਸੀ ਪਾਣੀ ਨਾਲੇ ‘ਚੋ ਓਵਰਫਲੋਅ ਹੋ ਕੇ ਸੜਕ ‘ਤੇ ਖੜ੍ਹ ਗਿਆ ਹੈ। ਸਰਪੰਚ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਰਖਾਸਤ ਦੇ ਕੇ ਮਸਲਾ ਹੱਲ ਕਰਾਉਣ ਦੀ ਮੰਗ ਕੀਤੀ ਹੋਈ ਹੈ। ਪਿੰਡ ਵਾਸੀਆਂ ਦੀ ਡਿਪਟੀ ਕਮਿਸ਼ਨਰ ਮਾਨਸਾ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ।