ਅੰਬਾਲਾ ’ਚ ਸਕੂਲ ਦੇ ਹੋਸਟਲ ਵਿੱਚ ਪਾਣੀ ਦਾਖ਼ਲ, 730 ਵਿਦਿਆਰਥਣਾਂ ਨੂੰ ਸੁਰੱਖਿਅਤ ਕੱਢਿਆ
ਅੰਬਾਲਾ, 11 ਜੁਲਾਈ
ਅੰਬਾਲਾ ਸ਼ਹਿਰ ਦੇ ਸਕੂਲ ਚਮਨ ਵਾਟਿਕਾ ਗੁਰੂਕੁਲ ਦੀਆਂ 730 ਵਿਦਿਆਰਥਣਾਂ ਨੂੰ ਉਸ ਸਮੇਂ ਕੁਰੂਕਸ਼ੇਤਰ ਭੇਜਣਾ ਪੈ ਗਿਆ ਜਦੋਂ ਸੋਮਵਾਰ ਰਾਤ ਨੂੰ ਘੱਗਰ ਦਰਿਆ ਦਾ ਪਾਣੀ ਉਨ੍ਹਾਂ ਦੇ ਹੋਸਟਲ ਕੰਪਲੈਕਸ ’ਚ ਦਾਖ਼ਲ ਹੋ ਗਿਆ। ਪ੍ਰਿੰਸੀਪਲ ਸੋਨਾਲੀ ਨੇ ਕਿਹਾ ਕਿ ਸਾਰੀਆਂ ਵਿਦਿਆਰਥਣਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਹੋਸਟਲ ’ਚ ਦੋ ਤੋਂ ਤਿੰਨ ਫੁੱਟ ਪਾਣੀ ਆ ਗਿਆ ਸੀ। ਵਿਦਿਆਰਥਣਾਂ ਨੂੰ ਕੱਢਣ ਲਈ ਫ਼ੌਜ ਅਤੇ ਪੁਲੀਸ ਦੀ ਸਹਾਇਤਾ ਲਈ ਗਈ। ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥਣਾਂ ਹਾਲਾਤ ਠੀਕ ਹੋਣ ਮਗਰੋਂ ਛੇਤੀ ਸਕੂਲ ਪਰਤ ਆਉਣਗੀਆਂ। ਯਮੁਨਾ ਦਰਿਆ ਦਾ ਪਾਣੀ ਲਗਾਤਾਰ ਚੜ੍ਹਨ ਕਾਰਨ ਹੇਠਲੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਸਵੇਰੇ 9 ਵਜੇ ਹਥਨਿੀ ਕੁੰਡ ਬੈਰਾਜ ਤੋਂ ਕਰੀਬ 3.21 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਯਮੁਨਾਨਗਰ, ਕਰਨਾਲ, ਪਾਣੀਪਤ ਅਤੇ ਸੋਨੀਪਤ ਜ਼ਿਲ੍ਹਿਆਂ ਦੇ ਕਈ ਪਿੰਡ ਅਲਰਟ ’ਤੇ ਹਨ। ਪਾਣੀ ਖੜ੍ਹਾ ਹੋਣ ਕਰਕੇ ਹਰਿਆਣਾ ’ਚ ਕਈ ਅਹਿਮ ਹਾਈਵੇਅ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ’ਚ ਅੰਬਾਲਾ-ਲੁਧਿਆਣਾ ਕੌਮੀ ਹਾਈਵੇਅ ਵੀ ਸ਼ਾਮਲ ਹੈ। ਇਨ੍ਹਾਂ ਮਾਰਗਾਂ ’ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਅੰਬਾਲਾ ਦੀ ਡਿਪਟੀ ਕਮਿਸ਼ਨਰ ਸ਼ਾਲੀਨ ਨੇ ਕਿਹਾ ਕਿ ਸੜਕ ’ਤੇ ਪਾਣੀ ਭਰਨ ਕਾਰਨ ਹਾਈਵੇਅ ਆਰਜ਼ੀ ਤੌਰ ’ਤੇ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਅੰਬਾਲਾ-ਚੰਡੀਗੜ੍ਹ ਅਤੇ ਅੰਬਾਲਾ-ਹਿਸਾਰ ਰਾਜਮਾਰਗ ਸੋਮਵਾਰ ਸ਼ਾਮ ਤੋਂ ਹੀ ਆਰਜ਼ੀ ਤੌਰ ’ਤੇ ਬੰਦ ਹਨ। ਅਧਿਕਾਰੀਆਂ ਨੇ ਕਿਹਾ ਕਿ ਖੇਤਾਂ ਰਾਹੀਂ ਪਾਣੀ ਮੁੱਖ ਸੜਕਾਂ ’ਤੇ ਆ ਰਿਹਾ ਹੈ। ਕਈ ਹੋਰ ਮਾਰਗਾਂ ’ਤੇ ਵੀ ਆਵਾਜਾਈ ਦਾ ਮਾੜਾ ਅਸਰ ਪਿਆ ਹੈ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਛਾਉਣੀ ’ਚ ਟਾਂਗਰੀ ਦਰਿਆ ਨੇੜੇ ਪ੍ਰਭਾਵਿਤ ਕੁਝ ਕਾਲੋਨੀਆਂ ਦਾ ਦੌਰਾ ਕੀਤਾ। ਉਨ੍ਹਾਂ ਸਥਾਨਕ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਉਹ ਹੜ੍ਹ ਮਾਰੇ ਲੋਕਾਂ ਲਈ ਹਰਸੰਭਵ ਸਹਾਇਤਾ ਪ੍ਰਦਾਨ ਕਰੇੇ। -ਪੀਟੀਆਈ