For the best experience, open
https://m.punjabitribuneonline.com
on your mobile browser.
Advertisement

ਜਲ ਸੰਕਟ: ਭਾਜਪਾ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

10:22 AM Jun 17, 2024 IST
ਜਲ ਸੰਕਟ  ਭਾਜਪਾ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਲਕਸ਼ਮੀ ਨਗਰਵਿੱਚ ‘ਆਪ’ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਵਰਿੰਦਰ ਸਚਦੇਵਾ। -ਫੋਟੋ: ਮਾਨਸ ਰੰਜਨ ਭੂਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਅੱਜ ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਨਿਗਮ ਕੌਂਸਲਰਾਂ ਅਤੇ ਦਿੱਲੀ ਦੇ ਸੂਬਾ, ਜ਼ਿਲ੍ਹਾ ਅਤੇ ਮੰਡਲ ਅਧਿਕਾਰੀਆਂ ਨੇ ‘ਆਪ’ ਸਰਕਾਰ ਦੀ ਲਾਪ੍ਰਵਾਹੀ ਕਾਰਨ ਦਿੱਲੀ ਵਿੱਚ ਪਾਣੀ ਦੀ ਲਗਾਤਾਰ ਹੋ ਰਹੀ ਕਿੱਲਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਨੇ ਅੱਜ ਆਮ ਆਦਮੀ ਪਾਰਟੀ ਖ਼ਿਲਾਫ਼ ਪਟੇਲ ਨਗਰ, ਸੰਗਮ ਵਿਹਾਰ, ਚਾਂਦਨੀ ਚੌਕ, ਬੁਰਾੜੀ, ਮਯੂਰ ਵਿਹਾਰ ਫੇਜ਼-2 ਸਮੇਤ 14 ਪ੍ਰਮੁੱਖ ਥਾਵਾਂ ’ਤੇ ਮਟਕੇ ਭੰਨ੍ਹ ਕੇ ਪ੍ਰਦਰਸ਼ਨ ਕੀਤੇ। ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਵੱਲੋਂ ਪਾਣੀ ਨੂੰ ਲੈ ਕੇ ਕੀਤੀ ਜਾ ਰਹੀ ਰਾਜਨੀਤੀ ਦਾ ਪਰਦਾਫਾਸ਼ ਕਰਦਿਆਂ ਜਲ ਮੰਤਰੀ ਆਤਿਸ਼ੀ ਤੋਂ ਪਾਣੀ ਦੀ ਮੰਗ ਕੀਤੀ। ਵੱਖ-ਵੱਖ ਥਾਵਾਂ ’ਤੇ ਕੀਤੇ ਮਟਕਾ ਭੰਨ੍ਹ ਮੁਜ਼ਾਹਰਿਆਂ ਨੂੰ ਸੰਸਦ ਮੈਂਬਰ ਮਨੋਜ ਤਿਵਾੜੀ, ਰਾਮਵੀਰ ਸਿੰਘ ਬਿਧੂੜੀ, ਯੋਗਿੰਦਰ ਚੰਦੋਲੀਆ ਅਤੇ ਬੰਸੁਰੀ ਸਵਰਾਜ ਆਦਿ ਨੇ ਸੰਬੋਧਨ ਕੀਤਾ| ਲਕਸ਼ਮੀ ਨਗਰ ਚੌਕ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਦਿੱਲੀ ਵਿੱਚ ਪਾਣੀ ਦੀ ਕਮੀ ਕਿਸੇ ਕੁਦਰਤੀ ਕਾਰਨ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਮਾੜੇ ਪ੍ਰਬੰਧਾਂ ਅਤੇ ਲਾਪ੍ਰਵਾਹੀ ਦਾ ਨਤੀਜਾ ਹੈ। ਜਦੋਂ ਅਰਵਿੰਦ ਕੇਜਰੀਵਾਲ ਖੁਦ ਜਲ ਬੋਰਡ ਦੇ ਚੇਅਰਮੈਨ ਸਨ ਤਾਂ ਜਲ ਬੋਰਡ ਨੂੰ ਲੁੱਟਣ ਅਤੇ ਪਾਣੀ ਦੀ ਚੋਰੀ ਦੀ ਖੇਡ ਸ਼ੁਰੂ ਹੋ ਗਈ ਸੀ, ਜੋ ਅੱਜ ਵੀ ਜਾਰੀ ਹੈ ਕਿਉਂਕਿ ਜਲ ਬੋਰਡ ਕੋਲ ਉਨ੍ਹਾਂ ਦੇ ਕਾਰਜਕਾਲ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਜਲਬੋਰਡ ਨੂੰ 600 ਕਰੋੜ ਰੁਪਏ ਦੇ ਮੁਨਾਫੇ ਤੋਂ 73000 ਕਰੋੜ ਦੇ ਘਾਟੇ ਵਿੱਚ ਲਿਆਉਣ ਲਈ ਸਿਰਫ਼ ਅਰਵਿੰਦ ਕੇਜਰੀਵਾਲ ਹੀ ਜ਼ਿੰਮੇਵਾਰ ਹਨ। ਉੱਤਰ ਪੂਰਬੀ ਦਿੱਲੀ ਦੇ ਦੁਰਗਾਪੁਰੀ ਚੌਕ ਵਿੱਚ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੀ ਸਰਕਾਰ ਚਲਾ ਰਹੇ ਹਨ ਜਿੱਥੇ ਸਿਰਫ ਭ੍ਰਿਸ਼ਟਾਚਾਰ ਦਾ ਜਨਮ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਅੰਦਰ ਸਨ ਤਾਂ ਉਹ ਦਿੱਲੀ ਵਾਸੀਆਂ ਲਈ ਪਾਣੀ ਅਤੇ ਬਿਜਲੀ ਦੀ ਗੱਲ ਕਰਦੇ ਸਨ, ਪਰ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਨਾ ਤਾਂ ਪਾਣੀ ਅਤੇ ਨਾ ਹੀ ਬਿਜਲੀ ਦਾ ਪ੍ਰਬੰਧ ਕੀਤਾ ਅਤੇ ਅੱਜ ਦਿੱਲੀ ਨੂੰ ਉਸ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ। ਜਨਤਾ ਦੁਖੀ ਹੈ। ਇਸ ਮੌਕੇ ਵਿਧਾਇਕ ਜਤਿੰਦਰ ਮਹਾਜਨ ਅਤੇ ਜ਼ਿਲਾ ਪ੍ਰਧਾਨ ਮਨੋਜ ਤਿਆਗੀ ਸਮੇਤ ਹੋਰ ਵਰਕਰ ਅਤੇ ਅਧਿਕਾਰੀ ਮੌਜੂਦ ਸਨ।

Advertisement

ਛਤਰਪੁਰ ਵਿੱਚ ਦਿੱਲੀ ਜਲ ਬੋਰਡ ਦੇ ਦਫ਼ਤਰ ਵਿੱਚ ਭੰਨ-ਤੋੜ

ਦਿੱਲੀ ਵਿੱਚ ਪਾਣੀ ਦੇ ਗੰਭੀਰ ਸੰਕਟ ਵਿਚਾਲੇ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਅੱਜ ਛੱਤਰਪੁਰ ਵਿਚਲੇ ਦਿੱਲੀ ਜਲ ਬੋਰਡ (ਡੀਜੇਬੀ) ਦੇ ਦਫ਼ਤਰ ਵਿੱਚ ਭੰਨ-ਤੋੜ ਕੀਤੀ। ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਇਸ ਨੂੰ ‘ਆਪ’ ਸਰਕਾਰ ਖਿਲਾਫ ‘ਸਾਜ਼ਿਸ਼’ ਕਰਾਰ ਦਿੱਤਾ ਹੈ। ਭਾਰਦਵਾਜ ਨੇ ਇੱਕ ਵੀਡੀਓ ਸਾਂਝੀ ਕੀਤਾ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕੁਝ ਲੋਕ ਇੱਕ ਦਫਤਰ ’ਤੇ ਪੱਥਰ ਅਤੇ ਬਰਤਨ ਸੁੱਟ ਕੇ ਉਸ ਦੀਆਂ ਖਿੜਕੀਆਂ ਤੋੜ ਰਹੇ ਹਨ। ਸੌਰਭ ਭਾਰਦਵਾਜ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਦੇਖੋ ਭਾਜਪਾ ਆਗੂ ਅਤੇ ਇਸ ਦੇ ਵਰਕਰ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਦਿੱਲੀ ਜਲ ਬੋਰਡ ਦੇ ਦਫ਼ਤਰ ਵਿੱਚ ਸਰਕਾਰੀ ਜਾਇਦਾਦ ਦੀ ਭੰਨਤੋੜ ਕਰ ਰਹੇ ਹਨ। ਵੱਖ-ਵੱਖ ਥਾਵਾਂ ’ਤੇ ਪਾਈਪ ਲਾਈਨਾਂ ਕੌਣ ਤੋੜ ਰਿਹਾ ਹੈ? ਇਹ ਕਿਸ ਦੀ ਸਾਜ਼ਿਸ਼ ਹੈ?’­’

Advertisement
Author Image

Advertisement
Advertisement
×