ਥੜ੍ਹਾ ਉਪਰਲਾ ਕਲੋਨੀ ਵਿੱਚ ਤਿੰਨ ਦਿਨ ਤੋਂ ਪਾਣੀ ਤੇ ਬਿਜਲੀ ਸਪਲਾਈ ਬੰਦ
ਐਨਪੀ ਧਵਨ
ਪਠਾਨਕੋਟ, 7 ਜੁਲਾਈ
ਧਾਰ ਬਲਾਕ ਦੇ ਅਧੀਨ ਪੈਂਦੀ ਥੜ੍ਹਾ ਉਪਰਲਾ ਕਲੋਨੀ ਵਿੱਚ ਤਿੰਨ ਦਿਨਾਂ ਤੋਂ ਲੋਕਾਂ ਨੂੰ ਨਾ ਤਾਂ ਪਾਣੀ ਅਤੇ ਨਾ ਹੀ ਬਿਜਲੀ ਦੀ ਸਹੂਲਤ ਮਿਲ ਸਕੀ ਹੈ। ਜਿਸ ਤੋਂ ਰੋਹ ਵਿੱਚ ਆ ਕੇ ਕਲੋਨੀ ਦੇ ਪ੍ਰਧਾਨ ਰਾਕੇਸ਼ ਦੀ ਅਗਵਾਈ ਵਿੱਚ ਲੋਕਾਂ ਨੇ ਚੱਕਾ ਜਾਮ ਕਰ ਕੇ ਸੰਬੰਧਤ ਵਿਭਾਗ ਦੇ ਖ਼ਿਲਾਫ਼ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਗੁੱਸਾ ਸੀ ਕਿ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਪਾਣੀ ਅਤੇ ਬਿਜਲੀ ਦੋਨੋਂ ਹੀ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਅਤੇ ਪਾਣੀ ਦੀ ਲੋੜ ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਪਰ ਪਤਾ ਨਹੀਂ ਕਿਉਂ ਵਿਭਾਗ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਇਆ ਜਾ ਰਿਹਾ ਹੈ। ਹਾਲਾਂਕਿ ਜਦੋਂ ਸੰਬੰਧਤ ਵਿਭਾਗ ਨੂੰ ਚੱਕਾ ਜਾਮ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਬਿਜਲੀ ਸਪਲਾਈ ਬਹਾਲ ਕਰ ਦਿਤੀ ਜਾਵੇਗੀ ਪਰ ਦੂਜੇ ਪਾਸੇ ਲੋਕ ਆਪਣੀ ਗੱਲ ’ਤੇ ਅੜੇ ਹੋਏ ਰਹੇ। ਕਰੀਬ ਇੱਕ ਘੰਟੇ ਦੇ ਬਾਅਦ ਜਾ ਕੇ ਵਿਭਾਗ ਨੇ ਬਿਜਲੀ ਸਪਲਾਈ ਸ਼ੁਰੂ ਕੀਤੀ। ਉਥੇ ਹੀ ਮੌਜੂਦ ਐੱਸਐੱਚਓ ਗੁਲਸ਼ਨ ਕੁਮਾਰ ਨੇ ਲਾਈਟ ਮਿਲਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਬੁਝਾ ਕੇ ਲੱਗੇ ਹੋਏ ਜਾਮ ਨੂੰ ਖੁਲ੍ਹਵਾਇਆ।