ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ-ਕਸ਼ਮੀਰ ਵਿੱਚ ਪੰਜਾਬੀ ਰੰਗਮੰਚ ਤੇ ਕਲਾ ਦਾ ਪਹਿਰੇਦਾਰ

06:13 AM Nov 18, 2023 IST

ਅੰਗਰੇਜ ਸਿੰਘ ਵਿਰਦੀ

Advertisement

ਬਿਕਰਮਜੀਤ ਜੰਮੂ-ਕਸ਼ਮੀਰ ਵਿੱਚ ਪੰਜਾਬੀ ਥੀਏਟਰ, ਟੈਲੀਵਿਜ਼ਨ ਅਤੇ ਇਸ ਖਿੱਤੇ ਵਿੱਚ ਬਣਨ ਵਾਲੀਆਂ ਪੰਜਾਬੀ ਫਿਲਮਾਂ ਦਾ ਜਾਣਿਆ ਪਛਾਣਿਆ ਚਿਹਰਾ ਹੈ। ਪਿਛਲੇ ਲੰਮੇ ਸਮੇਂ ਤੋਂ ਥੀਏਟਰ ਨਾਲ ਵਾਬਸਤਾ ਬਿਕਰਮਜੀਤ ਉਰਫ਼ ਬਿਕਰਮ ਸਿੰਘ ਨੂੰ ਇੱਕ ਅਦਾਕਾਰ ਹੋਣ ਦੇ ਨਾਲ ਨਾਲ ਫਿਲਮ, ਟੈਲੀਵਿਜ਼ਨ ਅਤੇ ਰੰਗਮੰਚ ਦੇ ਲੇਖਕ, ਨਾਟ ਨਿਰਦੇਸ਼ਕ ਅਤੇ ਜੰਮੂ ਕਸ਼ਮੀਰ ਵਿੱਚ ਬਣਨ ਵਾਲੀਆਂ ਪੰਜਾਬੀ ਫਿਲਮਾਂ ਦੇ ਪਟਕਥਾ ਲੇਖਕ, ਨਿਰਮਾਤਾ ਨਿਰਦੇਸ਼ਕ ਵਜੋਂ ਵੀ ਜਾਣਿਆ ਜਾਂਦਾ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਉਸ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਖੋਜ ਭਰਪੂਰ ਪੁਸਤਕ ‘ਜੰਮੂ ਕਸ਼ਮੀਰ ਦਾ ਪੰਜਾਬੀ ਨਾਟਕ ਤੇ ਰੰਗਮੰਚ ਦਾ ਇਤਿਹਾਸ (1947 ਤੋਂ 2021)’ ਜੰਮੂ ਕਸ਼ਮੀਰ ਖੇਤਰ ਦੇ ਰੰਗਮੰਚ ਦੇ ਇਤਿਹਾਸ ਨੂੰ ਕਿਤਾਬੀ ਰੂਪ ਵਿੱਚ ਸਾਂਭਣ ਦਾ ਇਤਿਹਾਸਕ ਕਾਰਜ ਹੈ ।
ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਮੇਰੀ ਜਿੰਦ ਜਾਨ’ ਵਿੱਚ ਉਹ ਬਤੌਰ ਮੁੱਖ ਅਦਾਕਾਰ ਵਜੋਂ ਦਿਖਾਈ ਦਿੱਤਾ। ਇਸ ਫਿਲਮ ਰਾਹੀਂ ਉਸ ਨੇ ਜੰਮੂ ਕਸ਼ਮੀਰ ਦੇ ਪੰਜਾਬੀ ਬੋਲਦੇ ਖੇਤਰ ਵਿੱਚ ਲੋਕਾਂ ਨੂੰ ਪੰਜਾਬੀ ਜ਼ੁਬਾਨ ਨਾਲ ਜੁੜਣ ਦਾ ਸੰਦੇਸ਼ ਦਿੱਤਾ ਹੈ ਜੋ ਹੁਣ ਇਸ ਨੂੰ ਅਣਗੌਲਿਆ ਕਰਨ ਲੱਗੇ ਹਨ। 1980ਵਿਆਂ ਦੇ ਦਹਾਕੇ ਤੋਂ ਕਲਾ ਦੇ ਖੇਤਰ ਨਾਲ ਜੁੜੇ ਬਿਕਰਮਜੀਤ ਨੇ ਅਦਾਕਾਰੀ ਦਾ ਸਫ਼ਰ ਰੰਗਮੰਚ ਤੋਂ ਸ਼ੁਰੂ ਕੀਤਾ। ਅਭਿਨਵ ਥੀਏਟਰ ਵਿੱਚ ਹੁੰਦੀਆਂ ਨਾਟ ਪੇਸ਼ਕਾਰੀਆਂ ਨੂੰ ਦੇਖਦੇ ਦੇਖਦੇ ਉਸ ਦੇ ਮਨ ਵਿੱਚ ਵੀ ਰੰਗਮੰਚ ਨਾਲ ਜੁੜਨ ਦੀ ਖਾਹਿਸ਼ ਪੈਦਾ ਹੋਈ। 1982 ਵਿੱਚ ਜੰਮੂ-ਕਸ਼ਮੀਰ ਅਕਾਦਮੀ ਦੇ ਡਰਾਮਾ ਇੰਸਟਰੱਕਟਰ ਕਵੀ ਰਤਨ ਦੀ ਹੱਲਾਸ਼ੇਰੀ ਨਾਲ ਉਹ ਵੀ ਰੰਗਮੰਚ ਵਰਕਸ਼ਾਪਾਂ ਵਿੱਚ ਹਿੱਸਾ ਲੈਣ ਲੱਗਾ। ਇਸ ਤੋਂ ਇੱਕ ਸਾਲ ਬਾਅਦ ਹੀ ਉਸ ਨੇ ਬਤੌਰ ਨਾਟ ਲੇਖਕ ਨਿਰਦੇਸ਼ਕ ਵਜੋਂ ਆਪਣਾ ਪਹਿਲਾ ਨਾਟਕ ‘ਕੁਦਰਤ ਦੇ ਸਭ ਬੰਦੇ’ 1983 ਵਿੱਚ ਪੰਜਾਬੀ ਰੰਗਮੰਚ ’ਤੇ ਖੇਡਿਆ ਜਿਸ ਨੂੰ ਮਗਰੋਂ ਜੰਮੂ ਕਸ਼ਮੀਰ ਦੇ ਨਾਟਕ ਮੇਲੇ ਵਿੱਚ ਵੀ ਸ਼ਾਮਲ ਕੀਤਾ ਗਿਆ।
ਪੰਜਾਬੀ ਰੰਗਮੰਚ ਵਿੱਚ ਬਤੌਰ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਦੇ ਤੌਰ ’ਤੇ ਅਨੇਕਾਂ ਪੇਸ਼ਕਾਰੀ ਦੇ ਚੁੱਕੇ ਬਿਕਰਮਜੀਤ ਨੇ ਅਨੇਕਾਂ ਲੜੀਵਾਰਾਂ ਵਿੱਚ ਅਦਾਕਾਰੀ ਕੀਤੀ। ਇਸ ਤੋਂ ਇਲਾਵਾ ਸ਼ਿਵ ਦੱਤ ਦੀ ਪਹਾੜੀ ਫਿਲਮ ‘ਲਕੀਰ’ ਅਤੇ ਬਲਜੀਤ ਰੈਨਾ ਦੀ ਹਿੰਦੀ ਫੀਚਰ ਫਿਲਮ ਵਿੱਚ ਵੀ ਅਦਾਕਾਰੀ ਅਤੇ ਸਹਿ ਨਿਰਦੇਸ਼ਕ ਦਾ ਕੰਮ ਕੀਤਾ। ਦੂਰਦਰਸ਼ਨ ਜੰਮੂ ਤੋਂ ਪ੍ਰਸਾਰਿਤ ਪੰਜਾਬੀ ਲੜੀਵਾਰਾਂ ‘ਮਜ਼ਲੂਮ’, ‘ਘਰ ਪਰਿਵਾਰ’ ਅਤੇ ‘ਡਾਕਟਰ’ ਦਾ ਨਿਰਮਾਣ ਵੀ ਉਸ ਨੇ ਹੀ ਕੀਤਾ ਸੀ ਜਿਸ ਵਿੱਚ ਅਦਾਕਾਰੀ ਦੇ ਨਾਲ ਨਾਲ ਲੇਖਕ ਅਤੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਵੀ ਉਸ ਨੇ ਹੀ ਨਿਭਾਈ ਸੀ। ਇਨ੍ਹਾਂ ਤੋਂ ਇਲਾਵਾ ਜੰਮੂ-ਕਸ਼ਮੀਰ ਦੀ ਪਹਿਲੀ ਪੰਜਾਬੀ ਫਿਲਮ ‘ਜ਼ਿੱਦੀ ਮਾਹੀ’ ਅਤੇ ਹਾਲੀਆ ਰਿਲੀਜ਼ ‘ਮੇਰੀ ਜਿੰਦ ਜਾਨ’ ਦਾ ਲੇਖਨ, ਨਿਰਮਾਣ ਅਤੇ ਨਿਰਦੇਸ਼ਨ ਦਾ ਕਾਰਜ ਅਤੇ ਇਸ ਦੇ ਨਾਲ ਬਤੌਰ ਨਾਇਕ ਵੀ ਉਸ ਨੇ ਹੀ ਬਾਖੂਬੀ ਨਾਲ ਜ਼ਿੰਮੇਵਾਰੀ ਨਿਭਾਈ।
ਰੰਗਮੰਚ, ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਵਿਲੱਖਣ ਪੈੜਾਂ ਪਾਉਣ ਤੋਂ ਬਾਅਦ ਉਸ ਨੇ ਪੰਜਾਬੀ ਸਾਹਿਤ ਵਿੱਚ ਵੀ ਅਹਿਮ ਯੋਗਦਾਨ ਪਾਇਆ। ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਮੈਗਜ਼ੀਨ ਦਾ ਉਹ 2001 ਤੋਂ 2003 ਤੱਕ ਸੰਪਾਦਕ ਅਤੇ ਪ੍ਰਕਾਸ਼ਕ ਰਿਹਾ। ਰੰਗਮੰਚ ਦੇ ਆਪਣੇ ਲੰਬੇ ਅਨੁਭਵ ਤੋਂ ਬਾਅਦ ਉਸ ਨੇ ਰਿਆਸਤ ਜੰਮੂ ਕਸ਼ਮੀਰ ਦੇ ਪੰਜਾਬੀ ਰੰਗਮੰਚ ਦੇ ਮੁੱਢਲੇ ਦੌਰ 1947 ਤੋਂ 2021 ਤੱਕ ਦੇ ਸਫ਼ਰ ਨੂੰ ਲਿਖਣ ਦਾ ਔਖਾ ਕਾਰਜ ਕੀਤਾ।

Advertisement
Advertisement