ਜਲ ਸੰਕਟ: ਆਤਿਸ਼ੀ ਵੱਲੋਂ ਪਾਈਪ ਲਾਈਨ ਨੈੱਟਵਰਕ ਦਾ ਮੁਆਇਨਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜੂਨ
ਜਲ ਸੰਕਟ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਆਤਿਸ਼ੀ ਨੇ ਦੱਖਣੀ ਦਿੱਲੀ ਦੇ ਵਸਨੀਕਾਂ ਨੂੰ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਵਾਲੇ ਪਾਈਪ ਲਾਈਨ ਨੈੱਟਵਰਕ ਦਾ ਮੁਆਇਨਾ ਕੀਤਾ। ਇਸ ਦੇ ਨਾਲ ਹੀ ਟੈਂਕਰ ਮਾਫੀਆ ’ਤੇ ਨਜ਼ਰ ਰੱਖਣ ਲਈ ਪੁਲੀਸ ਨੇ ਵੀਰਵਾਰ ਨੂੰ ਮੂਨਕ ਨਹਿਰ ਵਾਲੇ ਖੇਤਰ ’ਚ ਗਸ਼ਤ ਸ਼ੁਰੂ ਕਰ ਦਿੱਤੀ ਹੈ।
ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਪੁਲੀਸ ਟੀਮਾਂ ਨੇ ਹਰਿਆਣਾ ਦੀ ਹੱਦ ਦੇ ਨਾਲ ਨਹਿਰ ਦੇ 15 ਕਿਲੋਮੀਟਰ ਦੇ ਖੇਤਰ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ ਹੈ। ਮੂਨਕ ਨਹਿਰ ਕੌਮੀ ਰਾਜਧਾਨੀ ਨੂੰ ਪਾਣੀ ਸਪਲਾਈ ਕਰਦੀ ਹੈ। ਇਹ ਨਹਿਰ ਬਵਾਨਾ ਤੋਂ ਦਿੱਲੀ ਵਿੱਚ ਦਾਖਲ ਹੁੰਦੀ ਹੈ ਅਤੇ ਹੈਦਰਪੁਰ ਟਰੀਟਮੈਂਟ ਪਲਾਂਟ ਤੱਕ ਪਹੁੰਚਦੀ ਹੈ। ਬਵਾਨਾ, ਨਰੇਲਾ ਇੰਡਸਟਰੀਅਲ ਏਰੀਆ, ਸ਼ਾਹਬਾਦ ਡੇਅਰੀ ਅਤੇ ਸਮਾਈਪੁਰ ਦੀ ਪੁਲੀਸ ਨੇ ਮੂਨਕ ਨਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਗਸ਼ਤ ਕਰਨ ਲਈ ਟੀਮਾਂ ਨਿਯੁਕਤ ਕੀਤੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਟੈਂਕਰਾਂ ਵਿੱਚ ਨਹਿਰ ਦਾ ਪਾਣੀ ਭਰਨ ਤੋਂ ਰੋਕਣ।
ਬੁੱਧਵਾਰ ਨੂੰ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਦਿੱਲੀ ਦੇ ਪੁਲੀਸ ਮੁਖੀ ਨੂੰ ਪਾਣੀ ਦੀ ਚੋਰੀ ਨੂੰ ਰੋਕਣ ਲਈ ਮੂਨਕ ਨਹਿਰ ਦੇ ਨਾਲ ਸਖ਼ਤ ਚੌਕਸੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਹਫ਼ਤੇ ਦੇ ਅੰਦਰ ਕਾਰਵਾਈ ਦੀ ਰਿਪੋਰਟ ਮੰਗੀ। ਇਸ ਦੌਰਾਨ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਜਲ ਬੋਰਡ ਅਤੇ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਦੱਖਣੀ ਦਿੱਲੀ ਮੇਨ ਪਾਈਪਲਾਈਨ ਨੈੱਟਵਰਕ ਦਾ ਮੁਆਇਨਾ ਕੀਤਾ ਜੋ ਸੋਨੀਆ ਵਿਹਾਰ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਦੱਖਣੀ ਦਿੱਲੀ ਦੇ ਲੱਖਾਂ ਲੋਕਾਂ ਨੂੰ ਪਾਣੀ ਸਪਲਾਈ ਕਰਦਾ ਹੈ।